ਸਦਾ ਰਹੇ ਮਾਪਿਆਂ ਦੀ ਸੰਘਣੀ ਛਾਂ
ਜੋਗਿੰਦਰ ਸਿੰਘ ਪ੍ਰਿੰਸੀਪਲ
ਗੁਰੂ ਅਰਜਨ ਦੇਵ ਜੀ ਫ਼ਰਮਾਉਂਦੇ ਹਨ;
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ
ਗੁਰੂ ਸਾਹਿਬ ਦਾ ਇਹ ਫ਼ਰਮਾਨ ਦੱਸਦਾ ਹੈ ਕਿ ਜਿੱਥੇ ਪਰਿਵਾਰ ਅਤੇ ਸਮਾਜ ’ਚ ਮਾਂ ਦਾ ਦਰਜਾ ਜਾਂ ਰੁਤਬਾ ਪਵਿੱਤਰ, ਮਹਾਨ ਅਤੇ ਸ਼੍ਰੇਸ਼ਠ ਹੈ, ਉੱਥੇ ਪਿਤਾ ਦਾ ਰੁਤਬਾ ਵੀ ਪਰਿਵਾਰ, ਸਮਾਜ ਅਤੇ ਰਾਸ਼ਟਰ ਲਈ ਆਦਰ ਅਤੇ ਸਨਮਾਨ ਦਾ ਪਾਤਰ ਹੈ। ਸੱਚ-ਮੁੱਚ ਜੇ ਮਾਂ ਦੀ ਗੋਦ ਰਹਿਮਤਾਂ ਦਾ ਦਰ ਏ, ਉੱਥੇ ਪਿਤਾ ਦੀ ਸਰਪ੍ਰਸਤੀ ਦਾ ਸਾਇਆ ਵੀ ਬਰਕਤਾਂ ਦਾ ਘਰ ਹੈ। ਜੇ ਮਾਂ ਦੇ ਉੱਚੇ-ਸੁੱਚੇ ਪਿਆਰ ਦਾ ਮਹੱਤਵ ‘ਮਾਵਾਂ ਠੰਢੀਆਂ ਛਾਵਾਂ’ ਜਾਂ ‘ਮਾਂ ਜਿਹਾ ਘਣਛਾਵਾਂ ਬੂਟਾ’ ਦਰਸਾਇਆ ਜਾਂਦਾ ਹੈ ਤਾਂ ਨਿਸ਼ਚੇ ਹੀ ਪਿਤਾ ਇੱਕ ਅਜਿਹਾ ਰਹਿਮਤਾਂ ਭਰਿਆ ਦਰੱਖਤ ਹੈ, ਜਿਸ ਦੀਆਂ ਟਾਹਣੀਆਂ ’ਤੇ ਬਹਿ ਕੇ ਬੱਚੇ ਜੀਵਨ ਜਾਚ ਦੀਆਂ ਹਕੀਕਤਾਂ ਸਿੱਖਦੇ ਹਨ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਅਬਰਾਹਮ ਲਿੰਕਨ ਨੇ ਮਾਂ ਦਾ ਮਹੱਤਵ ਇਸ ਤਰ੍ਹਾਂ ਦਰਸਾਇਆ ਸੀ;
‘ਜੋ ਕੁਝ ਮੈਂ ਹਾਂ, ਜਾਂ ਹੋਣ ਦੀ ਆਸ਼ਾ ਰੱਖਦਾ ਹਾਂ, ਉਹ ਆਪਣੀ ਫ਼ਰਿਸ਼ਤਿਆਂ ਵਰਗੀ ਮਾਂ ਸਦਕਾ ਹਾਂ’ ਅਤੇ ਨੈਪੋਲੀਅਨ ਨੇ ਕਿਹਾ ਸੀ, ‘ਮੈਨੂੰ ਚੰਗੀਆਂ ਮਾਵਾਂ ਦਿਓ ਮੈਂ ਤੁਹਾਨੂੰ ਚੰਗੀ ਕੌਮ ਦਿਆਂਗਾ’। ਨਿਸ਼ਚੇ ਹੀ ਮਾਤਾ ਪਰਿਵਾਰ ਦਾ ਥੰਮ੍ਹ ਹੁੰਦੀ ਹੈ, ਪਰ ਮਾਂ ਦੇ ਨਾਲ ਹੀ ਘਰ ਵਿੱਚ ਪਿਤਾ ਦੀ ਅਹਿਮੀਅਤ ਵੀ ਘੱਟ ਨਹੀਂ ਹੈ। ਪਿਤਾ ਇੱਕ ਅਜਿਹਾ ਸੁੱਘੜ ਸਿਆਣਾ ਪਾਤਰ ਹੈ ਜੋ ਆਪਣੇ ਬੱਚਿਆਂ ਨੂੰ ਆਪਣੇ ਆਦੇਸ਼ਾਂ ਅਤੇ ਸਖ਼ਤ ਅਨੁਸ਼ਾਸਨ ’ਚ ਰੱਖਦਾ ਹੈੈ ਤਾਂ ਜੋ ਉਹ ਬਾ-ਅਦਬ, ਬਾ-ਸਲੀਕਾ, ਮਿਹਨਤੀ ਅਤੇ ਸੂਝਵਾਨ ਨਾਗਰਿਕ ਬਣ ਸਕਣ।
ਮਾਂ ਬੱਚਿਆਂ ਨੂੰ ਬੋਲਣਾ ਸਿਖਾਉਂਦੀ ਹੈ ਜਦੋਂ ਕਿ ਪਿਤਾ ਬੱਚਿਆਂ ਨੂੰ ਸਿਖਾਉਂਦਾ ਹੈ ਕਿ ‘ਸਮੇਂ ਅਨੁਸਾਰ ਚੁੱਪ ਕਿਵੇਂ ਰਹਿਣਾ ਹੈ?’ ਮਾਂ ਦੀ ਸ੍ਰੇਸ਼ਠਤਾ ਦਾ ਮਹਤੱਵ, ਇਸ ਤਰ੍ਹਾਂ ਵੀ ਦਰਸਾਇਆ ਜਾਂਦਾ ਹੈ;
ਮਾਂ ਤੇਰੀ ਸੂਰਤ ਸੇ ਅਲੱਗ
ਭਗਵਾਨ ਕੀ ਸੂਰਤ ਕਿਆ ਹੋਗੀ?
ਸੂਝਵਾਨ ਅਤੇ ਸਮਝਦਾਰ ਪਿਤਾ ਆਪਣੇ ਬੱਚਿਆਂ ਨੂੰ ਅਨੁਸ਼ਾਸਨ ਅਤੇ ਆਪਣੇ ਪਿਆਰ ਦੀ ਛਾਂ ਥੱਲੇ ਰੱਖਦਾ ਹੈ ਤਾਂ ਜੋ ਉਹ ਨੇਕ ਅਤੇ ਸੁੱਘੜ-ਸਿਆਣੇ ਬਣ ਸਕਣ। ਪਿਤਾ ਸਮਝਦਾ ਹੈ ਕਿ ਜ਼ਿਆਦਾ ਲਾਡ ਬੱਚਿਆਂ ਨੂੰ ਵਿਗਾੜਦਾ ਹੈ। ਪਿਤਾ ਦਾ ਪਿਆਰ ਸਮੇਂ ਦਾ ਗੁਲਾਮ ਨਹੀਂ ਹੁੰਦਾ, ਉਹ ਫ਼ਰਜ਼ ਦੀ ਕਸੌਟੀ ’ਤੇ ਹਰ ਸਮੇਂ ਖ਼ਰਾ ਉਤਰਦਾ ਹੈ। ਜੀਵਨ ਦੀ ਵਾਸਤਵਿਕਤਾ ਇਹ ਦਰਸਾਉਂਦੀ ਹੈ ਕਿ ਮਾਤਾ-ਪਿਤਾ ਦੋਹਾਂ ਦਾ ਆਦਰਸ਼ਕ, ਸਾਰਥਕ, ਉੱਚਾ-ਸੁੱਚਾ ਅਤੇ ਪਾਕ-ਪਵਿੱਤਰ ਜੀਵਨ ਨਾ ਕੇਵਲ ਪਰਿਵਾਰ ਲਈ ਵਰਦਾਨ ਹੈ, ਸਗੋਂ ਭਾਈਚਾਰੇ, ਸਮਾਜ ਅਤੇ ਰਾਸ਼ਟਰ ਲਈ ਵੀ ਲਾਹੇਵੰਦ, ਉਪਯੋਗੀ ਅਤੇ ਦਿਸ਼ਾ-ਸੂਚਕ ਹੈ।
ਪਿਤਾ ਦੀ ਪਦਵੀ ਜਿੱਥੇ ਪਰਿਵਾਰ ਲਈ ਮਹੱਤਵਪੂਰਨ ਅਤੇ ਲਾਹੇਵੰਦ ਹੈ, ਉੱਥੇ ਉਸ ਦੀਆਂ ਭਾਈਚਾਰਕ, ਸਮਾਜਿਕ ਅਤੇ ਰਾਸ਼ਟਰਵਾਦੀ ਗਤੀਵਿਧੀਆਂ ਨੂੰ ਵੀ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ। ਸੂਝਵਾਨ ਪਿਤਾ ਸਮਾਜ ’ਚ ਵੀ ਆਪਣੇ ਵਿਵਹਾਰ ਦੀ ਸੁਗੰਧੀ ਫੈਲਾਉਂਦਾ ਹੈ। ਭਾਰਤੀ ਸਮਾਜ ’ਚ ਪਿਤਾ ਪਰਿਵਾਰ ਨੂੰ ਆਦਰਸ਼ਕ, ਆਰਥਿਕ ਅਤੇ ਨੈਤਿਕ ਪੱਖੋਂ ਵਧੇਰੇ ਚਮਕ-ਦਮਕ ਦੇਣ ਵਾਲਾ ਅਨਮੋਲ ਹੀਰਾ ਹੁੰਦਾ ਹੈ। ਭਾਰਤੀ ਸੱਭਿਅਤਾ ਅਤੇ ਸੰਸਕ੍ਰਿਤੀ ਦਰਸਾਉਂਦੀ ਹੈ ਕਿ ਪਿਤਾ ਨੂੰ ਪਰਿਵਾਰ ਦਾ ਮੁਖੀ ਮਿੱਥਿਆ ਜਾਂਦਾ ਹੈ। ਉਸ ਦੀ ਧਰਮ ਪਤਨੀ ਨੂੰ ਉਸ ਦੀ ਹਮਰਾਜ਼ ਹਮਸਫ਼ਰ, ਸਹਿਯੋਗੀ ਅਤੇ ਹਮਨਸ਼ੀ ਮਿੱਥਿਆ ਜਾਂਦਾ ਹੈ। ਦੋਹਾਂ ਦੀ ਸਹਿਯੋਗੀ ਸਾਰਥਿਕ ਤੋਰ ਪਰਿਵਾਰ ਦੀ ਉੱਨਤੀ ਅਤੇ ਵਿਕਾਸ ਲਈ ਚਾਨਣ-ਮੁਨਾਰਾ ਬਣਦੀ ਹੈ।
