ਉਗਰਾਹਾਂ ਜਥੇਬੰਦੀ ਵੱਲੋਂ ਰਾਮਪੁਰਾ ਫੂਲ ਇਕੱਠ ਲਈ ਲਾਮਬੰਦੀ
ਦਿੜ੍ਹਬਾ ਮੰਡੀ, 10 ਅਪਰੈਲ
ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਬਲਾਕ ਦਿੜ੍ਹਬਾ ਦੀ ਮੀਟਿੰਗ ਬਲਾਕ ਪ੍ਰਧਾਨ ਭਰਭੂਰ ਸਿੰਘ ਮੌੜਾਂ ਅਤੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਦੀ ਅਗਵਾਈ ਹੇਠ ਗੁਰਦੁਆਰਾ ਬਾਬਾ ਬੈਰਸੀਆਣਾ ਵਿੱਚ ਹੋਈ, ਜਿਸ ਵਿੱਚ ਬਹੁ-ਸੰਮਤੀ ਪਿੰਡ ਇਕਾਈਆਂ ਦੇ ਕਿਸਾਨਾਂ ਨੇ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ।
ਇਸ ਮੌਕੇ ਬਲਾਕ ਆਗੂ ਹਰਜੀਤ ਸਿੰਘ ਮਹਿਲਾਂ ਅਤੇ ਅਮਨਦੀਪ ਸਿੰਘ ਮਹਿਲਾਂ ਨੇ ਪਿੰਡ ਇਕਾਈਆਂ ਦੇ ਕਿਸਾਨਾਂ ਨੂੰ ਦੱਸਿਆ ਕਿ 12 ਅਪਰੈਲ ਨੂੰ ਰਾਮਪੁਰਾ ਫੂਲ ਵਿਖੇ ਭਾਰੀ ਇਕੱਠ ਕੀਤਾ ਜਾਵੇਗਾ ਕਿਉਂਕਿ ਪਿਛਲੇ ਦਿਨੀਂ ਪਿੰਡ ਚਾਉਕੇ ਵਿੱਚ ਸਕੂਲ ਦਾ ਮਾਮਲਾ ਸਾਹਮਣੇ ਆਇਆ ਸੀ। ਇਥੇ ਦੱਸਣਾ ਬਣਦਾ ਹੈ ਕਿ ਜੋ ਸਕੂਲ ਚਾਉਕੇ ਵਿਖੇ ਸਰਕਾਰ ਅਤੇ ਪ੍ਰਾਈਵੇਟ ਕੰਪਨੀ ਦੁਆਰਾ ਸਕੂਲ ਪਿਛਲੇ ਸਮੇਂ ਤੋਂ ਚਲਦਾ ਆ ਰਿਹਾ ਹੈ ਸਰਕਾਰ ਦੀ ਤਰਫੋਂ 70 ਫ਼ੀਸਦੀ ਅਤੇ ਪ੍ਰਾਈਵੇਟ ਕੰਪਨੀ ਵੱਲੋਂ 30 ਫ਼ੀਸਦੀ ਹਿੱਸੇ ਅਨੁਸਾਰ ਚਲਾਇਆ ਜਾ ਰਿਹਾ ਹੈ। ਸਕੂਲੀ ਬੱਚਿਆਂ ਵਾਸਤੇ ਤਿੰਨ ਸਾਲ ਤੋਂ ਲਗਾਤਾਰ ਵਰਦੀਆਂ,ਕਾਪੀਆਂ,ਕਿਤਾਬਾਂ ਅਤੇ ਲੋੜੀਂਦੇ ਦੇ ਸਮਾਨ ‘ਕਥਿਤ’ ਗੜਬੜ ਹੋ ਰਹੀ ਸੀ ਅਤੇ ਕੰਪਨੀ ਵੱਲੋਂ ਅਧਿਆਪਕਾਂ ਦੀਆਂ ਤਨਖ਼ਾਹਾਂ ਗੜਬੜ ਕੀਤੀ ਜਾ ਰਹੀ ਸੀ ਤੇ ਅਧਿਆਪਕਾਂ ਦੇ ਏਟੀਐੱਮ ਵੀ ਕੰਪਨੀ ਦੇ ਬੰਦੇ ਵੱਲੋਂ ਆਪਣੇ ਕੋਲ ਰੱਖੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਹੱਕ ਮੰਗਦੇ ਅਧਿਆਪਕਾਂ ਤੇ ਜਿੱਥੇ ਅਧਿਆਪਕਾਂ ਨਾਲ ਮਾੜਾ ਵਰਤਾਅ ਕੀਤਾ ਜਾ ਰਿਹਾ ਸੀ, ਉੱਥੇ ਮਦਦ ਕਰਨ ਵਾਲੀ ਜਥੇਬੰਦੀ ’ਤੇ ਵੀ ਸਰਕਾਰ ਦੁਆਰਾ ਲਾਠੀਚਾਰਜ ਕੀਤਾ ਗਿਆ, ਜਿਸ ਦਾ ਵਿਰੋਧ ਕਰਨ ਲਈ 12 ਅਪਰੈਲ ਨੂੰ ਰਾਮਪੁਰਾ ਫੂਲ ਵਿੱਚ ਵੱਡਾ ਇਕੱਠ ਕੀਤਾ ਜਾਵੇਗਾ। ਉਨ੍ਹਾਂ ਇਨਸਾਫ਼ ਪਸੰਦ ਸਮੂਹ ਲੋਕਾਂ ਨੂੰ ਇਸ ਸੰਘਰਸ਼ ’ਚ ਵੱਧ ਤੋਂ ਵੱਧ ਕਿਸਾਨਾਂ ਦੀ ਸ਼ਮੂਲੀਅਤ ਕਰਵਾਉਣ ਦੀ ਅਪੀਲ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਕਰਦੇ ਲੋਕਾਂ ਦੀ ਅਵਾਜ਼ ਨੂੰ ਕਦੇ ਵੀ ਦਬਾਇਆ ਨਹੀਂ ਜਾ ਸਕਦਾ। ਇਸ ਮੌਕੇ ਬਲਾਕ ਆਗੂ ਹਰਬੰਸ ਸਿੰਘ ਦਿੜ੍ਹਬਾ, ਮਿਸ਼ਰਾ ਸਿੰਘ ਨਿਹਾਲਗੜ੍ਹ, ਜੋਗਿੰਦਰ ਸਿੰਘ ਖੇੜੀ, ਜਸਵੰਤ ਸਿੰਘ ਸਮੂੰਰਾਂ, ਪਰਮਜੀਤ ਸਿੰਘ ਛਾਹੜ, ਜਗਜੀਤ ਸਿੰਘ ਮਹਿਲਾਂ, ਮੇਜਰ ਸਿੰਘ ਕੌਹਰੀਆਂ ਅਤੇ ਰਾਜ ਸਿੰਘ ਦਿੜ੍ਹਬਾ ਹਾਜ਼ਰ ਸਨ।