ਖਾਲੀ ਪਲਾਟ ਵਿੱਚੋਂ ਲੜਕੀ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ
ਯਮੁਨਾਨਗਰ, 8 ਜੂਨ
ਇੱਥੇ ਜਗਾਧਰੀ ਸ਼ਰਮਾ ਟੈਂਟ ਹਾਊਸ ਕੋਲ ਖਾਲੀ ਪਲਾਟ ਵਿੱਚ 20 ਸਾਲਾ ਲੜਕੀ ਦੀ ਲਾਸ਼ ਸੜੀ ਹੋਈ ਹਾਲਤ ਵਿੱਚ ਮਿਲੀ ਹੈ । ਸੂਚਨਾ ਮਿਲਦੇ ਹੀ ਪੁਰਾਣਾ ਗੇਟ ਪੁਲੀਸ ਚੌਕੀ ਦੇ ਇੰਚਾਰਜ ਗੁਰਦਿਆਲ ਸਿੰਘ ਨੇ ਤੁਰੰਤ ਫੋਰੈਂਸਿਕ ਟੀਮ ਨੂੰ ਮੌਕੇ ‘ਤੇ ਬੁਲਾਇਆ ਅਤੇ ਜਾਂਚ ਕਰਵਾਈ । ਮਿਲੀ ਜਾਣਕਾਰੀ ਮੁਤਾਬਕ ਅੱਜ ਖਾਲੀ ਪਲਾਟ ਦੀ ਸਫ਼ਾਈ ਲਈ ਜੇਸੀਬੀ ਮਸ਼ੀਨ ਮੰਗਵਾਈ ਗਈ ਸੀ । ਜਿਵੇਂ ਹੀ ਖੁਦਾਈ ਦਾ ਕੰਮ ਸ਼ੁਰੂ ਹੋਇਆ ਤਾਂ ਖੁਦਾਈ ਦੌਰਾਨ ਗਲੀ ਸੜੀ ਹਾਲਤ ਵਿੱਚ ਲੜਕੀ ਦੀ ਲਾਸ਼ ਮਿਲੀ । ਕਾਲੋਨੀ ਵਾਸੀ ਰਾਜੂ ਨੇ ਦੱਸਿਆ ਕਿ ਖਾਲੀ ਪਏ ਪਲਾਟ ਵਿੱਚੋਂ ਕਈ ਦਿਨਾਂ ਤੋਂ ਬਦਬੂ ਆ ਰਹੀ ਸੀ ।ਅੱਜ ਜਦੋਂ ਜੇਸੀਬੀ ਮਸ਼ੀਨ ਨਾਲ ਪਲਾਟ ਦੀ ਸਫ਼ਾਈ ਦਾ ਕੰਮ ਕੀਤਾ ਜਾ ਰਿਹਾ ਸੀ ਤਾਂ ਇਸ ਦੌਰਾਨ ਇੱਕ ਲੜਕੀ ਦੀ ਲਾਸ਼ ਜਿਸ ਦੇ ਲੰਬੇ ਵਾਲ ਸਨ ਅਤੇ ਜਿਸ ਦੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ ਪਈ ਸੀ। ਮੌਕੇ ‘ਤੇ ਮੌਜੂਦ ਰਾਧੇਸ਼ਿਆਮ ਦਾ ਕਹਿਣਾ ਹੈ ਕਿ ਲੜਕੀ ਦੀ ਉਮਰ 19 ਤੋਂ 20 ਸਾਲ ਦੇ ਕਰੀਬ ਜਾਪਦੀ ਹੈ, ਉਸ ਦੇ ਲੰਬੇ ਵਾਲ ਸਨ ਅਤੇ ਸਰੀਰ ‘ਤੇ ਕੋਈ ਕੱਪੜਾ ਨਹੀਂ ਸੀ। ਬੂਡੀਆ ਗੇਟ ਪੁਲੀਸ ਚੌਕੀ ਇੰਚਾਰਜ ਗੁਰਦਿਆਲ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਜਗਾਧਰੀ ਦੇ ਸਿਵਲ ਹਸਪਤਾਲ ਦੀ ਮੌਰਚਰੀ ‘ਚ ਭੇਜ ਦਿੱਤਾ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਮ੍ਰਿਤਕਾ ਦੀ ਪਛਾਣ ਨਹੀਂ ਹੋ ਸਕੀ ਹੈ।