ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੇ ਸਕੱਤਰੇਤ ਦੀ ਤੀਜੀ ਮੰਜ਼ਲ ਤੋਂ ਛਾਲ ਮਾਰੀ
ਮੁੰਬਈ, 4 ਅਕਤੂਬਰ
ਨੈਸ਼ਨਲਿਸਟ ਕਾਂਗਰਸ ਪਾਰਟੀ- ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਰੀਵਾਲ ਨੇ ਸ਼ੁੱਕਰਵਾਰ ਨੂੰ ਇਥੇ ਸੂਬਾਈ ਸਕੱਤਰੇਤ, ਜਿਸ ਨੂੰ ‘ਮੰਤਰਾਲਾ’ ਭਵਨ ਕਿਹਾ ਜਾਂਦਾ ਹੈ, ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ ਪਰ ਹੇਠਾਂ ਜਾਲ ਲਾਇਆ ਹੋਣ ਕਾਰਨ ਉਹ ਉਸ ਵਿਚ ਡਿੱਗਣ ਕਰ ਕੇ ਸੁਰੱਖਿਅਤ ਬਚ ਗਏ।
ਦੱਸਿਆ ਜਾਂਦਾ ਹੈ ਕਿ ਉਨ੍ਹਾਂ ਕਥਿਤ ਤੌਰ ’ਤੇ ਸੂਬਾ ਸਰਕਾਰ ਦੇ ਇਸ ਹੈਡ ਕੁਆਰਟਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਦੱਸਣਯੋਗ ਹੈ ਕਿ ਝਰੀਵਾਲ ਸੂਬੇ ਦੀ ਅਨੁਸੂਚਿਤ ਕਬੀਲਿਆਂ (ਐੱਸਟੀ) ਸਬੰਧੀ ਕੋਟੇ ਵਿਚ ਖ਼ਾਨਾਬਦੋਸ਼ ‘ਧਨਗਰ’ ਭਾਈਚਾਰੇ ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਗ਼ੌਰਤਲਬ ਹੈ ਕਿ ਧਨਗਰ ਭਾਈਚਾਰੇ ਨੂੰ ਇਸ ਵੇਲੇ ਓਬੀਸੀ ਕੋਟੇ ਵਿਚ ਰਾਖਵਾਂਕਰਨ ਮਿਲਿਆ ਹੋਇਆ ਹੈ, ਪਰ ਉਹ ਐੱਸਟੀ ਕੋਟੇ ਵਿਚੋਂ ਰਾਖਵਾਂਕਰਨ ਮੰਗ ਰਹੇ ਹਨ।
ਇਸ ਸਬੰਧੀ ਵਾਇਰਲ ਹੋਈ ਇਕ ਵੀਡੀਓ ਵਿਚ ਵਿਧਾਇਕ ਅਤੇ ਤਿੰਨ ਹੋਰ ਵਿਅਕਤੀ ਜਾਲ ਵਿਚ ਡਿੱਗਣ ਤੋਂ ਬਾਅਦ ਇਮਾਰਤ ਦੇ ਪਿਛਲੇ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ। ਫੁਟੇਜ ਵਿਚ ਪੁਲੀਸ ਮੁਲਾਜ਼ਮ ਵੀ ਦਿਖਾਈ ਦੇ ਰਹੇ ਹਨ।
ਮਹਾਰਾਸ਼ਟਰ ਦੇ ਕਬਾਇਲੀ ਭਾਈਚਾਰੇ ਦੇ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਮੰਤਰਾਲਾ ਭਵਨ ਵਿਚ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਰੋਸ ਮੁਜ਼ਾਹਰਾ ਕੀਤਾ। ਮੀਟਿੰਗ ਵਿਚ ਉਪ ਮੁੱਖ ਮੰਤਰੀ ਅਜੀਤ ਪਵਾਰ ਤੇ ਹੋਰ ਮੰਤਰੀ ਵੀ ਹਿੱਸਾ ਲੈ ਰਹੇ ਹਨ। -ਏਐੱਨਆਈ