ਦਿੱਲੀ ਕਮੇਟੀ ਨੇ 120 ਥਾਵਾਂ ’ਤੇ ਲਾਏ ਗੁਰਮਤਿ ਕੈਂਪ
ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਵਿਚ ਬੱਚਿਆਂ ਲਈ ਲਗਾਏ ਕੈਂਪਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਤੇ ਇਸ ਵਾਰ 8 ਹਜ਼ਾਰ ਤੋਂ ਵੱਧ ਬੱਚੇ ਇਨ੍ਹਾਂ ਕੈਂਪਾਂ ਵਿਚ ਸ਼ਾਮਲ ਹੋਏ ਹਨ। ਆਪਣੇ ਹਲਕੇ ਕਾਲਕਾ ਜੀ ਵਿਚ ਗੁਰਮਤਿ ਕੈਂਪ ਦਾ ਨਿਰੀਖਣ ਕਰਨ ਉਪਰੰਤ ਗੱਲਬਾਤ ਕਰਦਿਆਂ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਇਸ ਵਾਰ ਦਿੱਲੀ ਵਿਚ 120 ਥਾਵਾਂ ‘ਤੇ ਇਹ ਗੁਰਮਤਿ ਕੈਂਪ ਲਗਾਏ ਗਏ ਹਨ। ਇਸ ਵਿਚ 200 ਤੋਂ ਜ਼ਿਆਦਾ ਅਧਿਆਪਕ ਸੇਵਾਵਾਂ ਦੇ ਰਹੇ ਹਨ। ਕੈਂਪਾਂ ਵਿਚ 8 ਹਜ਼ਾਰ ਤੋਂ ਵੱਧ ਬੱਚਿਆਂ ਨੇ ਸ਼ਮੂਲੀਅਤ ਕੀਤੀ ਹੈ ਜੋ ਪਿਛਲੇ ਸਾਲ ਨਾਲੋਂ ਦੁੱਗਣੀ ਸਮਰਥਾ ਹੈ। ਉਨ੍ਹਾਂ ਦੱਸਿਆ ਕਿ ਕੈਂਪ ਵੱਖ-ਵੱਖ ਗੁਰਦੁਆਰਿਆਂ ਵਿਚ ਤੇ ਵੱਖ-ਵੱਖ ਸਿੰਘ ਸਭਾਵਾਂ ਵਿਚ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਗੁਰਮੁਖੀ ਤੇ ਗੁਰਸਿੱਖੀ ਨਾਲ ਜੋੜਨ ਲਈ ਕੈਂਪ ਲਗਾਏ ਗਏ ਹਨ। ਬੱਚਿਆਂ ਦੇ ਮਾਪਿਆਂ ਨੇ ਇਸ ਸਬੰਧੀ ਭਰਵਾਂ ਹੁੰਗਾਰਾ ਦਿਖਾਇਆ। ਕੈਂਪਾਂ ਵਿਚ ਤਿੰਨ ਕਿਤਾਬਾਂ ਬੱਚਿਆਂ ਨੂੰ ਦਿੱਤੀਆਂ ਗਈਆਂ, ਜਿਨ੍ਹਾਂ ਵਿਚ ਗੁਰੂ ਸਾਹਿਬਾਨ, ਸਿੱਖ ਇਤਿਹਾਸ ਤੇ ਸਿੱਖ ਸੰਸਥਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕੈਂਪਾਂ ਦੀ ਬਦੌਲਤ ਵਿਦਿਆਰਥੀ ਗੁਰਸਿੱਖੀ ਜੀਵਨ ਨਾਲ ਜੁੜ ਸਕਣਗੇ ਜਿਸ ਲਈ ਸਮੁੱਚੇ ਮਾਪੇ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਕੈਂਪ 25 ਜੂਨ ਤੱਕ ਜਾਰੀ ਰਹਿਣਗੇ ਤੇ 25 ਜੂਨ ਨੂੰ ਸਮਾਪਤੀ ਸਮਾਗਮ ਗੁਰਦੁਆਰਾ ਰਕਾਬਗੰਜ ਸਾਹਿਬ ਕੰਪਲੈਕਸ ਵਿਚ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਹੋਵੇਗਾ।