ਸਿਕੰਦਰਪੁਰ ਦੀ ਕੱਚੀ ਸੜਕ ਰਾਹਗੀਰਾਂ ਲਈ ਮੁਸੀਬਤ ਬਣੀ
ਹਤਿੰਦਰ ਮਹਿਤਾ
ਜਲੰਧਰ, 26 ਜੁਲਾਈ
ਇੱਥੇ ਅਲਾਵਲਪੁਰ ਮਾਰਗ ’ਤੇ ਕਈ ਵਾਹਨ ਫਸਣ ਕਾਰਨ ਲਗਭਗ ਇਕ ਘੰਟਾ ਸਵਾਰੀਆਂ ਨਾਲ ਭਰੀਆਂ ਹੋਈਆਂ ਬੱਸਾਂ ਅਤੇ ਹੋਰ ਦਰਜਨਾਂ ਵਾਹਨ ਲੰਬੀਆਂ ਕਤਾਰਾਂ ਵਿੱਚ ਲੱਗੇ ਰਹੇ। ਇਸੇ ਦੌਰਾਨ ਪਿੰਡ ਸਿਕੰਦਰਪੁਰ ਨੂੰ ਜਾਂਦੇ ਰਸਤੇ ਉੱਪਰ ਦੁਪਹਿਰ ਸਮੇਂ ਸਕੂਲਾਂ ਦੀਆਂ ਬੱਸਾਂ ਜੋ ਬੱਚਿਆਂ ਸਣੇ ਚਿੱਕੜ ਵਿੱਚ ਫਸ ਗਈਆਂ ਜਿਸ ਕਾਰਨ ਬੱਚਿਆਂ, ਅਧਿਆਪਕਾਂ ਤੇ ਮਾਪਿਆਂ ਨੂੰ ਭਾਰੀ ਮੁਸ਼ਕਿਲ ਪੇਸ਼ ਆਈ। ਇਸ ਤੋਂ ਇਲਾਵਾ ਆਮ ਵਾਹਨ ਚਾਲਕ ਤੇ ਰਾਹਗੀਰ ਵੀ ਪ੍ਰੇਸ਼ਾਨ ਹੋਏ। ਇੱਥੇ ਪਾਈਪ ਵਿਛਾਉਣ ਲਈ ਸੜਕ ਪੁੱਟੀ ਹੋਈ ਸੀ ਜਿੱਥੇ ਸਕੂਲਾਂ ਦੀਆਂ ਬੱਸਾਂ ਕਾਫੀ ਦੇਰ ਤੱਕ ਫਸੀਆਂ ਰਹੀਆਂ। ਇਨ੍ਹਾਂ ਬੱਸਾਂ ਨੂੰ ਟਰੈਕਟਰ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਸਮੱਸਿਆ ਤੋਂ ਅੱਕੇ ਹੋਏ ਸਿਕੰਦਰਪੁਰ ਵਾਸੀਆਂ ਦੀ ਸਬੰਧਿਤ ਅਧਿਕਾਰੀਆਂ ਅੱਗੇ ਮੰਗ ਕੀਤੀ ਹੈ ਕਿ ਸਿਕੰਦਰਪੁਰ ਤੋਂ ਅਲਾਵਲਪੁਰ ਤੱਕ ਜਾਣ ਲਈ ਰੇਲਵੇ ਲਾਈਨਾਂ ਨਾਲ ਕੱਚੇ ਰਸਤੇ ਨੂੰ ਪੱਕਾ ਕਰ ਦਿੱਤਾ ਜਾਵੇ।
ਜ਼ਿਕਰਯੋਗ ਹੈ ਕਿ ਅਲਾਵਲਪੁਰ ਵਿੱਚ ਸਰਫੇਸ ਵਾਟਰ ਟਰੀਟਮੈਂਟ ਪਲਾਂਟ ਦੇ ਪਾਈਪ ਵਿਛਾਉਣ ਦਾ ਕਾਰਜ ਚੱਲ ਰਿਹਾ ਹੈ। ਮੇਨ ਸੜਕ ਉੱਪਰ ਚੱਲ ਰਹੇ ਕੰਮ ਕਾਰਨ ਅਲਾਵਲਪੁਰ ਦੀ ਆਵਾਜਾਈ ਨੂੰ ਸ਼ਹਿਰ ਦੇ ਬਾਹਰੋਂ ਦੀ ਕੱਢਿਆ ਗਿਆ ਹੈ। ਇਹ ਇੱਕ ਸਿੰਗਲ ਅਤੇ ਟੁੱਟੀ-ਭੱਜੀ ਸੜਕ ਹੈ ਜੋ ਮੀਂਹ ਦੇ ਦਨਿਾਂ ਵਿੱਚ ਖ਼ਤਰਨਾਕ ਰੂਪ ਧਾਰਨ ਕਰ ਲੈਂਦੀ ਹੈ। ਵੱਖ-ਵੱਖ ਥਾਵਾਂ ’ਤੇ ਟੋਏ ਪਏ ਹੋਏ ਹਨ। ਇਸ ਮਾਰਗ ਵਿਚਕਾਰ ਗੰਦੇ ਨਾਲੇ ਦੇ ਉੱਪਰ ਵਰਤੋਂ ਲਈ ਛੋਟੀ ਜਿਹੀ ਪੁਲੀ ਹੈ ਜਿਸ ਦੀ ਹਾਲਤ ਬਹੁਤੀ ਚੰਗੀ ਨਹੀਂ ਹੈ। ਇਸ ਉੱਪਰੋਂ ਰੋਜ਼ਾਨਾ ਵੱਡੇ ਵਾਹਨ ਵੀ ਲੰਘਦੇ ਹਨ, ਇਸ ਟਰੈਫਿਕ ਰੂਟ ਉੱਪਰ ਸਰਫੇਸ ਵਾਟਰ ਟਰੀਟਮੈਂਟ ਦੇ ਪਾਈਪ ਵੀ ਪਾਏ ਹੋਏ ਹਨ। ਇਹ ਰਸਤਾ ਬਿਲਕੁਲ ਕੱਚਾ ਹੈ ਤੇ ਮੀਂਹ ਦੇ ਦਨਿਾਂ ਵਿਚ ਇਸ ਵਿੱਚ ਪਾਣੀ ਭਰ ਜਾਂਦਾ ਹੈ। ਇਸ ਕਾਰਨ ਟੋਇਆਂ ਵਿੱਚ ਪਾਣੀ ਭਰਨ ਕਾਰਨ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ।