ਹਰਿਆਣਾ ਵਿਧਾਨ ਸਭਾ ਚੋਣਾਂ: ਪੋਲਿੰਗ ਪਾਰਟੀਆਂ ਬੂਥਾਂ ਲਈ ਰਵਾਨਾ, ਵੋਟਿੰਗ ਭਲਕੇ
ਪ੍ਰਭੂ ਦਿਆਲ
ਸਿਰਸਾ, 4 ਅਕਤੂਬਰ
ਹਰਿਆਣਾ ਵਿਧਾਨ ਸਭਾ ਲਈ 5 ਅਕਤੂਬਰ ਸ਼ਨਿੱਚਰਵਾਰ ਨੂੰ ਪੈਣ ਵਾਲੀਆਂ ਵੋਟਾਂ ਲਈ ਪੋਲਿੰਗ ਪਾਰਟੀਆਂ ਸ਼ੁੱਕਰਵਾਰ ਨੂੰ ਈਵੀਐਮਜ਼ ਸਮੇਤ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਚੋਣ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਪੋਲਿੰਗ ਪਾਰਟੀਆਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਇਆ ਗਿਆ ਅਤੇ ਵਿਧਾਨ ਸਭਾ ਦੀਆਂ ਆਮ ਚੋਣਾਂ ਲਈ 5 ਅਕਤੂਬਰ ਨੂੰ ਹੋਣ ਵਾਲੀ ਵੋਟਿੰਗ ਲਈ ਬੂਥਾਂ ’ਤੇ ਭੇਜ ਦਿੱਤਾ ਗਿਆ।
ਚੌਧਰੀ ਦੇਵੀ ਲਾਲ ਯੂਨੀਵਰਸਿਟੀ ਵਿਖੇ ਸਿਰਸਾ, ਕਾਲਾਂਵਾਲੀ, ਏਲਨਾਬਾਦ ਅਤੇ ਰਾਣੀਆਂ ਵਿਧਾਨ ਸਭਾ ਹਲਕਿਆਂ ਦੇ ਚੋਣ ਅਬਜ਼ਰਵਰਾਂ ਅਤੇ ਰਿਟਰਨਿੰਗ ਅਫ਼ਸਰਾਂ ਨੇ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਵੰਡ ਕੇ ਨਿਰਧਾਰਤ ਬੂਥਾਂ ’ਤੇ ਰਵਾਨਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪੰਜ ਵਿਧਾਨ ਸਭਾ ਹਲਕਿਆਂ ਦੇ 996 ਬੂਥਾਂ ’ਤੇ 10 ਲੱਖ 8 ਹਜ਼ਾਰ 906 ਵੋਟਰ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਦਿਆਂ ਵੋਟਾਂ ਪਾਉਣਗੇ।
ਜ਼ਿਲ੍ਹਾ ਚੋਣ ਅਫ਼ਸਰ ਸ਼ਾਂਤਨੂੰ ਸ਼ਰਮਾ ਨੇ ਦੱਸਿਆ ਕਿ ਚੋਣਾਂ ਨੂੰ ਸ਼ਾਂਤੀਪੂਰਨ ਨੇਪਰੇ ਚੜ੍ਹਾਉਣ ਲਈ 2500 ਪੁਲੀਸ ਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬ ਤੇ ਰਾਜਸਥਾਨ ਦੀਆਂ ਹੱਦਾਂ ’ਤੇ ਨਾਕੇ ਲਾ ਕੇ ਚੌਕਸੀ ਵਧਾ ਦਿੱਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਚੋਣ ਪ੍ਰਚਾਰ ਕਰਨ ਲਈ ਬਾਹਰ ਤੋਂ ਆਏ ਵਿਅਕਤੀਆਂ ਨੂੰ ਚੋਣ ਦੌਰਾਨ ਹਲਕੇ ਵਿੱਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ।
ਜ਼ਿਲ੍ਹੇ ਦੇ ਪੰਜੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਿੰਗ ਵਿੱਚ ਲੱਗੀਆਂ ਪੋਲਿੰਗ ਪਾਰਟੀਆਂ ਨੂੰ ਈਵੀਐਮ, ਵੀਵੀ-ਪੈਟ ਅਤੇ ਹੋਰ ਚੋਣ ਸਮੱਗਰੀ ਵੰਡੀ ਗਈ। ਚੋਣ ਸਮਗਰੀ ਦੀ ਵੰਡ ਤੋਂ ਪਹਿਲਾਂ ਵੋਟਿੰਗ ਪ੍ਰਕਿਰਿਆ ਵਿੱਚ ਲੱਗੇ ਸਮੂਹ ਕਰਮਚਾਰੀਆਂ ਨੂੰ ਚੋਣ ਪ੍ਰਕਿਰਿਆ ਸਬੰਧੀ ਅੰਤਿਮ ਸਿਖਲਾਈ ਦਿੱਤੀ ਗਈ ਅਤੇ ਚੋਣ ਡਿਊਟੀ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਪਾਰਦਰਸ਼ਤਾ ਨਾਲ ਸਫਲਤਾਪੂਰਵਕ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਸਿਰਸਾ ਵਿਧਾਨ ਸਭਾ ਹਲਕੇ ਦੇ ਏਆਰਓ (ਸਹਾਇਕ ਰਿਟਰਨਿੰਗ ਅਫ਼ਸਰ) ਮਨਦੀਪ ਕੌਰ, ਏਲਨਾਬਾਦ ਵਿਧਾਨ ਸਭਾ ਹਲਕੇ ਦੇ ਏਆਰਓ ਅਮਿਤ ਕੁਮਾਰ, ਕਾਲਾਂਵਾਲੀ ਹਲਕੇ ਦੇ ਏਆਰਓ ਵਰਿੰਦਰ ਸਿੰਘ, ਰਾਣੀਆਂ ਹਲਕੇ ਦੇ ਏਆਰਓ ਰਾਜਿੰਦਰ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।