For the best experience, open
https://m.punjabitribuneonline.com
on your mobile browser.
Advertisement

ਡਿੱਪਰ

06:13 AM Apr 23, 2024 IST
ਡਿੱਪਰ
Advertisement

ਰਾਜੇਸ਼ ਰਿਖੀ ਪੰਜਗਰਾਈਆਂ

Advertisement

ਉਦੋਂ ਅਠਾਰਾਂ ਸਾਲ ਪਾਰ ਹੀ ਕੀਤੇ ਸਨ, ਮੈਂ ਅਤੇ ਮੇਰੇ ਚਾਚਾ ਜੀ ਨੇ ਡਰਾਵਿੰਗ ਲਾਇਸੈਂਸ ਲਈ ਅਰਜ਼ੀ ਦੇ ਦਿੱਤੀ। ਆਰਟੀਓ ਦਫ਼ਤਰ ਨੇ ਸਰਕਾਰੀ ਗੈਸਟ ਹਾਊਸ ਮਾਲੇਰਕੋਟਲਾ ਵਿੱਚ ਲਰਨਿੰਗ ਲਾਇਸੈਂਸ ਲਈ ਇੰਟਰਵਿਊ ਲਈ ਬੁਲਾਇਆ। ਸਾਡੇ ਸਮੇਤ ਉੱਥੇ ਕਰੀਬ ਢਾਈ ਦਰਜਨ ਲੋਕ ਹੋਣਗੇ, ਗੈਸਟ ਹਾਊਸ ਦੇ ਬਾਹਰ ਪਾਰਕ ਵਿੱਚ ਅਫਸਰ ਦੀ ਕੁਰਸੀ ਲੱਗੀ ਹੋਈ ਸੀ। ਪਤਾ ਨਹੀਂ ਉਸ ਅਫਸਰ ਦਾ ਅਹੁਦਾ ਕੀ ਸੀ; ਉਹ ਲਾਇਸੈਂਸ ਲੈਣ ਵਾਲਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਸਵਾਲ ਪੁੱਛਦੇ ਅਤੇ ਸਵਾਲਾਂ ਦੇ ਆਧਾਰ ’ਤੇ ਲਾਇਸੈਂਸ ਦੇਣ ਜਾਂ ਨਾ ਦੇਣ ਲਈ ਆਪਣੀ ਟਿੱਪਣੀ ਲਿਖ ਦਿੰਦੇ। ਉਹ ਇਹ ਵੀ ਪੁੱਛਦੇ- “ਕਾਹਦੇ ’ਤੇ ਆਏ ਹੋ ਇਥੇ?”
ਸਾਥੋਂ ਅੱਗੇ ਸਾਧਾਰਨ ਜਿਹੀ ਦਿਖ ਵਾਲੇ ਸ਼ਖ਼ਸ ਨੂੰ ਵੀ ਉਨ੍ਹਾਂ ਪੁੱਛਿਆ, “ਕਾਹਦੇ ’ਤੇ ਆਏ ਹੋ?”
“ਜੀ ਮਰੂਤੀ ’ਤੇ।”
ਉਨ੍ਹਾਂ ਦਾ ਅਗਲਾ ਸਵਾਲ ਸੀ, “ਡਿੱਪਰ ਕਿਹਨੂੰ ਕਹਿੰਦੇ?” ਉਹ ਭਲਾ ਪੁਰਸ਼ ਜਵਾਬ ਨਹੀਂ ਦੇ ਸਕਿਆ। ਅਫਸਰ ਨੇ ਜਦੋਂ ਸਵਾਲ ਦੁਹਰਾਇਆ ਤਾਂ ਉਹਨੇ ਕਿਹਾ, “ਜੀ ਜੋ ਖੱਬੇ ਸੱਜੇ ਮੁੜਨ ਲਈ ਲਗਾਉਂਦੇ ਆਂ।”
“ਉਹ ਇੰਡੀਕੇਟਰ ਹੁੰਦਾ। ਜਾਓ ਅਗਲੀ ਵਾਰ ਟ੍ਰੈਫਿਕ ਨਿਯਮ ਸਿੱਖ ਕੇ ਆਇਓ।”
ਸਾਡੀ ਵਾਰੀ ਵੀ ਆ ਗਈ। ਸਾਨੂੰ ਕਾਰ ਜੀਪ ਦੇ ਲਾਇਸੈਂਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ, ਸਾਨੂੰ ਤਾਂ ਘਰ ਦੇ ਵੈਸਪਾ ਤੇ ਚੇਤਕ ਸਕੂਟਰ ’ਤੇ ਚੜ੍ਹ ਕੇ ਘੁੰਮਣ ਦਾ ਚਾਅ ਸੀ। ਸਾਨੂੰ ਪੁੱਛਿਆ ਗਿਆ, “ਕਾਹਦਾ ਲਾਇਸੈਂਸ ਬਣਾਉਣਾ?”
“ਸਕੂਟਰ ਦਾ ਜੀ।” ਉਨ੍ਹਾਂ ‘ਜਾਓ’ ਕਹਿ ਕੇ ਪਾਸ ਕਰ ਦਿੱਤਾ ਪਰ ‘ਡਿੱਪਰ ਕਿਹਨੂੰ ਕਹਿੰਦੇ?’ ਵਾਲਾ ਸਵਾਲ ਜ਼ਿਹਨ ’ਚ ਕਿਤੇ ਅਟਕ ਗਿਆ ਤੇ ਅਕਸਰ ਯਾਦ ਆਉਂਦਾ, ਖਾਸਕਰ ਜਦੋਂ ਰਾਤ ਨੂੰ ਸਫ਼ਰ ਕਰ ਰਿਹਾ ਹੋਵਾਂ। ਕੁਝ ਦਿਨ ਪਹਿਲਾਂ ਹਾਈਵੇ ਤੋਂ ਹੁੰਦਾ ਹੋਇਆ ਵਾਇਆ ਸੰਗਰੂਰ-ਮਾਲੇਰਕੋਟਲਾ ਆਪਣੇ ਪਿੰਡ ਪੰਜਗਰਾਈਆਂ ਆਇਆ ਤਾਂ ਸਾਹਮਣੇ ਤੋਂ ਆਉਣ ਵਾਲੇ ਹਰ ਛੋਟੇ ਵੱਡੇ ਵਾਹਨ ਨੂੰ ਡਿੱਪਰ ਦਿੰਦਾ। ਸਾਹਮਣੇ ਤੋਂ ਆਉਣ ਵਾਲੇ 90% ਵਾਹਨ ਵਾਲਿਆਂ ਨੇ ਲਾਈਟਾਂ ਥੱਲੇ ਨਹੀਂ ਕੀਤੀਆਂ। ਸੋਚਦਾ ਰਿਹਾ, ਹੁਣ ਤਾਂ ਲਾਇਸੈਂਸ ਬਣਾਉਣ ਮੌਕੇ ਚਾਰ ਸਵਾਲ ਛੱਡੋ, ਡਰਾਈਵ ਟੈਸਟ ਵੀ ਲੈਂਦੇ ਹਨ, ਫਿਰ ਵੀ ਇਹ ਹਾਲ ਹੈ! ਇਨ੍ਹਾਂ ਲੋਕਾਂ ਦੇ ਲਾਇਸੈਂਸ ਕੀਹਨੇ ਬਣਾ ਦਿੱਤੇ?
ਅਸਲ ਵਿਚ, ਰਾਤ ਨੂੰ ਸਾਹਮਣੇ ਤੋਂ ਆਉਣ ਵਾਲਾ ਉਹੀ ਬੰਦਾ ਆਪਣੇ ਵਾਹਨ ਦੀਆਂ ਲਾਈਟਾਂ ਨੀਵੀਆਂ ਕਰਦਾ ਜਿਹਦੀਆਂ ਅੱਖਾਂ ਵਿੱਚ ਤੁਹਾਡੀਆਂ ਲਾਈਟਾਂ ਪੈ ਰਹੀਆਂ ਹੋਣ ਜਾਂ ਇੱਕਾ-ਦੁੱਕਾ ਨੂੰ ਛੱਡ ਕੇ ਟਰੱਕਾਂ ਵਾਲੇ ਭਾਈ ਤੇ ਟੈਕਸੀ ਡਰਾਈਵਰ ਹੀ ਡਿੱਪਰ ਦੇਣਗੇ; ਬਾਕੀਆਂ ਨੂੰ ਕੋਈ ਮਤਲਬ ਨਹੀਂ ਕਿ ਤੁਹਾਡੀਆਂ ਅੱਖਾਂ ਵਿੱਚ ਲਾਈਟਾਂ ਪੈ ਰਹੀਆਂ ਹਨ ਤੇ ਤੁਹਾਨੂੰ ਰਸਤਾ ਪੂਰੀ ਤਰ੍ਹਾਂ ਦਿਸਦਾ ਨਹੀਂ! ਉਨ੍ਹਾਂ ਨੇ ਤਾਂ ਆਪਣੀ ਵੱਡੀ ਗੱਡੀ ਦੀ ਟੌਹਰ ਵਿੱਚ ਲੰਘ ਜਾਣਾ ਹੁੰਦਾ। ਇਹ ਸਮੱਸਿਆ ਵੱਡੀ ਗੱਡੀ ਵਾਲੇ ਤੋਂ ਛੋਟੀ ਗੱਡੀ ਵਾਲੇ ਨੂੰ ਹੀ ਹੁੰਦੀ ਹੈ। ਹੁਣ ਤਾਂ ਛੋਟੀਆਂ ਗੱਡੀਆਂ ਵਾਲੇ ਵੀ ਤੇਜ਼ ਰੌਸ਼ਨੀ ਵਾਲੀਆਂ ਟਿਊਬਾਂ ਪੁਆ ਲੈਂਦੇ ਹਨ।
ਜਿਸ ਦੇ ਹੱਥ ਵੀ ਸਟੇਅਟਿੰਗ ਆ ਗਿਆ, ਉਸ ਨੂੰ ਇਹ ਸੋਚ ਰੱਖਣੀ ਚਾਹੀਦੀ ਹੈ ਕਿ ਸਾਹਮਣੇ ਤੋਂ ਆਉਣ ਵਾਲੇ ਦੁਪਹੀਆ ਵਾਹਨ ਵਾਲਿਆਂ ਦੇ ਵੀ ਘਰੇ ਬੱਚੇ ਹਨ, ਉਨ੍ਹਾਂ ਦਾ ਪਰਿਵਾਰ ਵੀ ਉਨ੍ਹਾਂ ਨੂੰ ਉਡੀਕ ਕਰ ਰਿਹਾ ਹੈ। ਤੇਜ਼ ਲਾਈਟਾਂ ਜਦੋਂ ਅੱਖਾਂ ਵਿੱਚ ਪੈਂਦੀਆਂ ਹਨ ਤਾਂ ਉਹ ਗੱਡੀ ਨੂੰ ਤੱਕ ਨਾਲ ਹੀ ਪਾਸ ਕਰਦਾ ਹੈ। ਇਸ ਸੂਰਤ ਵਿੱਚ ਜੇ ਸੜਕ ਕਿਨਾਰੇ ਕੋਈ ਪਸ਼ੂ, ਕੋਈ ਪੈਦਲ ਤੁਰਨ ਵਾਲਾ, ਕੋਈ ਸਾਈਕਲ ਵਾਲਾ ਜਾਂਦਾ ਹੋਵੇ ਤਾਂ ਉਹ ਫੇਟ ਦਾ ਸ਼ਿਕਾਰ ਹੋ ਸਕਦਾ ਹੈ ਪਰ ਸਾਡੇ ਤਾਂ ਸਟੇਅਰਿੰਗ ਪਹਿਲਾਂ ਫੜਿਆ ਜਾਂਦਾ ਹੈ, ਲਾਇਸੈਂਸ ਬਾਅਦ ਵਿੱਚ ਬਣਾਇਆ ਜਾਂਦਾ। ਬਹੁਤੇ ਲੋਕ ਲਈ ਤਾਂ ਆਵਾਜਾਈ ਦੇ ਨਿਯਮ ਜ਼ਰੂਰੀ ਹੀ ਨਹੀਂ ਹੁੰਦੇ। ਅਸੀਂ ਉਹ ਲੋਕ ਹਾਂ ਜੋ ਸੀਟ ਬੈਲਟ ਤੇ ਹੈਲਮਟ ਚਲਾਨ ਤੋਂ ਬਚਣ ਲਈ ਪਾਉਂਦੇ ਹਾਂ। ਹਾਂ, ਚੰਡੀਗੜ੍ਹ ਜਾਣ ਮੌਕੇ ਸਾਨੂੰ ਗੱਡੀ ਦੇ ਕਾਗਜ਼ ਪੂਰੇ ਕਰਨੇ ਯਾਦ ਆਉਂਦੇ ਹਨ। ਉਂਝ ਤਾਂ ਟ੍ਰੈਫਿਕ ਚਲਾਨ ਦੀ ਸਾਨੂੰ ਪ੍ਰਵਾਹ ਘੱਟ ਹੀ ਹੁੰਦੀ ਹੈ ਪਰ ਫੜੇ ਜਾਈਏ ਤਾਂ ਕਿਸੇ ਨਾ ਕਿਸੇ ਨਾਲ ਫੋਨ ’ਤੇ ਗੱਲ ਕਰਾ ਦਿੰਦੇ ਹਾਂ। ਸੋਚਣ ਵਾਲੀ ਗੱਲ ਇਹ ਹੈ ਕਿ ਚਲਾਨ ਨਾਲ ਹੋਏ ਵਿੱਤੀ ਨੁਕਸਾਨ ਦੀ ਪੂਰਤੀ ਤਾਂ ਹੋ ਸਕਦੀ ਹੈ ਪਰ ਕੀਮਤੀ ਜਾਨ ਚਲੇ ਜਾਣ ’ਤੇ ਦੂਜਾ ਮੌਕਾ ਨਹੀਂ ਮਿਲਦਾ। ਤੁਹਾਡੀਆਂ ਲਾਈਟਾਂ ਨਾਲ ਹੋਈ ਗ਼ਲਤੀ ਕਰ ਕੇ ਜਿਹੜੇ ਪਰਿਵਾਰ ਦਾ ਜੀਅ ਚਲਾ ਗਿਆ, ਉਸ ਦਾ ਘਾਟਾ ਕੋਈ ਪੂਰਾ ਨਹੀਂ ਕਰ ਸਕਦਾ। ਇਸ ਲਈ ਮੈਂ ਚਾਹੁੰਦਾ ਹਾਂ ਕਿ ਅਫਸਰ ਦਾ ਉਹ ਸਵਾਲ ਸਭ ਨੂੰ ਯਾਦ ਰਹੇ।
ਸੰਪਰਕ: 94644-42300

Advertisement
Author Image

joginder kumar

View all posts

Advertisement
Advertisement
×