For the best experience, open
https://m.punjabitribuneonline.com
on your mobile browser.
Advertisement

ਟਰੰਪ ’ਤੇ ਹਮਲਾ ਰਾਸ਼ਟਰਪਤੀ ਚੋਣ ’ਚ ਦਿਲਚਸਪ ਮੋੜ

08:28 AM Jul 20, 2024 IST
ਟਰੰਪ ’ਤੇ ਹਮਲਾ ਰਾਸ਼ਟਰਪਤੀ ਚੋਣ ’ਚ ਦਿਲਚਸਪ ਮੋੜ
Advertisement
ਦਰਬਾਰਾ ਸਿੰਘ ਕਾਹਲੋਂ

ਸ਼ਨਿੱਚਰਵਾਰ 13 ਜੁਲਾਈ 2024 ਨੂੰ ਅਮਰੀਕੀ ਰਾਸ਼ਟਰਪਤੀ ਪਦ ਲਈ ਚੋਣ ਵਿਚ ਰਿਪਬਲਿਕਨ ਪਾਰਟੀ ਦੇ ਨਾਮਜ਼ਦ ਕੀਤੇ ਜਾਣ ਵਾਲੇ ਤਾਕਤਵਰ ਉਮੀਦਵਾਰ, ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਕੋਈ ਪਹਿਲੇ ਰਾਸ਼ਟਰਪਤੀ ਨਹੀਂ ਜਿਨ੍ਹਾਂ ਨੂੰ ਕਤਲ ਕਰਨ ਦਾ ਯਤਨ ਕੀਤਾ ਗਿਆ। ਥਾਮਸ ਮੈਥਿਊ ਕਰੁਕਸ ਨੇ ਬਟਲਰ (ਪੈਨਸਲਵੇਨੀਆ) ਰੈਲੀ ਦੌਰਾਨ ਸੈਮੀ ਸਵੈ-ਚਾਲਤ ਬੰਦੂਕ ਏਅਰ15 ਨਾਲ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਗੋਲੀ ਉਨ੍ਹਾਂ ਦੇ ਸੱਜੇ ਕੰਨ ਨਾਲ ਖਹਿੰਦੀ ਗੁਜ਼ਰ ਗਈ। ਸੁਰੱਖਿਆ ਦਸਤੇ ਨੇ ਕਾਤਲ ਨੂੰ ਮੌਕੇ ’ਤੇ ਹੀ ਮਾਰ ਮੁਕਾਇਆ।
ਰਾਸ਼ਟਰਪਤੀ ਇਬਰਾਹਿਮ ਲਿੰਕਨ ਪਹਿਲੇ ਐਸੇ ਅਮਰੀਕੀ ਰਾਸ਼ਟਰਪਤੀ ਸਨ ਜਿਨ੍ਹਾਂ ’ਤੇ 1865 ਵਿਚ ਘਰੋਗੀ ਜੰਗ ਸਮੇਂ ਗੁਲਾਮ ਪ੍ਰਥਾ ਦੇ ਹਾਮੀ ਐਕਟਰ ਜਾਹਨ ਵਿਲਕਸ ਬੂਥ ਨੇ ਵਾਸ਼ਿੰਗਟਿਨ ਵਿਚ ਥੀਏਟਰ ਅੰਦਰ ਸਿਰ ਵਿਚ ਪਿੱਛੋਂ ਗੋਲੀ ਮਾਰੀ ਸੀ। ਉਹ ਅਗਲੇ ਦਿਨ ਚੱਲ ਵਸੇ ਸਨ। ਜੁਲਾਈ 1881 ਵਿਚ ਘਰੋਗੀ ਜੰਗ ਸਮੇਂ ਦੇ ਜਨਰਲ ਰਹੇ, ਰਾਸ਼ਟਰਪਤੀ ਜੇਮਜ਼ ਗਾਰਫੀਲਡ ਨੂੰ ਚਾਰਲਸ ਗੈਟਿਊ ਨਾਮਕ ਸ਼ਖ਼ਸ ਨੇ ਅਹੁਦਾ ਸੰਭਾਲਣ ਦੇ 6 ਮਹੀਨੇ ਬਾਅਦ ਹੀ ਕਤਲ ਕਰ ਦਿੱਤਾ ਸੀ। ਸਤੰਬਰ 1901 ਵਿਚ ਘਰੋਗੀ ਜੰਗ ਵੇਲੇ ਲੜਾਕੂ ਰਹੇ ਰਾਸ਼ਟਰਪਤੀ ਵਿਲੀਅਮ ਮਕਿਨਲੇ ਨੂੰ ਲਿਓਨ ਜ਼ੋਲਗੋਜ਼ ਨਾਮਕ ਅਰਾਜਕਤਾਵਾਦੀ ਨੇ ਬਿਲਕੁਲ ਕਰੀਬ ਤੋਂ ਛਾਤੀ ਵਿਚ ਗੋਲੀ ਮਾਰੀ। ਕੁਝ ਦਿਨਾਂ ਵਿਚ ਜ਼ਖ਼ਮ ਗੈਂਗਰੀਨ ਦਾ ਰੂਪ ਧਾਰਨ ਕਰ ਗਿਆ ਅਤੇ ਉਹ ਚੱਲ ਵਸੇ। ਅਮਰੀਕੀ ਕਾਂਗਰਸ ਨੂੰ ਰਾਸ਼ਟਰਪਤੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਗੁਪਤ ਸੁਰੱਖਿਆ ਦਸਤੇ ਨਿਯੁਕਤ ਕਰਨ ਸਬੰਧੀ ਬਿੱਲ ਪਾਸ ਕਰਨਾ ਪਿਆ।
ਨਵੰਬਰ 1963 ਵਿਚ ਸਭ ਤੋਂ ਛੋਟੀ ਉਮਰੇ ਰਾਸ਼ਟਰਪਤੀ ਬਣਨ ਵਾਲੇ ਹਰਮਨ ਪਿਆਰੇ ਜਾਹਨ ਐੱਫ ਕੈਨੇਡੀ ਨੂੰ ਡੈਲਸ ਵਿੱਚ ਮੋਟਰ ਕਾਫਲੇ ਵਿਚ ਜਾਂਦੇ ਹੋਏ ਲੀ ਹਾਰਵੇ ਉਸਵਾਲਡ ਨੇ ਗੋਲੀ ਮਾਰ ਕੇ ਮਾਰ ਦਿੱਤਾ। ਉਸ ਮੌਕੇ ਰਾਸ਼ਟਰਪਤੀ ਦੀ ਪਤਨੀ ਜੈਕੁਲੀਨ ਉਨ੍ਹਾਂ ਨਾਲ ਬੈਠੀ ਸੀ। 1968 ਵਿਚ ਰਾਸ਼ਟਰਪਤੀ ਪਦ ਦੀ ਨਾਮਜ਼ਦਗੀ ਤੋਂ ਪ੍ਰਾਇਮਰੀ ਚੋਣਾਂ ਲੜ ਰਹੇ ਮਰਹੂਮ ਰਾਸ਼ਟਰਪਤੀ ਜਾਹਨ ਐੱਫ ਕੈਨੇਡੀ ਦੇ ਭਰਾ ਰਾਬਰਟ ਐੱਫ ਕੈਨੇਡੀ ਨੂੰ ਲਾਸ ਏਂਜਲਸ ਹੋਟਲ ਵਿਖੇ ਗੋਲੀ ਮਾਰ ਦਿੱਤੀ ਜਿਸ ਦੀ ਤਾਬ ਨਾ ਝੱਲਦੇ ਉਹ ਅਗਲੇ ਦਿਨ ਚੱਲ ਵਸੇ।
1912 ਜਾਹਨ ਸ਼ਰੈਂਕ ਨੇ ਰਾਸ਼ਟਰਪਤੀ ਥਿਊਡਰ ਰੂਜ਼ਵੈਲਟ ’ਤੇ ਗੋਲੀ ਚਲਾਈ ਪਰ ਉਹ ਗੰਭੀਰ ਜ਼ਖ਼ਮੀ ਨਹੀਂ ਹੋਏ ਅਤੇ ਬਚ ਗਏ। ਇਵੇਂ ਹੀ 1975 ਵਿਚ ਦੋ ਔਰਤਾਂ ਨੇ ਦੋ ਵਾਰ ਰਾਸ਼ਟਰਪਤੀ ਜੈਰਾਲਡ ਫੋਰਡ ’ਤੇ ਹਮਲੇ ਕਰਨ ਦਾ ਯਤਨ ਕੀਤਾ। ਇੱਕ ਦੇ ਪਿਸਤੌਲ ਵਿਚ ਗੋਲੀ ਹੀ ਨਹੀਂ ਸੀ ਅਤੇ ਦੂਜੀ ਦਾ ਹਥਿਆਰ ਕੋਲ ਖੜ੍ਹੇ ਸੁਚੇਤ ਸ਼ਖ਼ਸ ਨੇ ਫੁਰਤੀ ਨਾਲ ਖੋਹ ਲਿਆ। ਮਾਰਚ 1981 ਵਿਚ ਰਾਸ਼ਟਰਪਤੀ ਰੋਨਾਲਡ ਰੀਗਨ ’ਤੇ ਹਿਲਟਨ ਹੋਟਲ ਵਾਸ਼ਿੰਗਟਨ ਤੋਂ ਬਾਹਰ ਆਉਂਦੇ ਬੰਦੂਕਧਾਰੀ ਨੇ ਕਈ ਗੋਲੀਆਂ ਦਾਗੀਆਂ। ਇੱਕ ਗੋਲੀ ਉਨ੍ਹਾਂ ਦੀ ਬਾਂਹ ਹੇਠ ਲੱਗੀ। ਸੁਰੱਖਿਆ ਦਸਤੇ ਨੇ ਹਮਲਾਵਰ ਦਬੋਚ ਲਿਆ। ਰਾਸ਼ਟਰਪਤੀ ਰੀਗਨ ਵਾਲ-ਵਾਲ ਬਚੇ।
