ਪਿੰਡਾਂ ਵਿੱਚ ਨਸ਼ਿਆਂ ਦੀ ਵਿਕਰੀ ਰੋਕਣ ਲਈ ਵਫ਼ਦ ਐੱਸਐੱਸਪੀ ਨੂੰ ਮਿਲਿਆ
ਪੱਤਰ ਪ੍ਰੇਰਕ
ਧੂਰੀ, 10 ਜੁਲਾਈ
ਭਾਰਤੀ ਕਿਸਾਨ ਯੂਨੀਅਨ ਡਕੌਂਦਾ (ਬੁਰਜਗਿੱਲ) ਦੇ ਚਾਰ ਦਰਜਨ ਤੋਂ ਵੱਧ ਕਾਰਕੁਨਾਂ ਨੇ ਐੱਸਐੱਸਪੀ ਸੰਗਰੂਰ ਨਾਲ ਮੀਟਿੰਗ ਕਰਕੇ ਪਿੰਡਾਂ ਵਿੱਚ ਨਸ਼ਿਆਂ ਦੀ ਵੱਡੀ ਪੱਧਰ ’ਤੇ ਹੋ ਰਹੀ ਵਿਕਰੀ ਰੁਕਵਾਉਣ ਲਈ ਠੋਸ ਕਦਮ ਚੁੱਕਣ ਦੀ ਮੰਗ ਕੀਤੀ। ਬੀਕੇਯੂ ਡਕੌਂਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਜ਼ਿਲ੍ਹਾ ਪ੍ਰਧਾਨ ਕਰਮ ਸਿੰਘ ਬਲਿਆਲ ਦੀ ਅਗਵਾਈ ਹੇਠ ਕਿਸਾਨਾਂ ਦੀ ਐੱਸਐੱਸਪੀ ਸੰਗਰੂਰ ਨਾਲ ਹੋਈ ਮੀਟਿੰਗ ਦੇ ਵੇਰਵੇ ਸਾਂਝੇ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਬਾਲੀਆਂ ਨੇ ਦੱਸਿਆ ਕਿ ਜਥੇਬੰਦੀ ਨਾਲ ਔਰਤ ਕਾਰਕੁਨਾਂ ਨੇ ਸੰਪਰਕ ਕਰਕੇ ਕੁੱਝ ਖਾਸ ਪਿੰਡਾਂ ਵਿੱਚ ਹੋ ਰਹੀ ਨਸ਼ੇ ਦੀ ਵਿਕਰੀ ਦਾ ਮੁੱਦਾ ਉਠਾਇਆ ਸੀ। ਬਾਲੀਆਂ ਅਨੁਸਾਰ ਜਥੇਬੰਦੀ ਨੇ ਇਹ ਸਾਰਾ ਮਾਮਲਾ ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਾਹਲ ਨੂੰ ਮਿਲਕੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਫੌਰੀ ਕਦਮ ਚੁੱਕਦਿਆਂ ਸਬੰਧਤ ਪਿੰਡਾਂ ਵਿੱਚ ਲੋਕਾਂ ਨਾਲ ਪੁਲੀਸ ਦੀਆਂ ਮੀਟਿੰਗਾਂ ਕਰਵਾਉਣ ਅਤੇ ਨਸ਼ਾ ਤਸਕਰਾਂ ’ਤੇ ਲਗਾਮ ਕੱਸਣ ਦੇ ਨਿਰਦੇਸ਼ ਦਿੱਤੇ। ਇਸ ਮੀਟਿੰਗ ਵਿੱਚ ਕਿਸਾਨ ਆਗੂ ਸਮਸ਼ੇਰ ਸਿੰਘ ਈਸਾਪੁਰ ਲੰਡਾ, ਬਲਵੀਰ ਸਿੰਘ ਕਿਲਾਹਕੀਮਾ, ਬਲਵੀਰ ਸਿੰਘ ਮਾਨ ਆਦਿ ਖਾਸ਼ ਤੌਰ ਤੇ ਹਾਜ਼ਰ ਸਨ।