ਝੂਠਾ ਕੇਸ ਰੱਦ ਕਰਨ ਲਈ ਵਫ਼ਦ ਡੀਐੱਸਪੀ ਨੂੰ ਮਿਲਿਆ
ਜਗਰਾਉਂ: ਇੱਥੇ ਡੀਐੱਸਪੀ ਨੂੰ ਵੱਖ-ਵੱਖ ਜਥੇਬੰਦੀਆਂ ਦਾ ਇੱਕ ਵਫ਼ਦ ਮਿਲਿਆ। ਵਫ਼ਦ ਵਿੱਚ ਸ਼ਾਮਲ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਥੇਬੰਦਕ ਸਕੱਤਰ ਸੁਖਦੇਵ ਸਿੰਘ ਭੂੰਦੜੀ ਨੇ ਦੱਸਿਆ ਕਿ ਪਿਛਲੇ ਦਿਨੀਂ ਪਿੰਡ ਭੂੰਦੜੀ ਵਿੱਚ ਦੋ ਨੌਜਵਾਨਾਂ ਗੁਰਪ੍ਰੀਤ ਸਿੰਘ ਉਰਫ ਗੋਪੀ ਤੇ ਜਗਵਿੰਦਰ ਸਿੰਘ ਵਿਚਕਾਰ ਹੋਏ ਝਗੜੇ ’ਚ ਚੌਕੀ ਭੂੰਦੜੀ ’ਚ ਇੱਕ ਔਰਤ ਅਤੇ ਦੋ ਵਿਅਕਤੀਆਂ ਦੇ ਨਾਂ ਗਲਤ ਲਿਖਾ ਦਿੱਤੇ ਗਏ ਸਨ। ਇਸ ਦੇ ਵਿਰੋਧ ’ਚ ਪੇਂਡੂ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਧਰਨਾ ਵੀ ਦਿੱਤਾ ਗਿਆ ਸੀ। ਵਫ਼ਦ ਨੇ ਇਹ ਝੂਠਾ ਪਰਚਾ ਰੱਦ ਕਰਨ ਦੀ ਮੰਗ ਕੀਤੀ। ਵਫ਼ਦ ’ਚ ਭਾਰਤੀ ਕਿਸਾਨ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ, ਇਨਕਲਾਬੀ ਕੇਂਦਰ ਪੰਜਾਬ ਤੇ ਨੌਜਵਾਨ ਭਾਰਤ ਸਭਾ ਦੇ ਕਾਰਕੁਨ ਸ਼ਾਮਲ ਸਨ। ਡੀਐੱਸਪੀ ਨੇ ਮਾਮਲੇ ’ਚ ਇਨਸਾਫ਼ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਕੰਵਲਜੀਤ ਖੰਨਾ, ਪ੍ਰਧਾਨ ਲਖਵਿੰਦਰ ਸਿੰਘ, ਸੂਰਜ ਰਾਏਕੋਟ, ਪ੍ਰਧਾਨ ਦਵਿੰਦਰ ਸਿੰਘ ਮਸੀਹਾਂ, ਪਾਲਾ ਸਿੰਘ, ਡਾ. ਪਰਮਜੀਤ ਸਿੰਘ, ਛਿੰਦਰਪਾਲ ਸਿੰਘ, ਬੱਗਾ ਸਿੰਘ ਰਾਣਕੇ, ਰਾਮਚੰਦ, ਮਨਜਿੰਦਰ ਸਿੰਘ, ਦਰਵਾਰਾ ਸਿੰਘ ਤੇ ਸਾਗਾ ਸਿੰਘ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