ਹੜ੍ਹ ਦੇ ਪਾਣੀ ’ਚ ਛੋਟੀ ਕਿਸਾਨੀ ਦੇ ਸੁਫ਼ਨੇ ਵੀ ਰੁੜ੍ਹੇ
ਅਕਾਂਕਸ਼ਾ ਐੱਨ ਭਾਰਦਵਾਜ
ਜਲੰਧਰ, 24 ਜੁਲਾਈ
ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਵਿੱਚ ਵੱਡੀ ਗਿਣਤੀ ਕਿਸਾਨ ਉਹ ਹਨ, ਜੋ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਦੇ ਹਨ। ਅਜਿਹੇ ਹਾਲਾਤ ਵਿੱਚ ਹੜ੍ਹ ਦੇ ਪਾਣੀ ਵਿੱਚ ਸਿਰਫ਼ ਉਨ੍ਹਾਂ ਦੀ ਫ਼ਸਲ ਹੀ ਨਹੀਂ ਭਵਿੱਖ ਵਿੱਚ ਕਰਜ਼ੇ ਦੇ ਭਾਰ ਤੋਂ ਮੁਕਤ ਹੋਣ ਅਤੇ ਸੁਖਾਲਾ ਜੀਵਨ ਜਿਉਂ ਸਕਣ ਦੇ ਸੁਫ਼ਨੇ ਵੀ ਨਾਲ ਹੀ ਰੁੜ੍ਹ ਗਏ ਹਨ।
ਪਿੰਡ ਮੁੰਡੀ ਚੋਹਲੀਆਂ ਦੇ ਕਿਸਾਨ ਸੰਦੀਪ ਸਿਘ ਨੇ ਛੇ ਏਕੜ ਜ਼ਮੀਨ ਠੇਕੇ ’ਤੇ ਲੈ ਕੇ ਝੋਨੇ ਦੀ ਖੇਤੀ ਲਈ ਦੋ ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਇਸ ਸਾਰੀ ਜ਼ਮੀਨ ਵਿੱਚੋਂ ਇੱਕ ਏਕੜ ਵੀ ਉਸ ਦੀ ਆਪਣੀ ਨਹੀਂ ਸੀ। ਉਸ ਦਾ ਆਖਣਾ ਹੈ ਕਿ ਪਾਣੀ ਵਿੱਚ ਰੁੜ੍ਹੀ ਫ਼ਸਲ ਨਾਲ ਉਸ ਵੱਲੋਂ ਆਪਣੇ ਬੱਚਿਆਂ ਦੇ ਸੁਨਹਿਰੇ ਭਵਿੱਖ ਲਈ ਵੇਖੇ ਸੁਫ਼ਨੇ ਵੀ ਰੁੜ੍ਹ ਗਏ ਹਨ। ਕਸਬਾ ਲੋਹੀਆਂ ਵਿੱਚ ਠੇਕੇ ’ਤੇ ਜ਼ਮੀਨ ਲੈ ਕੇ ਖੇਤੀ ਕਰਨ ਵਾਲੀ ਵੱਡੀ ਗਣਤੀ ਛੋਟੀ ਕਿਸਾਨਾਂ ਕੋਲ ਆਪਣੀ ਜ਼ਮੀਨ ਦਾ ਇੱਕ ਟੋਟਾ ਵੀ ਨਹੀਂ ਹੈ। ਇਸ ਹੜ੍ਹ ਦੀ ਮਾਰ ਮਗਰੋਂ ਉਨ੍ਹਾਂ ਦੀ ਆਮਦਨੀ ਦਾ ਹਰ ਹੀਲਾ ਖ਼ਤਮ ਹੋ ਗਿਆ ਹੈ। ਦੂਜੇ ਪਾਸੇ ਫ਼ਸਲਾਂ, ਘਰਾਂ ਤੇ ਪਸ਼ੂ ਧਨ ਲਈ ਕਰਜ਼ੇ ਇਨ੍ਹਾਂ ਕਿਸਾਨਾਂ ਦੇ ਸਿਰਾਂ ’ਤੇ ਦੈਂਤ ਵਾਂਗ ਖੜ੍ਹੇ ਹਨ। ਪਿੰਡ ਮੁੰਡੀ ਚੋਹਲੀਆਂ ਤੇ ਗੱਟਾ ਮੁੰਡੀ ਕਾਸੂ ਦੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਲਗਪਗ 90 ਫ਼ੀਸਦ ਵਸਨੀਕਾਂ ਦੇ ਸਿਰਾਂ ’ਤੇ ਕਰਜ਼ਾ ਚੜ੍ਹਿਆ ਹੋਇਆ ਹੈ। ਉਹ ਇਹ ਕਰਜ਼ਾ ਕਿਵੇਂ ਲਾਹੁਣਗੇ? ਗੱਟਾ ਮੁੰਡੀ ਕਾਸੂ ਦੇ ਦਲੇਰ ਸਿੰਘ ਨੂੰ 2019 ਵਿੱਚ ਆਏ ਹੜ੍ਹਾਂ ਮਗਰੋਂ ਆਪਣੇ ਪੁੱਤਰ ਦਾ ਦਾਖਲਾ ਨਿੱਜੀ ਸਕੂਲ ਤੋਂ ਹਟਾ ਕੇ ਸਰਕਾਰੀ ਸਕੂਲ ’ਚ ਕਰਵਾਉਣਾ ਪਿਆ ਸੀ। ਇਸ ਵਾਰ ਮੁੜ ਉਸ ਦਾ ਸਭ ਕੁਝ ਰੁੜ੍ਹ ਗਿਆ ਹੈ।