ਵਿਦਿਆਰਥੀ ਐਸੋਸੀਏਸ਼ਨ ਦਾ ਵਫਦ ਖੇਤੀ ਮੰਤਰੀ ਖੁੱਡੀਆਂ ਨੂੰ ਮਿਲਿਆ
ਖੇਤਰੀ ਪ੍ਰਤੀਨਿਧ
ਲੁਧਿਆਣਾ, 1 ਨਵੰਬਰ
ਪੰਜਾਬ ਖੇਤੀਬਾੜੀ ਵਿਦਿਆਰਥੀ ਐਸੋਸੀਏਸ਼ਨ ਵੱਲੋਂ ਅੱਜ ਪੋਲ ਖੋਲ੍ਹ ਰੈਲੀ ਕਰਨ ਤੋਂ ਪਹਿਲਾਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵਿਦਿਆਰਥੀਆਂ ਦੇ ਵਫਦ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ। ਕੈਬਨਿਟ ਮੰਤਰੀ ਅੱਜ ਪੀਏਯੂ ਵਿੱਚ ਹੋਣ ਵਾਲੀ ਡਬਿੇਟ ਵਿੱਚ ਹਿੱਸਾ ਲੈਣ ਪਹੁੰਚੇ ਹੋਏ ਸਨ।
ਕੈਬਨਿਟ ਮੰਤਰੀ ਨੇ ਐਸੋਸੀਏਸ਼ਨ ਦੇ ਵਫਦ ਦੀ ਗੱਲ ਨੂੰ ਧਿਆਨ ਨਾਲ ਸੁਣਿਆ ਅਤੇ ਆਪਣੇ ਅਖਤਿਆਰ ਵਾਲੀਆਂ ਮੰਗਾਂ ਮੰਨਣ ਦਾ ਭਰੋਸਾ ਦਿੱਤਾ। ਇਸ ਦੌਰਾਨ ਮੰਤਰੀ ਨੇ ਨੌਜਵਾਨਾਂ ਨੂੰ ਥੋੜ੍ਹਾ ਸਬਰ ਕਰਨ ਲਈ ਆਖਿਆ। ਐਸੋਸੀਏਸ਼ਨ ਦੇ ਇਸ ਵਫਦ ਵਿੱਚ ਅੰਗਰੇਜ਼ ਮਾਨ, ਲਵਪ੍ਰੀਤ, ਸੰਪਨ, ਸਾਮਿਲ, ਸੁਨੀਲ, ਵਾਸ, ਗੁਰਮਨ ਅਤੇ ਅਰਸ ਆਦਿ ਨੌਜਵਾਨ ਸ਼ਾਮਿਲ ਸਨ।
ਵਫਦ ਦੇ ਨੁਮਾਇੰਦਿਆਂ ਨੇ ਮੰਤਰੀ ਨੂੰ ਕਿਹਾ ਕਿ ਉਹ ਗਿਆਰ੍ਹਵੀਂ ਵਾਰ ਆਪਣਾ ਮੰਗ ਪੱਤਰ ਦੇਣ ਆਏ ਹਨ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਕੂਲਾਂ ਵਿੱਚ ਖੇਤੀਬਾੜੀ ਮਾਸਟਰ ਰੱਖਣ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਮੰਤਰੀ ਨੂੰ ਇਹ ਵੀ ਦੱਸਿਆ ਕਿ ਸਕੂਲਾਂ ਵਿੱਚ ਖੇਤੀਬਾੜੀ ਦੀ ਕੋਈ ਪੜ੍ਹਾਈ ਨਹੀਂ ਹੁੰਦੀ ਜਿਸ ਕਰਕੇ ਖੇਤੀਬਾੜੀ ਯੂਨੀਵਰਸਿਟੀ ਦੇ ਦਾਖਲਿਆਂ ਸਮੇਂ ਵਿਦਿਆਰਥੀਆਂ ਨੂੰ ਕੁਝ ਪਤਾ ਨਹੀਂ ਲੱਗਦਾ ਜਿਸ ਕਰਕੇ ਦਾਖਲਾ ਲੈਣ ਵਾਲਿਆਂ ਦੀ ਗਿਣਤੀ ਵੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਖੇਤੀਬਾੜੀ ਮਾਸਟਰਾਂ ਦੀ ਭਰਤੀ ਬੰਦ ਕਰ ਦਿੱਤੀ ਗਈ ਜੋ ਦੁਬਾਰਾ ਚਾਲੂ ਕੀਤੀ ਜਾਣੀ ਚਾਹੀਦੀ ਹੈ। ਵਫਦ ਨੇ ਇਹ ਵੀ ਦੱਸਿਆ ਕਿ ਕੈਬਨਿਟ ਮੰਤਰੀ ਨੇ ਉਨ੍ਹਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਹੈ।