Elvish Yadav: ਸੱਪਾਂ ਦੇ ਜ਼ਹਿਰ ਦਾ ਮਾਮਲਾ: ਅਲਾਹਾਬਾਦ ਹਾਈਕੋਰਟ ਵੱਲੋਂ ਐਲਵਿਸ਼ ਯਾਦਵ ਦੀ ਪਟੀਸ਼ਨ ਖਾਰਜ
ਪ੍ਰਯਾਗਰਾਜ, 12 ਮਈ
Allahabad HC junks Elvish Yadav plea against chargesheet: ਅਲਾਹਾਬਾਦ ਹਾਈ ਕੋਰਟ ਨੇ ਯੂਟਿਊਬਰ ਐਲਵਿਸ਼ ਯਾਦਵ ਦੀ ਉਸ ਪਟੀਸ਼ਨ ਨੂੰ ਅੱਜ ਖਾਰਜ ਕਰ ਦਿੱਤਾ, ਜਿਸ ਵਿੱਚ ਸੱਪ ਦੇ ਜ਼ਹਿਰ ਦੇ ਸੇਵਨ ਦੇ ਮਾਮਲੇ ਵਿੱਚ ਕੀਤੀ ਗਈ ਚਾਰਜਸ਼ੀਟ ਅਤੇ ਅਪਰਾਧਿਕ ਕਾਰਵਾਈ ਨੂੰ ਚੁਣੌਤੀ ਦਿੱਤੀ ਗਈ ਸੀ। ਇਸ ਚਾਰਜਸ਼ੀਟ ਵਿੱਚ ਵਿਦੇਸ਼ੀਆਂ ਤੇ ਹੋਰਾਂ ਲੋਕਾਂ ’ਤੇ ਰੇਵ ਪਾਰਟੀਆਂ ਵਿੱਚ ਮਨੋਰੰਜਨ ਵਜੋਂ ਸੱਪ ਦੇ ਜ਼ਹਿਰ ਦਾ ਸੇਵਨ ਕਰਨ ਦਾ ਦੋਸ਼ ਲਗਾਇਆ ਗਿਆ ਸੀ।
ਜਸਟਿਸ ਸੌਰਭ ਸ੍ਰੀਵਾਸਤਵ ਨੇ ਚਾਰਜਸ਼ੀਟ ਅਤੇ ਐਫਆਈਆਰ ਵਿਚਲੇ ਬਿਆਨਾਂ ’ਤੇ ਵਿਚਾਰ ਕਰਨ ਤੋਂ ਬਾਅਦ ਯਾਦਵ ਦੀ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਅਜਿਹੇ ਦੋਸ਼ਾਂ ਦੀ ਸੱਚਾਈ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਯਾਦਵ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਨਵੀਨ ਸਿਨਹਾ ਅਤੇ ਐਡਵੋਕੇਟ ਨਿਪੁਨ ਸਿੰਘ ਨੇ ਦਲੀਲ ਦਿੱਤੀ ਕਿ ਯਾਦਵ ਵਿਰੁੱਧ ਐਫਆਈਆਰ ਦਰਜ ਕਰਨ ਵਾਲਾ ਵਿਅਕਤੀ ਜੰਗਲੀ ਜੀਵ ਸੁਰੱਖਿਆ ਐਕਟ, 1972 ਤਹਿਤ ਇਸ ਨੂੰ ਦਰਜ ਕਰਨ ਲਈ ਅਯੋਗ ਸੀ। ਵਕੀਲ ਨੇ ਕਿਹਾ ਕਿ ਯਾਦਵ ਨੋਇਡਾ ਵਿਚ ਕਥਿਤ ਤੌਰ ’ਤੇ ਹੋਈ ਪਾਰਟੀ ਵਿਚ ਨਾ ਤਾਂ ਮੌਜੂਦ ਸੀ ਅਤੇ ਨਾ ਹੀ ਉਸ ਤੋਂ ਕੁਝ ਬਰਾਮਦ ਹੋਇਆ ਸੀ। ਉਸ ਨੂੰ ਪਿਛਲੇ ਸਾਲ ਮਾਰਚ ਵਿਚ ਨੋਇਡਾ ਪੁਲੀਸ ਨੇ ਇਸ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਯਾਦਵ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਸ ਤੋਂ ਕੋਈ ਸੱਪ, ਨਸ਼ੀਲੇ ਪਦਾਰਥ ਜਾਂ ਮਨੋਵਿਗਿਆਨਕ ਪਦਾਰਥ ਬਰਾਮਦ ਨਹੀਂ ਕੀਤੇ ਗਏ ਸਨ।
