ਚੇਤਿਆਂ ’ਚ ਵਸਿਆ 26 ਜਨਵਰੀ ਦਾ ਦਿਹਾੜਾ
ਪ੍ਰਿੰਸੀਪਲ ਵਿਜੈ ਕੁਮਾਰ
ਸਕੂਲਾਂ ਦੀ ਗਿਣਤੀ ਘੱਟ ਹੋਣ ਕਰ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਬੱਚੇ ਸਾਡੇ ਪਿੰਡ ਦੇ ਹਾਈ ਸਕੂਲ ਵਿਚ ਹੀ ਪੜ੍ਹਨ ਆਉਂਦੇ ਸਨ। ਸਕੂਲ ਵਿਚ ਬੱਚਿਆਂ ਦੀ ਗਿਣਤੀ ਬਹੁਤ ਜਿ਼ਆਦਾ ਹੋਣ ਕਾਰਨ ਇਲਾਕੇ ਦੀਆਂ ਧਾਰਮਿਕ ਸ਼ਖ਼ਸੀਅਤਾਂ, ਸਿਆਸਤਦਾਨ, ਆਜ਼ਾਦੀ ਘੁਲਾਟੀਏ, ਸੇਵਾ ਮੁਕਤ ਫੌਜੀ ਜਵਾਨ ਤੇ ਅਫਸਰ ਜੋ ਸਾਡੇ ਸਕੂਲ ਦੇ ਵਿਦਿਆਰਥੀ ਹੁੰਦੇ ਸਨ, ਅਕਸਰ ਆਉਂਦੇ ਰਹਿੰਦੇ ਸਨ। ਸਕੂਲ ਦੇ ਹੈੱਡਮਾਸਟਰ ਗੁਰਚਰਨ ਸਿੰਘ ਵਿਰਕ ਦਾ ਸਬੰਧ ਵੀ ਫੌਜੀ ਪਰਿਵਾਰਾਂ ਨਾਲ ਸੀ। ਉਨ੍ਹਾਂ ਦੇ ਪਿਤਾ ਜੀ, ਭਰਾ, ਸਹੁਰਾ ਅਤੇ ਸਾਲ਼ੇ ਵੀ ਫੌਜ ਵਿਚ ਸਨ। ਉਨ੍ਹਾਂ ਦੇ ਮਨ ਅੰਦਰ ਆਪਣੇ ਦੇਸ਼ ਪ੍ਰਤੀ ਬਹੁਤ ਲਗਾਓ ਸੀ। ਉਹ ਸਮੇਂ ਸਮੇਂ ਆਜ਼ਾਦੀ ਘੁਲਾਟੀਆਂ, ਸਾਬਕਾ ਫੌਜੀਆਂ ਅਤੇ ਉੱਚ ਦਰਜੇ ਦੇ ਹੋਰ ਅਧਿਕਾਰੀਆਂ ਨੂੰ ਸਕੂਲ ਬੁਲਾ ਕੇ ਉਨ੍ਹਾਂ ਦੇ ਤਜਰਬੇ ਸਕੂਲ ਦੇ ਬੱਚਿਆਂ ਨੂੰ ਸੁਣਾਉਂਦੇ ਰਹਿੰਦੇ ਸਨ। ਮੈਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਉਸ ਸਕੂਲ ਦਾ ਵਿਦਿਆਰਥੀ ਰਿਹਾ ਹਾਂ। ਉਸ ਸਮੇਂ ਮੈਨੂੰ ਸਿੱਖਣ ਲਈ ਬਹੁਤ ਕੁਝ ਮਿਲਿਆ। ਉਨ੍ਹਾਂ ਦੀ ਇੱਛਾ ਹੁੰਦੀ ਸੀ ਕਿ ਸਕੂਲ ਦੇ ਬੱਚਿਆਂ ਅੰਦਰ ਦੇਸ਼ ਭਗਤੀ ਦਾ ਜਜ਼ਬਾ ਵੱਧ ਤੋਂ ਵੱਧ ਪੈਦਾ ਕੀਤਾ ਜਾਵੇ। 15 ਅਗਸਤ ਅਤੇ 26 ਜਨਵਰੀ ਦੇ ਦਿਹਾੜੇ ਸਾਡੇ ਸਕੂਲ ਵਿਚ ਇੰਨੇ ਵਧੀਆ ਢੰਗ ਨਾਲ ਮਨਾਏ ਜਾਂਦੇ ਸਨ ਕਿ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਇਲਾਕੇ ਦੇ ਲੋਕਾਂ ਨੂੰ ਇਨ੍ਹਾਂ ਦਿਨਾਂ ਦੀ ਉਡੀਕ ਹੁੰਦੀ ਸੀ। ਇਲਾਕੇ ਦੇ ਆਜ਼ਾਦੀ ਘੁਲਾਟੀਆਂ, ਪ੍ਰਸਿੱਧ ਵਿਅਕਤੀਆਂ, ਫੌਜੀਆਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਇਨ੍ਹਾਂ ਦਿਹਾੜਿਆਂ ’ਤੇ ਬੁਲਾਉਣਾ ਹੈੱਡਮਾਸਟਰ ਕਦੇ ਨਹੀਂ ਭੁੱਲਦੇ ਸਨ।
ਹਰ ਆਜ਼ਾਦੀ ਘੁਲਾਟੀਏ ਨੂੰ ਇਨ੍ਹਾਂ ਦਿਨਾਂ ’ਤੇ ਸਨਮਾਨਿਤ ਕਰਨਾ, ਬੱਚਿਆਂ ਨਾਲ ਉਨ੍ਹਾਂ ਦੇ ਆਜ਼ਾਦੀ ਪ੍ਰਾਪਤ ਕਰਨ ਦੇ ਅਨੁਭਵ ਸਾਂਝੇ ਕਰਵਾਉਣੇ ਅਤੇ ਸੇਵਾ ਮੁਕਤ ਫੌਜੀ ਅਫਸਰਾਂ ਨਾਲ ਮੁਲਾਕਾਤ ਕਰਵਾਉਣਾ ਉਨ੍ਹਾਂ ਦਾ ਨੇਮ ਹੀ ਸੀ। ਸਕੂਲ ਦੇ ਅਨੇਕ ਬੱਚੇ ਉਨ੍ਹਾਂ ਤੋਂ ਪ੍ਰੇਰਿਤ ਹੋ ਕੇ ਫੌਜ ’ਚ ਭਰਤੀ ਹੋਏ। ਹੈੱਡਮਾਸਟਰ ਸਾਹਿਬ ਦਾ ਆਜ਼ਾਦੀ ਨਾਲ ਜੁੜਿਆ ਭਾਸ਼ਣ ਇੰਨਾ ਭਾਵੁਕ, ਗਿਆਨ ਭਰਪੂਰ, ਰੌਚਕ ਤੇ ਪ੍ਰੇਰਨਾਦਾਇਕ ਹੁੰਦਾ ਕਿ ਭਾਸ਼ਣ ਸਮੇਂ ਖਾਮੋਸ਼ੀ ਛਾ ਜਾਂਦੀ ਸੀ। 15 ਅਗਸਤ ਅਤੇ 26 ਜਨਵਰੀ ਵਾਲੇ ਦਿਨ ਉਹ ਬਸੰਤੀ ਰੰਗ ਦੀ ਪਗੜੀ ਬੰਨ੍ਹ ਕੇ ਆਉਂਦੇ ਸਨ। ਇੱਕ ਵਾਰ 26 ਜਨਵਰੀ ਦੇ ਦਿਹਾੜੇ ’ਤੇ ਇੱਕ ਆਜ਼ਾਦੀ ਘੁਲਾਟੀਏ ਨੇ ਮੰਚ ਤੋਂ ਉਨ੍ਹਾਂ ਨੂੰ ਕਿਹਾ, “ਹੈੱਡਮਾਸਟਰ ਸਾਹਿਬ, ਤੁਸੀਂ ਆਜ਼ਾਦੀ ਅਤੇ ਗਣਤੰਤਰ ਦਿਵਸ ਉੱਤੇ ਬਸੰਤੀ ਰੰਗ ਦੀ ਪਗੜੀ ਕਿਉਂ ਬੰਨ੍ਹਦੇ ਹੋ?” ਉਨ੍ਹਾਂ ਜੋ ਜਵਾਬ ਦਿੱਤਾ, ਉਸ ਨੂੰ ਸੁਣ ਕੇ ਪੰਡਾਲ ਵਿਚ ਬੈਠੇ ਸਾਰੇ ਦਰਸ਼ਕ ਭਾਵੁਕ ਹੋ ਗਏ। ਉਨ੍ਹਾਂ ਕਿਹਾ, “ਸਾਡੇ ਦੇਸ਼ ਭਗਤਾਂ ਨੇ ਬਸੰਤੀ ਚੋਲਾ ਪਾ ਕੇ ਹੀ ਕੁਰਬਾਨੀਆਂ ਦਿੱਤੀਆਂ ਸਨ। ਮੈਂ ਆਪਣੇ ਦੇਸ਼ ਲਈ ਕੁਰਬਾਨੀ ਤਾਂ ਨਹੀਂ ਦੇ ਸਕਿਆ, ਉਨ੍ਹਾਂ ਦੇ ਦੇਸ਼ਵਾਸੀਆਂ ਨੂੰ ਦਿੱਤੇ ਸੁਨੇਹੇ ਅਨੁਸਾਰ ਬਸੰਤੀ ਪਗੜੀ ਤਾਂ ਬੰਨ੍ਹ ਹੀ ਸਕਦਾ ਹਾਂ। ਮੈਂ ਤਾਂ ਚਾਹਾਂਗਾ ਕਿ ਹਰ ਦੇਸ਼ ਵਾਸੀ ਇਨ੍ਹਾਂ ਦਿਹਾੜਿਆਂ ਉੱਤੇ ਬਸੰਤੀ ਪਗੜੀ ਅਤੇ ਪਹਿਰਾਵਾ ਪਾਵੇ।” ਉਨ੍ਹਾਂ ਦੇ ਇਸ ਸੁਨੇਹੇ ’ਤੇ ਇਨ੍ਹਾਂ ਦਿਹਾੜਿਆਂ ਮੌਕੇ ਸਕੂਲ ਦੇ ਹਰ ਅਧਿਆਪਕ ਨੇ ਬਸੰਤੀ ਪਗੜੀ ਤੇ ਟੋਪੀ ਪਾਉਣੀ ਅਤੇ ਅਧਿਆਪਕਾਵਾਂ ਨੇ ਬਸੰਤੀ ਚੁੰਨੀ ਲੈਣੀ ਸ਼ੁਰੂ ਕਰ ਦਿੱਤੀ ਸੀ। ਸਾਡੇ ਸਕੂਲ ਤੋਂ ਸੇਵਾ ਮੁਕਤ ਅਧਿਆਪਕ ਇਨ੍ਹਾਂ ਦਿਹਾੜਿਆਂ ਉੱਤੇ ਲਾਜ਼ਮੀ ਪਹੁੰਚਦੇ।
ਸਾਡੇ ਸਕੂਲ ਵਿਚ ਕੋਈ ਸੰਗੀਤ ਅਧਿਆਪਕ ਨਹੀਂ ਸੀ ਹੁੰਦਾ ਪਰ 26 ਜਨਵਰੀ ਦੇ ਦਿਹਾੜੇ ’ਤੇ ਦੇਸ਼ ਭਗਤੀ ਨਾਲ ਜੁੜਿਆ ਸੱਭਿਆਚਾਰਕ ਪ੍ਰੋਗਰਾਮ ਬਹੁਤ ਮਨਮੋਹਕ ਹੁੰਦਾ ਸੀ। ਸ਼ਾਸਤਰੀ ਰਾਮ ਸਰੂਪ, ਜਗਨ ਨਾਥ, ਗਿਆਨੀ ਨਰਿੰਦਰ ਸਿੰਘ, ਹਰਸਿ਼ੰਦਰ ਕੌਰ ਅਤੇ ਹਰੀਸ਼ ਕੁਮਾਰੀ ਸੰਗੀਤ ਅਧਿਆਪਕਾਂ ਦੀ ਭੂਮਿਕਾ ਖੁਦ ਹੀ ਨਿਭਾਉਂਦੇ। ਇਨ੍ਹਾਂ ਸੱਭਿਆਚਾਰਕ ਪ੍ਰੋਗਰਾਮਾਂ ਵਿਚ ਭਾਗ ਲੈਣ ਵਾਲੇ ਬੱਚੇ ਬਹੁਤ ਵਧੀਆ ਬੁਲਾਰੇ, ਕੈਬਨਿਟ ਮੰਤਰੀ, ਵਕੀਲ, ਪ੍ਰੋਫੈਸਰ ਅਤੇ ਉੱਚ ਅਧਿਕਾਰੀ ਬਣੇ।
ਇੱਕ ਵਾਰ 26 ਜਨਵਰੀ ਦੇ ਦਿਹਾੜੇ ’ਤੇ ਸਾਡੇ ਸਕੂਲ ਦਾ ਪੜ੍ਹਿਆ ਫੌਜੀ ਆਇਆ ਹੋਇਆ ਸੀ। ਉਸ ਨੇ 1971 ਦੀ ਭਾਰਤ ਪਾਕਿਸਤਾਨ ਜੰਗ ਲੜੀ ਸੀ। ਉਹ ਸਾਡੇ ਪਿੰਡ ਦੇ ਨਾਲ ਪੈਂਦੇ ਪਿੰਡ ਮੋਠਾ ਪੁਰ ਦਾ ਵਸਨੀਕ ਸੀ। ਸਾਡੇ ਹੈੱਡਮਾਸਟਰ ਸਾਹਿਬ ਨੂੰ ਉਸ ਬਾਰੇ ਸਾਰਾ ਕੁਝ ਪਤਾ ਸੀ। ਉਸ ਦਾ ਸਨਮਾਨ ਕਰਨ ਲਈ ਉਸ ਨੂੰ 26 ਜਨਵਰੀ ਦੇ ਦਿਹਾੜੇ ’ਤੇ ਸੱਦਾ ਭੇਜਿਆ ਹੋਇਆ ਸੀ। ਜਦੋਂ ਮੰਚ ਸੰਚਾਲਕ ਨੇ ਉਸ ਨੂੰ ਜੰਗ ਬਾਰੇ ਆਪਣੇ ਅਨੁਭਵ ਸਕੂਲ ਦੇ ਬੱਚਿਆਂ ਨਾਲ ਸਾਂਝੇ ਕਰਨ ਲਈ ਸੱਦਾ ਦਿੱਤਾ ਤਾਂ ਉਸ ਨੂੰ ਦੇਖ ਕੇ ਪੰਡਾਲ ਵਿਚ ਬੈਠੇ ਬੱਚੇ ਅਤੇ ਉਨ੍ਹਾਂ ਦੇ ਮਾਪੇ ਹੈਰਾਨ ਰਹਿ ਗਏ। ਉਸ ਦਾ ਮੂੰਹ ਬਹੁਤ ਬੁਰੀ ਤਰ੍ਹਾਂ ਜ਼ਖ਼ਮੀ ਹੋਇਆ ਸੀ। ਉਹ ਬਹੁਤ ਔਖਾ ਹੋ ਕੇ ਤੁਰ ਰਿਹਾ ਸੀ, ਉਸ ਦੀਆਂ ਲੱਤਾਂ ਬਾਹਾਂ ਜੰਗ ਵਿਚ ਟੁੱਟ ਗਈਆਂ ਸਨ।