ਪਤੀ-ਪਤਨੀ ਦੇ ਵਿਚਾਰਾਂ ਦੀ ਇਕਸਾਰਤਾ, ਇਕਸੁਰਤਾ ਅਤੇ ਸੁਚੱਜੀ ਵਿਉਂਤਬੰਦੀ ਬੱਚਿਆਂ ਦੇ ਚਰਿੱਤਰ ਨਿਰਮਾਣ, ਸਿੱਖਿਆ, ਸਮਾਜਿਕ ਵਿਕਾਸ ਅਤੇ ਸ਼ਿਸ਼ਟਾਚਾਰੀ ਉਦੇਸ਼ਾਂ ਲਈ ਬੜੀ ਮਹੱਤਵਪੂਰਨ ਹੁੰਦੀ ਹੈ। ਅਜਿਹਾ ਸੁਚੱਜਾ ਅਤੇ ਚੰਗੇਰਾ ਪਰਿਵਾਰ ਆਪਣੇ ਲਈ ਵਰਦਾਨ ਅਤੇ ਸਮਾਜ ਲਈ ਚਾਨਣ ਮੁਨਾਰਾ ਬਣ ਜਾਂਦਾ ਹੈ। ਗਿਆਨ ਵਿਹੂਣੇ ਅਤੇ ਜੀਵਨ ਜਾਚ ਪੱਖੋਂ ਕੁਰਾਹੇ ਪਏ ਮਾਤਾ-ਪਿਤਾ ਕੋਲ ਆਪਣੇ ਬੱਚਿਆਂ ਨੂੰ ਦੇਣ ਲਈ ਕੁਝ ਵੀ ਨਹੀਂ ਹੁੰਦਾ। ਕੇਵਲ ਯੋਗ ਅਤੇ ਸੂਝਵਾਨ ਮਾਤਾ-ਪਿਤਾ ਹੀ ਆਪਣੇ ਬੱਚਿਆਂ ਦੇ ਹਿੱਤਕਾਰੀ, ਕਲਿਆਣਕਾਰੀ ਅਤੇ ਚਾਨਣ ਮੁਨਾਰੇ ਹੁੰਦੇ ਹਨ।
ਅਸਲ ਵਿੱਚ ਬੱਚਿਆਂ ਲਈ ਮਾਤਾ-ਪਿਤਾ ਦਾ ਨਿੱਜੀ ਘਰੋਗੀ ਜੀਵਨ ਹੀ ਰਾਹ-ਦਸੇਰਾ ਹੈ। ਸੁੱਘੜ ਸਿਆਣੇ ਮਾਤਾ-ਪਿਤਾ ਦੇ ਨਕਸ਼ੇ ਕਦਮ ’ਤੇ ਚੱਲਣ ਵਾਲੇ ਬੱਚੇ ਹੀ ਮਾਤਾ-ਪਿਤਾ ਦੇ ਮਾਨ-ਸਨਮਾਨ ਦੀ ਕਲਗ਼ੀ ਉੱਚੀ ਕਰਦੇ ਹਨ। ਮਾਤਾ-ਪਿਤਾ ਲੋੜ ਅਤੇ ਢੁੱਕਵੇਂ ਸਮੇਂ ਅਨੁਸਾਰ ਆਪਣੇ ਬੱਚਿਆਂ ਨੂੰ ਜੀਵਨ- ਜਾਚ ਅਤੇ ਸਦਭਾਵਨਾ ਦੀ ਘੁੱਟੀ ਪਿਲਾਉਂਦੇ ਰਹਿੰਦੇ ਹਨ। ਅਜਿਹੀ ਗੋਡੀ ਨੂੰ ਡੋਡੀ ਜ਼ਰੂਰ ਲੱਗਦੀ ਏ। ਮਾਂ-ਬਾਪ ਆਪਣੇ ਬੱਚਿਆਂ ਨੂੰ ਫਰਜ਼ਾਂ ਦੀ ਮਾਲਾ ਵਿੱਚ ਪਿਰੋਅ ਦਿੰਦੇ ਹਨ।
ਪਰਿਵਾਰ ’ਚ ਆਰਥਿਕ ਸਥਿਤੀ ਦਾ ਬੜਾ ਮਹੱਤਵ ਹੈ। ਪੈਸੇ ਦੀ ਤੰਗੀ ਹਵਾਲਾਤ ਦੀ ਤੰਗੀ ਨਾਲੋਂ ਵੀ ਵਧੇਰੇ ਦੁਖਦਾਈ ਹੁੰਦੀ ਹੈ। ਪਰਿਵਾਰ ਦੀਆਂ ਲੋੜਾਂ ਤਾਂ ਮੂੰਹ ਟੱਡ ਕੇ ਰੱਖਦੀਆਂ ਹਨ, ਪਰ ਸੁੱਘੜ-ਸਿਆਣੇ ਮਾਤਾ-ਪਿਤਾ ਚਾਦਰ ਵੇਖ ਕੇ ਆਪਣੇ ਪੈਰ ਪਸਾਰਦੇ ਹਨ। ਉਹ ਮਾਤਾ-ਪਿਤਾ ਭਾਗਾਂ ਵਾਲੇ ਹਨ, ਜਿਹੜੇ ਬਜ਼ੁਰਗੀ ਦੀ ਲੰਮੀ ਛਾਂ ਨੂੰ ਮਾਣਦੇ ਹਨ। ਜੇ ਸੰਤਾਨ ਬੁਢਾਪੇ ’ਚ ਉਨ੍ਹਾਂ ਦੀ ਸੁਚੱਜੀ ਦੇਖ-ਭਾਲ ਅਤੇ ਸੇਵਾ ਕਰ ਰਹੀ ਹੈ ਤਾਂ ਨਿਸ਼ਚੇ ਹੀ ਉਨ੍ਹਾਂ ਨੇ ਕਿਸੇ ਸਮੇਂ ਮੋਤੀ ਦਾਨ ਕੀਤੇ ਹੋਣਗੇ। ਨਿਕੰਮੀ ਅਤੇ ਫਰਜ਼ੋਂ ਥਿੜਕੀ ਔਲਾਦ ਲੋਕ-ਲਾਜ ਦੀ ਪਰਵਾਹ ਨਾ ਕਰਦੇ ਹੋਏ, ਆਪਣੇ ਬਜ਼ੁਰਗਾਂ ਨੂੰ ਬਿਰਧ ਆਸ਼ਰਮ ’ਚ ਛੱਡ ਆਉਂਦੀ ਹੈ। ਅਜਿਹੇ ਦੁਖੀ ਮਾਪਿਆਂ ਦੇ ਦਿਲਾਂ ’ਚੋਂ ਹੂਕ ਉੱਠਦੀ ਹੈ ਕਿ ‘ਬੁਢਾਪਾ ਬੜਾ ਲਾਹਨਤੀ’ ਹੈ।
ਸਮਾਜ ’ਚ ਮਾਪੇ ਆਦਰਸ਼ ਪਾਤਰ ਹਨ। ਮਾਪਿਆਂ ਦਾ ਮਹਤੱਵ ਉਨ੍ਹਾਂ ਯਤੀਮ, ਅਨਾਥ ਅਤੇ ਬੇਸਹਾਰਾ ਬੱਚਿਆਂ ਕੋਲੋਂ ਪੁੱਛੋ ਜਿਨ੍ਹਾਂ ਦੀ ਹਿਰਦੇ-ਵੇਧਕ ਹੂਕ ਕੂਕ-ਕੂਕ ਕੇ ਕਹਿੰਦੀ ਹੈ; ਸਲਾਮਤ ਰਹੇ ਸਾਇਆ ਮਾਂ-ਬਾਪ ਦਾ। ਪਤੀ-ਪਤਨੀ ਦੀ ਉਹ ਜੋੜੀ ਜ਼ਰੂਰ ਕਰਮਾਂ ਵਾਲੀ ਹੈ ਜੋ ਸਿਦਕ ਦਿਲੀ ਅਤੇ ਦ੍ਰਿੜ ਨਿਸ਼ਚੇ ਨਾਲ ਗ੍ਰਹਿਸਥ ਮਾਰਗ ਦੇ ਕੰਡਿਆਲੀ ਭਰਪੂਰ ਰਸਤਿਆਂ ’ਤੇ ਚੱਲਦੇ ਹੋਏ ਜੀਵਨ-ਪੰਧ ਪੂਰਾ ਕਰਦੇ ਹਨ।
ਸੰਪਰਕ: 90506-80370