ਜ਼ਿਕਰਯੋਗ ਹੈ ਕਿ ਪੁਲੀਸ ਨੇ ਰੇਵ ਪਾਰਟੀਆਂ ’ਚ ਸੱਪ ਦਾ ਜ਼ਹਿਰ ਵਰਤਣ ਦੇ ਦੋਸ਼ ਹੇਠ ਓਟੀਟੀ ’ਤੇ ਬਿੱਗ ਬੌਸ ਸ਼ੋਅ ਦੇ ਜੇਤੂ ਐਲਵਿਸ਼ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਇਸ ਮਾਮਲੇ ’ਚ ਪੁਲੀਸ ਨੇ ਪੰਜ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਦੂਜੇ ਪਾਸੇ ਯਾਦਵ ਨੇ ਦੋਸ਼ਾਂ ਨੂੰ ਨਕਾਰਿਆ ਸੀ। ਇਸ ਤੋਂ ਪਹਿਲਾਂ ਪੀਪਲ ਫਾਰ ਐਨੀਮਲਜ਼ ਨੇ ਸੈਕਟਰ 51 ’ਚ ਚੱਲ ਰਹੀ ਪਾਰਟੀ ’ਤੇ ਨਜ਼ਰ ਰੱਖੀ ਹੋਈ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕੋਬਰਿਆਂ ਸਣੇ 9 ਸੱਪ ਲੈ ਕੇ ਇਸ ਪਾਰਟੀ ’ਚ ਪੁੱਜੇ ਸਨ। ਪੁਲੀਸ ਨੇ 20 ਮਿਲੀਲਿਟਰ ਜ਼ਹਿਰ ਵੀ ਬਰਾਮਦ ਕੀਤਾ ਸੀ। ਪੀਐੱਫਏ ਦੇ ਗੌਰਵ ਗੁਪਤਾ ਦੀ ਸ਼ਿਕਾਇਤ ’ਤੇ ਪੁਲੀਸ ਨੇ ਜੰਗਲੀ ਜੀਵ ਸੁਰੱਖਿਆ ਐਕਟ ਦੀਆਂ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਸੀ। ਯਾਦਵ ਨੇ ਗ਼ੈਰਕਾਨੂੰਨੀ ਢੰਗ ਨਾਲ ਰੇਵ ਪਾਰਟੀਆਂ ਕੀਤੀਆਂ ਤੇ ਉਸ ਨੇ ਨੋਇਡਾ ਅਤੇ ਐੱਨਸੀਆਰ ਦੇ ਹੋਰ ਹਿੱਸਿਆਂ ’ਚ ਸੱਪਾਂ ਤੇ ਉਨ੍ਹਾਂ ਦੇ ਜ਼ਹਿਰ ਨਾਲ ਵੀਡੀਓ ਵੀ ਬਣਾਏ। ਡਿਵੀਜ਼ਨਲ ਜੰਗਲਾਤ ਅਧਿਕਾਰੀ ਪ੍ਰਮੋਦ ਕੁਮਾਰ ਸ੍ਰੀਵਾਸਤਵ ਨੇ ਕਿਹਾ ਸੀ ਕਿ ਕਾਰਵਾਈ ਦੌਰਾਨ ਪੰਜ ਕੋਬਰੇ, ਦੋ ਸੈਂਡ ਬੋਆ, ਇਕ ਅਜਗਰ ਅਤੇ ਇਕ ਰੈਟ ਸਨੇਕ ਨੂੰ ਬਚਾਇਆ ਗਿਆ। ਇਹ ਵੀ ਦੱਸਣਾ ਬਣਦਾ ਹੈ ਕਿ ਐਲਵਿਸ਼ ਹੋਰ ਵੀ ਕਈ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ- ਪੀਟੀਆਈ