ਡਾਕਟਰ ਦੇ ਮਾਪਿਆਂ ਨੇ ਪੁਲੀਸ ’ਤੇ ਮਾਮਲਾ ਦਬਾਉਣ ਦਾ ਦੋਸ਼ ਲਾਇਆ
ਕੋਲਕਾਤਾ, 5 ਸਤੰਬਰ
ਪਿਛਲੇ ਮਹੀਨੇ ਕੋਲਕਾਤਾ ਦੇ ਆਰਜੀ ਕਰ ਹਸਪਤਾਲ ’ਚ ਜਬਰ-ਜਨਾਹ ਅਤੇ ਕਤਲ ਦੇ ਮਾਮਲੇ ਵਿਚ ਪੀੜਤ ਡਾਕਟਰ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਹੋਰ ਡਾਕਟਰਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਕੋਲਕਾਤਾ ਪੁਲੀਸ ’ਤੇ ਕਾਹਲੀ ਵਿੱਚ ਲਾਸ਼ ਦਾ ਸਸਕਾਰ ਕਰਕੇ ਮਾਮਲੇ ਨੂੰ ਦਬਾਉਣ ਦਾ ਦੋਸ਼ ਲਾਇਆ ਹੈ। ਮਾਪਿਆਂ ਨੇ ਇਹ ਵੀ ਦੋਸ਼ ਲਾਇਆ ਕਿ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਸੀ।
5ਇਸੇ ਦੌਰਾਨ ਪੀੜਤਾ ਲਈ ਨਿਆਂ ਦੀ ਮੰਗ ਕਰਦਿਆਂ ਸਮੁੱਚੇ ਪੱਛਮੀ ਬੰਗਾਲ ’ਚ ਹਜ਼ਾਰਾਂ ਮਹਿਲਾਵਾਂ ਨੇ ‘ਰਿਕਲੇਮ ਦਿ ਨਾਈਟ’ ਮੁਹਿੰਮ ਤਹਿਤ ਅੱਧੀ ਰਾਤ ਨੂੰ ਰੋਸ ਮਾਰਚ ਕੀਤਾ। ਪੀੜਤ ਡਾਕਟਰ ਦੇ ਪਿਤਾ ਨੇ ਕਿਹਾ ਕਿ ਪੁਲੀਸ ਸ਼ੁਰੂ ਤੋਂ ਹੀ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਆ ਰਹੀ ਹੈ। ਉਨ੍ਹਾਂ ਨੂੰ ਲਾਸ਼ ਦੇਖਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਣ ਤੱਕ ਪੁਲੀਸ ਸਟੇਸ਼ਨ ਵਿੱਚ ਇੰਤਜ਼ਾਰ ਕਰਨਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਬਾਅਦ ਵਿਚ ਜਦੋਂ ਲਾਸ਼ ਉਨ੍ਹਾਂ ਨੂੰ ਸੌਂਪੀ ਗਈ ਤਾਂ ਸੀਨੀਅਰ ਪੁਲੀਸ ਅਧਿਕਾਰੀ ਨੇ ਉਨ੍ਹਾਂ ਨੂੰ ਪੈਸੇ ਦੇਣ ਦੀ ਪੇਸ਼ਕਸ਼ ਕੀਤੀ ਪਰ ਉਨ੍ਹਾਂ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਦੂਜੇ ਪਾਸੇ ਲੰਘੀ ਰਾਤ ਨੂੰ ‘ਰਿਕਲੇਮ ਦਿ ਨਾਈਟ’ ਮੁਹਿੰਮ ਤਹਿਤ ਦੂਜੀ ਵਾਰ ਮਾਰਚ ਕੀਤਾ ਗਿਆ ਅਤੇ ਇਸ ਦੌਰਾਨ ਕੁਝ ਅਣਸੁਖਾਵੀਆਂ ਘਟਨਾਵਾਂ ਵੀ ਵਾਪਰੀਆਂ ਜਿਸ ਵਿੱਚ ਕੋਲਕਾਤਾ ’ਚ ਵੱਖ ਵੱਖ ਥਾਵਾਂ ’ਤੇ ਪੁਲੀਸ ਨੇ ਪ੍ਰਦਰਸ਼ਨਕਾਰੀ ਮਹਿਲਾਵਾਂ ਨਾਲ ਦੁਰਵਿਹਾਰ ਦੇ ਦੋਸ਼ ਹੇਠ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ। -ਪੀਟੀਆਈ
ਪੀੜਤਾ ਬਾਰੇ ਘਟੀਆ ਪੋਸਟ ਸਬੰਧੀ ਸੀਬੀਆਈ ਤੋਂ ਰਿਪੋਰਟ ਤਲਬ
ਕਲਕੱਤਾ ਹਾਈ ਕੋਰਟ ਨੇ ਆਰਜੀ ਕਰ ਮੈਡੀਕਲ ਕਾਲਜ ਤੇ ਹਸਪਤਾਲ ’ਚ ਕਥਿਤ ਜਬਰ ਜਨਾਹ ਤੇ ਹੱਤਿਆ ਦੀ ਪੀੜਤਾ ਬਾਰੇ ਸੋਸ਼ਲ ਮੀਡੀਆ ’ਤੇ ਘਟੀਆ ਪੋਸਟ ਨੂੰ ਲੈ ਕੇ ਸੀਬੀਆਈ ਨੂੰ 18 ਸਤੰਬਰ ਤੱਕ ਰਿਪੋਰਟ ਦੇਣ ਲਈ ਕਿਹਾ ਹੈ। ਅਦਾਲਤ ਨੇ ਕਿਹਾ ਕਿ ਅਜਿਹੀ ਘਟੀਆ ਟਿੱਪਣੀ ਸਮਾਜ ਦਾ ਕੋਈ ਵੀ ਵਿਅਕਤੀ ਸਵੀਕਾਰ ਨਹੀਂ ਕਰੇਗਾ। ਪਟੀਸ਼ਨਰ ਵੱਲੋਂ ਦਿੱਤੀ ਗਈ ਇਸ ਇਤਰਾਜ਼ਯੋਗ ਪੋਸਟ ਦੀ ਕਾਪੀ ’ਚ ਨਜ਼ਰ ਆ ਰਿਹਾ ਹੈ ਕਿ ਸੋਸ਼ਲ ਮੀਡੀਆ ’ਤੇ ਪੀੜਤਾ ਦੀ ਤਸਵੀਰ ਨਾਲ ਘਟੀਆ ਟਿੱਪਣੀਆਂ ਕੀਤੀਆਂ ਗਈਆਂ ਹਨ। ਪਟੀਸ਼ਨਰ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਸੰਦਰਭ ਵਿੱਚ ਸੀਬੀਆਈ ਨੂੰ ਸਾਈਬਰ ਅਪਰਾਧ ਦੀ ਜਾਂਚ ਦਾ ਨਿਰਦੇਸ਼ ਦਿੱਤਾ ਜਾਵੇ। ਚੀਫ ਜਸਟਿਸ ਟੀਐੱਸ ਸ਼ਿਵਗਣਨਮ ਦੀ ਪ੍ਰਧਾਨਗੀ ਹੇਠਲੇ ਡਿਵੀਜ਼ਨ ਬੈਂਚ ਨੇ ਸੀਬੀਆਈ, ਕੋਲਕਾਤਾ ਦੇ ਸੰਯੁਕਤ ਡਾਇਰੈਕਟਰ ਨੂੰ ਅਜਿਹੀ ਘਟੀਆ ਸੋਸ਼ਲ ਮੀਡੀਆ ਪੋਸਟ ਦੇ ਸੰਦਰਭ ’ਚ ਪਟੀਸ਼ਨਰ ਦੀ ਸ਼ਿਕਾਇਤ ਦੀ ਪੜਤਾਲ ਕਰਨ ਦਾ ਨਿਰਦੇਸ਼ ਦਿੱਤਾ।
ਸੀਬੀਆਈ ਨੂੰ ਸੰਜੇ ਰਾਏ ਦੇ ਪੌਲੀਗ੍ਰਾਫ ਟੈਸਟ ਦੌਰਾਨ ਕਈ ਖਾਮੀਆਂ ਮਿਲੀਆਂ
ਕੋਲਕਾਤਾ:
ਆਰਜੀ ਕਰ ਮੈਡੀਕਲ ਕਾਲਜ ’ਚ ਜਬਰ ਜਨਾਹ ਤੇ ਹੱਤਿਆ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਪੌਲੀਗ੍ਰਾਫ ਟੈਸਟ ਦੌਰਾਨ ਸਿਵਲ ਵਾਲੰਟੀਅਰ ਸੰਜੇ ਰਾਏ ਦੇ ਬਿਆਨਾਂ ’ਚ ਕਈ ਖਾਮੀਆਂ ਪਾਈਆਂ ਹਨ। ਸੂਤਰਾਂ ਨੇ ਦੱਸਿਆ ਕਿ ਅਧਿਕਾਰੀ ਪੌਲੀਗ੍ਰਾਫ ਟੈਸਟ ਦੌਰਾਨ ਦਿੱਤੇ ਗਏ ਆਪਾ-ਵਿਰੋਧੀ ਬਿਆਨਾਂ ਪਿੱਛੇ ਲੁਕੀਆਂ ਕੜੀਆਂ ਦੀ ਬਰੀਕੀ ਨਾਲ ਜਾਂਚ ਕਰ ਰਹੇ ਹਨ।ਪਹਿਲੀ ਖਾਮੀ ਆਰਜੀ ਕਰ ਹਸਪਤਾਲ ਦੇ ਸਾਬਕਾ ਤੇ ਵਿਵਾਦਤ ਪ੍ਰਿੰਸੀਪਲ ਸੰਦੀਪ ਘੋਸ਼ ਨਾਲ ਰਾਏ ਦੀ ਜਾਣ-ਪਛਾਣ ਦੇ ਪੱਧਰ ਬਾਰੇ ਹੈ। ਦੂਜੀ ਖਾਮੀ ਕੋਲਕਾਤਾ ਪੁਲੀਸ ਦੇ ਇੱਕ ਸੀਨੀਅਰ ਸਬ-ਇੰਸਪੈਕਟਰ ਨਾਲ ਡੂੰਘੇ ਸਬੰਧਾਂ ਬਾਰੇ ਹੈ। -ਆਈਏਐੱਨਐੱਸ