ਟੌਲ ਪਲਾਜ਼ਾ ਵਾਲਿਆਂ ਦੀ ਧੱਕੇਸ਼ਾਹੀ ਖ਼ਿਲਾਫ਼ ਧਰਨੇ ਦਾ ਫ਼ੈਸਲਾ
ਪੱਤਰ ਪ੍ਰੇਰਕ
ਸਮਰਾਲਾ, 5 ਜੁਲਾਈ
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਸਮਰਾਲਾ ੲਿਕਾੲੀ ਦੀ ਮਹੀਨਾਵਾਰ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਯੂਨੀਅਨ ਦੇ ਲੁਧਿਆਣਾ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਕਿਸਾਨੀ ਮੁੱਦਿਆਂ ਨਾਲ ਸਬੰਧਤ ਵਿਚਾਰਾਂ ਤੋਂ ਇਲਾਵਾ ਖਰੜ ਟੌਲ ਪਲਾਜ਼ਾ ’ਤੇ 15 ਜੁਲਾਈ ਨੂੰ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ੲਿਸ ਮੌਕੇ ਬਲਵੀਰ ਸਿੰਘ ਖੀਰਨੀਆਂ ਨੇ ਖਰੜ ਟੌਲ ਪਲਾਜ਼ਾ ਦੇ ਕਰਮਚਾਰੀਆਂ ਦੁਆਰਾ ਕਿਸਾਨ ਵਰਕਰਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਮੁੱਦਾ ਉਠਾਉਂਦੇ ਹੋਏ ਕਿਹਾ ਕਿ ਉੱਥੋਂ ਦੇ ਮੁਲਾਜ਼ਮਾਂ ਵੱਲੋਂ ਕਿਸਾਨ ਆਗੂਆਂ ਅਤੇ ਵਰਕਰਾਂ, ਜਿਨ੍ਹਾਂ ਦੇ ਸ਼ਨਾਖਤੀ ਕਾਰਡ ਬਣੇ ਹੋਏ ਹਨ, ਨੂੰ ਟੌਲ ਪਲਾਜ਼ਾ ਤੋਂ ਲੰਘਣ ਮੌਕੇ ਜਲੀਲ ਕੀਤਾ ਜਾਂਦਾ ਹੈ।ਉਨ੍ਹਾਂ ਆਖਿਆ ਕਿ ਇਸ ਖ਼ਿਲਾਫ਼ ਯੂਨੀਅਨ ਨੇ ਫ਼ੈਸਲਾ ਕੀਤਾ ਕਿ 15 ਜੁਲਾਈ ਨੂੰ ਖਰੜ ਟੌਲ ਪਲਾਜ਼ਾ ’ਤੇ ਰੋਸ ਧਰਨਾ ਦਿੱਤਾ ਜਾਵੇਗਾ, ਜੇਕਰ ਫਿਰ ਵੀ ਕਰਮਚਾਰੀਆਂ ਨੇ ਆਪਣਾ ਵਤੀਰਾ ਨਾ ਬਦਲਿਆ ਤਾਂ ਪੱਕਾ ਮੋਰਚਾ ਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ।