ਯੂਕਰੇਨ ਵੱਲੋਂ ਰੂਸ ਖ਼ਿਲਾਫ਼ ਲੜਨ ਵਾਲੇ ਸਾਬਕਾ ਫੌਜੀ ਅਧਿਕਾਰੀ ਸਣੇ ਸ੍ਰੀਲੰਕਾ ਦੇ ਤਿੰਨ ਨਾਗਰਿਕਾਂ ਦੀ ਮੌਤ
ਕੋਲੰਬੋ, 7 ਦਸੰਬਰ
ਰੂਸੀ ਹਮਲਿਆਂ 'ਚ ਯੂਕਰੇਨ ਲਈ ਲੜ ਰਹੇ ਸ੍ਰੀਲੰਕਾਂ ਦੇ ਸੇਵਾਮੁਕਤ ਫੌਜੀ ਅਧਿਕਾਰੀ ਸਮੇਤ ਤਿੰਨ ਲੰਕਾਈ ਨਾਗਰਿਕਾਂ ਦੀ ਮੌਤ ਹੋ ਗਈ ਹੈ। ਤੁਰਕੀ ਦੇ ਅੰਕਾਰਾ ਵਿੱਚ ਲੰਕਾ ਦੇ ਦੂਤਾਵਾਸ ਨੇ ਆਪਣੇ ਨਾਗਰਿਕਾਂ ਦੀ ਮੌਤ ਦਾ ਐਲਾਨ ਕੀਤਾ ਹੈ ਤੇ ਰੂਸ ਖਿਲਾਫ ਯੂਕਰੇਨੀ ਫੌਜਾਂ ਵੱਲੋਂ ਲੜ ਰਹੇ ਸਨ। ਸ੍ਰੀਲੰਕਾ ਦੇ ਸਾਬਕਾ ਫੌਜੀ ਅਫਸਰ ਸਿਲਵੇਸਟਰ ਐਂਡਰਿਊ ਰੈਨਿਸ਼ ਹੇਵੇਜ 4 ਦਸੰਬਰ ਨੂੰ ਰੂਸੀ ਤੋਪਖਾਨੇ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਯੂਕਰੇਨ ਵਲੋਂ ਲੜ ਕੇ ਜਾਨ ਦੇਣ ਬਾਰੇ ਸਾਬਕਾ ਅਧਿਕਾਰੀ ਬਾਰੇ ਸ੍ਰੀਲੰਕਾ ਫੌਜ ਦੇ ਬੁਲਾਰੇ ਅਤੇ ਡਾਇਰੈਕਟਰ ਮੀਡੀਆ ਬ੍ਰਿਗੇਡੀਅਰ ਰਵੀ ਹੇਰਾਥ ਨੇ ਦੱਸਿਆ ਕਿ ਨਾ ਤਾਂ ਲੰਕਾ ਅਤੇ ਨਾ ਹੀ ਫੌਜ ਦਾ ਦੂਜੇ ਦੇਸ਼ਾਂ ਲਈ ਲੜ ਰਹੇ ਸਾਬਕਾ ਫੌਜੀ ਅਧਿਕਾਰੀਆਂ ਨਾਲ ਕੋਈ ਸਬੰਧ ਹੈ। ਉਹ ਭਾੜੇ ਦੇ ਹਨ ਅਤੇ ਸਾਡਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਰੂਸ ਵੀ ਇਸ ਨੂੰ ਸਮਝਦਾ ਹੈ। ਫੌਜ ਦੇ ਬੁਲਾਰੇ ਨੇ ਕਿਹਾ ਕਿ ਕਿਸੇ ਵੀ ਸਾਬਕਾ ਫੌਜੀ ਨੂੰ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕ ਬਲਾਂ ਅਤੇ ਹੋਰ ਕਾਨੂੰਨੀ ਫੌਜੀ ਸੇਵਾਵਾਂ ਦੇ ਮਾਮਲਿਆਂ ਨੂੰ ਛੱਡ ਕੇ ਕਿਸੇ ਹੋਰ ਦੇਸ਼ ਲਈ ਸੇਵਾ ਕਰਨ ਲਈ ਉਤਸ਼ਾਹਿਤ ਨਹੀਂ ਕੀਤਾ ਜਾਂਦਾ ਹੈ।