ਮੰਚ ’ਤੇ ਉਸ ਨੇ ਕਿਹਾ, “ਪਿਆਰੇ ਬੱਚਿਓ, ਤੁਹਾਨੂੰ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ, ਇਹ ਦੁਸ਼ਮਣ ਦੀਆਂ ਗੋਲੀਆਂ ਕਾਰਨ ਹੋਇਆ ਹੈ। ਜਦੋਂ ਮੈਂ ਆਪਣੀ ਪਲਟਣ ਦੀ ਅਗਵਾਈ ਕਰਦਾ ਹੋਇਆ ਦੁਸ਼ਮਣ ਦੀਆਂ ਗੋਲੀਆਂ ਦਾ ਸਾਹਮਣਾ ਕਰ ਰਿਹਾ ਸਾਂ ਤਾਂ ਮੇਰੀਆਂ ਅੱਖਾਂ ਅੱਗੇ ਆਪਣੇ ਸਕੂਲ ਦੇ ਆਜ਼ਾਦੀ ਦਿਹਾੜਿਆਂ ਉੱਤੇ ਆਜ਼ਾਦੀ ਘੁਲਾਟੀਆਂ ਅਤੇ ਆਪਣੇ ਮੁੱਖ ਅਧਿਆਪਕ ਦੇ ਕਹੇ ਹੋਏ ਸ਼ਬਦ ਕਿ ਹਰ ਦੇਸ਼ ਵਾਸੀ ਦਾ ਇਹ ਫ਼ਰਜ਼ ਹੈ ਕਿ ਉਹ ਆਪਣੀ ਭਾਰਤ ਮਾਤਾ ਦਾ ਕਰਜ਼ ਉਤਾਰੇ, ਘੁੰਮ ਰਹੇ ਸਨ। ਜੰਗ ਦੌਰਾਨ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਤਾਂ ਹੋ ਗਿਆ ਪਰ ਇਨ੍ਹਾਂ ਸ਼ਬਦਾਂ ਤੋਂ ਪ੍ਰੇਰਿਤ ਹੋ ਕੇ ਅਸੀਂ ਦੁਸ਼ਮਣ ਦੀ ਫੌਜ ਨੂੰ ਸਰਹੱਦ ਤੋਂ ਭਜਾ ਕੇ ਹੀ ਸਾਹ ਲਿਆ।”
ਫੌਜੀ ਜਵਾਨ ਦੇ ਇਹ ਸ਼ਬਦ ਸੁਣ ਕੇ ਬੱਚਿਆਂ ਦੇ ਮਾਪੇ ਭਾਵੁਕ ਹੋ ਗਏ। ਮੁੱਖ ਅਧਿਆਪਕ ਨੇ ਉਸ ਨੂੰ ਸ਼ਾਬਾਸ਼ ਦਿੰਦੇ ਹੋਏ ਕਿਹਾ, “ਪੁੱਤਰਾ, ਤੂੰ ਆਪਣਾ ਕਰਜ਼ ਉਤਾਰਨ ਦੇ ਨਾਲ ਨਾਲ ਮੇਰਾ ਕਰਜ਼ ਵੀ ਉਤਾਰ ਦਿੱਤਾ ਹੈ।”
ਮੈਨੂੰ ਅੱਜ ਵੀ ਉਸ ਫੌਜੀ ਮੁੰਡੇ ਦੇ ਸ਼ਬਦ ਯਾਦ ਹਨ। 26 ਜਨਵਰੀ ਦੇ ਦਿਹਾੜੇ ਦੀਆਂ ਉਹ ਯਾਦਾਂ ਅੱਜ ਵੀ ਚੇਤਿਆਂ ਵਿਚ ਵਸੀਆਂ ਹੋਈਆ ਹਨ। ਇਹ ਯਾਦਾਂ ਸਦਾ ਪ੍ਰੇਰਦੀਆਂ ਰਹੀਆਂ ਹਨ। ਮੇਰੇ ਨਾਲ ਪੜ੍ਹੇ ਮੁੰਡੇ ਜਦੋਂ ਵੀ ਮਿਲਦੇ ਹਨ, 26 ਜਨਵਰੀ ਨਾਲ ਜੁੜੀਆਂ ਇਨ੍ਹਾਂ ਯਾਦਾਂ ਦਾ ਜਿ਼ਕਰ ਜ਼ਰੂਰ ਕਰਦੇ ਹਨ।
ਸੰਪਰਕ: 98726-27136