ਟਰੰਪ ਉੱਤੇ ਹਾਲੀਆ ਹਮਲੇ ਦੇ ਪ੍ਰਤੀਕਰਮ ਵਜੋਂ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਅਮਰੀਕਾ ਅੰਦਰ ਐਸੀ ਹਿੰਸਾ ਦੀ ਕੋਈ ਥਾਂ ਨਹੀਂ। ਅਟਾਰਨੀ ਜਨਰਲ ਮੈਰਿਕ ਗਾਰਲੈਂਡ ਦਾ ਕਹਿਣਾ ਹੈ ਕਿ ਅਜਿਹੀ ਹਿੰਸਾ ਅਮਰੀਕੀ ਲੋਕਤੰਤਰ ’ਤੇ ਹਮਲਾ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਇਸ ਘਿਨਾਉਣੇ ਹਮਲੇ ’ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ਸਪੱਸ਼ਟ ਕਿਹਾ ਕਿ ਸਾਡੇ ਸਮਾਜਾਂ ਵਿਚ ਰਾਜਨੀਤਕ ਹਿੰਸਾ ਦੀ ਕੋਈ ਥਾਂ ਨਹੀਂ, ਮੇਰੀ ਹਮਦਰਦੀ ਸਭ ਪੀੜਤਾਂ ਨਾਲ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਰਾਜਨੀਤਕ ਹਿੰਸਾ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ। ਜਪਾਨੀ ਪ੍ਰਧਾਨ ਮੰਤਰੀ ਫੂਮੀਉ ਕਸ਼ੀਦਾ ਦਾ ਮੰਨਣਾ ਹੈ ਕਿ ਅਸੀਂ ਲੋਕਤੰਤਰ ਨੂੰ ਚੁਣੌਤੀ ਦੇਣ ਵਾਲੀ ਹਰ ਹਿੰਸਾ ਵਿਰੁੱਧ ਚਟਾਨ ਵਾਂਗ ਖੜ੍ਹੇ ਹਾਂ। ਉਨ੍ਹਾਂ ਟਰੰਪ ਦੀ ਸਿਹਤਯਾਬੀ ਲਈ ਦੁਆ ਕੀਤੀ। ਫਰਾਂਸੀਸੀ ਰਾਸ਼ਟਰਪਤੀ ਮੈਕਰੌਂ ਨੇ ਟਰੰਪ ਨਾਲ ਹਮਦਰਦੀ ਜ਼ਾਹਿਰ ਕਰਦੇ ਸਿਹਤਯਾਬੀ ਦੀ ਕਾਮਨਾ ਕੀਤੀ ਅਤੇ ਕਿਹਾ ਕਿ ਇਹ ਲੋਕਸ਼ਾਹੀ ਲਈ ਦੁਖਾਂਤ ਘਟਨਾ ਹੈ। ਭਾਰਤੀ ਪ੍ਰਧਾਨ ਮੰਤਰੀ ਨਰਿਦਰ ਮੋਦੀ ਨੇ ਕਿਹਾ ਕਿ ਹਿੰਸਾ ਦਾ ਰਾਜਨੀਤੀ ਅਤੇ ਲੋਕਤੰਤਰ ਅੰਦਰ ਕੋਈ ਸਥਾਨ ਨਹੀਂ। ਉਨ੍ਹਾਂ ਟਰੰਪ ਦੀ ਸਿਹਤਯਾਬੀ ਅਤੇ ਗੋਲੀਬਾਰੀ ਵਿਚ ਮਾਰੇ ਗਏ ਸ਼ਖ਼ਸ ਅਤੇ ਜ਼ਖ਼ਮੀਆਂ ਨਾਲ ਦੁਖ ਸਾਂਝਾ ਕੀਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਅਤੇ ਅਨੇਕ ਦੇਸ਼ਾਂ ਦੇ ਮੁਖੀਆਂ ਨੇ ਟਰੰਪ ਅਤੇ ਅਮਰੀਕੀਆਂ ਨਾਲ ਦੁੱਖ ਸਾਂਝਾ ਕੀਤਾ।
ਇਸ ਮਾਮਲੇ ਵਿੱਚ ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਇਹ ਹੈ ਕਿ ਕਾਤਲ ਰੈਲੀ ਵਾਲੇ ਸਥਾਨ ਨੇੜੇ ਆਪਣੀ ਸਵੈ-ਚਾਲਤ ਮਾਰੂ ਬੰਦੂਕ ਬੀੜਨ ਵਿਚ ਕਿਵੇਂ ਕਾਮਯਾਬ ਹੋਇਆ। ਜਿਸ ਛੱਤ ’ਤੇ ਉਸ ਨੇ ਬੰਦੂਕ ਬੀੜਨ ਦਾ ਜੁਗਾੜ ਕੀਤਾ, ਉਥੋਂ ਰੈਲੀ ਦਾ ਸਥਾਨ ਪ੍ਰਤੱਖ ਨਜ਼ਰ ਆ ਰਿਹਾ ਸੀ। ਫੈਡਰਲ, ਸਥਾਨਕ ਪੁਲੀਸ ਤੋਂ ਇਲਾਵਾ ਇਲਾਵਾ ਚੌਕਸੀ ਸੁਰੱਖਿਆ ਦਸਤੇ ਅਤੇ ਸੀਕਰੇਟ ਸੁਰੱਖਿਆ ਦਸਤਿਆਂ ਦਾ ਘੇਰਾ ਤੋੜ ਕੇ ਹਮਲਾਵਰ ਕਿਵੇਂ ਸਫਲ ਹੋਇਆ? 20 ਸਾਲਾ ਹਮਲਾਵਰ ਦੇ ਦੋ ਜਮਾਤੀਆਂ ਨੇ ਦੱਸਿਆ ਕਿ ਉਹ ਕਦੇ ਵੀ ਵਧੀਆ ਸ਼ੂਟਰ ਸਾਬਤ ਨਹੀਂ ਹੋਇਆ। ਸੋ, ਜੇ ਨਾ ਖੁੰਝਦਾ ਤਾਂ ਟਰੰਪ ਲਈ ਹਮਲਾ ਘਾਤਕ ਸਿੱਧ ਹੋ ਸਕਦਾ ਸੀ। ਸਪੀਕਰ ਮਾਈਕ ਜਾਹਨਸਨ ਨੇ ਇਸ ਦਾ ਸਖਤ ਨੋਟਿਸ ਲੈਂਦੇ ਪੂਰੀ ਜਾਂਚ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਅਮਰੀਕੀ ਲੋਕਾਂ ਨੂੰ ਇਸ ਹਮਲੇ ਦਾ ਸੱਚ ਜਾਨਣ ਦਾ ਹੱਕ ਹੈ।
ਅਮਰੀਕਾ ਅੰਦਰ ਰਾਜਨੀਤਕ, ਨਸਲੀ, ਨਫਰਤੀ, ਇਲਾਕਾਈ, ਭੇਦਭਾਵ ਭਰੀ ਹਿੰਸਾ ਕੋਈ ਨਵੀਂ ਗੱਲ ਨਹੀਂ। ਅਜਿਹੀ ਹਿੰਸਾ ਵਿਚ ਮਾਰੂ ਹਥਿਆਰਾਂ ਨਾਲ ਸਕੂਲਾਂ, ਯੂਨੀਵਰਸਿਟੀਆਂ, ਜਨਤਕ ਥਾਵਾਂ ’ਤੇ ਅਕਸਰ ੍ਹਟਨਾਵਾਂ ਵਾਪਰਦੀਆਂ ਹਨ ਅਤੇ ਲਾਸ਼ਾਂ ਦੇ ਸੱਥਰ ਵਿਛਦੇ ਹਨ। ਘਟਨਾ ਉਪਰੰਤ ‘ਬੰਦੂਕ ’ਤੇ ਪਾਬੰਦੀ’ ਦੀਆਂ ਸੁਰਾਂ ਉੱਠਦੀਆਂ ਹਨ ਪਰ ਬੰਦੂਕ ਲੌਬੀ ਇਨੀ ਤਾਕਤਵਰ ਹੈ ਕਿ ਅਜੇ ਤੱਕ ਕੋਈ ਮਾਈ ਦਾ ਲਾਲ ਰਾਸ਼ਟਰਪਤੀ, ਅਮਰੀਕੀ ਕਾਂਗਰਸ ਅੇ ਸੈਨੇਟ, ਅਮਰੀਕੀ ਸੁਪਰੀਮ ਕੋਰਟ ਇਸ ’ਤੇ ਪਾਬੰਦੀ ਆਇਦ ਕਰਨ ਦਾ ਹੀਆ ਨਹੀਂ ਕਰ ਸਕਿਆ। ਅਜੋਕੇ ਸਮੇਂ ਵਿਚ ਅਮਰੀਕਾ ਅੰਦਰ ਰਾਜਨੀਤਕ ਹਿੰਸਾ ਦਾ ਸਭ ਤੋਂ ਵੱਡਾ ਅਲੰਬਰਦਾਰ ਖੁਦ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਹੈ। ਇਹ ਉਹੀ ਸ਼ਖ਼ਸ ਹੈ ਜਿਸ ਨੇ 2020 ਦੇ ਜਨਤਕ ਫਤਵੇ ਨੂੰ ਆਪਣੇ ਹੱਕ ’ਚ ਜਬਰੀ ਪਲਟਾਉਣ ਲਈ 6 ਜਨਵਰੀ 2021 ਨੂੰ ਅਰਾਜਕਤਾਵਾਦੀਆਂ ਨੂੰ ਅਮਰੀਕੀ ਕੈਪੀਟਲ ’ਤੇ ਹਮਲੇ ਲਈ ਉਕਸਾਇਆ ਸੀ। ਅਜੋਕੇ ਹਮਲੇ ਲਈ ਉਹ ਆਪਣੀ ਜਿ਼ੰਮੇਵਾਰੀ ਤੋਂ ਨਹੀਂ ਭੱਜ ਸਕਦੇ।
ਅਮਰੀਕਾ ਅੰਦਰ ਇਸ ਚੁਣਾਵੀ ਸਾਲ ਵਿਚ ਸਿਆਸਤਦਾਨਾਂ ਵਿਰੁੱਧ ਹਿੰਸਾ ਅਤੇ ਹਿੰਸਕ ਹਮਲਿਆਂ ਦਾ ਡਰ ਵਧ ਚੁੱਕਾ ਹੈ। ਅਮਰੀਕੀ ਪ੍ਰੈੱਸ ਦਾ ਇੱਕ ਹਿੱਸਾ ਅਤੇ ਵੱਡੀ ਗਿਣਤੀ ਵਿਚ ਲੋਕ 78 ਸਾਲਾਂ ਟਰੰਪ ਨੂੰ ਕੱਟੜਵਾਦੀ, ਭੰਡ, ਅਯੋਗ, ਝੂਠਾ, ਹਿੰਸਕ, ਬਗਾਵਤੀ ਤੇ ਅਮਰੀਕੀ ਲੋਕਤੰਤਰ ਲਈ ਖਤਰਾ ਮੰਨਦੇ ਹਨ। ਉਸ ਨੂੰ ਬਦਲਾਖੋਰ, ਜਲਦਬਾਜ਼, ਗੁਸੈਲਾ ਅਤੇ ਬੜਬੋਲਾ ਸਿਆਸਤਦਾਨ ਮੰਨਦੇ ਹਨ। ਉਹ ਅਜਿਹਾ ਆਗੂ ਹੈ ਜੋ ਚੋਣ ਪ੍ਰਕਿਰਿਆ ਵਿਚ ਹਾਰ ਮੰਨਣ ਵਾਲਾ ਨਹੀਂ ਅਤੇ ਪੁਆੜੇ ਖੜ੍ਹੇ ਕਰਨ ਲਈ ਬਦਨਾਮ ਹੈ। ਇਹ ਲੋਕ ਇਸ ਨਾਲੋਂ ਕਮਜ਼ੋਰ, ਭੁਲੱਕੜ, ਲੜਖੜਾਊ 81 ਸਾਲਾ ਜੋਅ ਬਾਇਡਨ ਨੂੰ ਚੰਗਾ ਸਮਝਦੇ ਹਨ ਭਾਵੇਂ 27 ਜੂਨ ਨੂੰ ਅਟਲਾਂਟਾ ਬਹਿਸ ਤੋਂ ਬਾਅਦ ਡੈਮੋਕਰੇਟ ਉਸ ’ਤੇ ਚੋਣ ਮੈਦਾਨ ਵਿਚ ਲਾਂਭੇ ਹੋਣ ਦਾ ਦਬਾਅ ਵਧਾ ਰਹੇ ਹਨ। ਸ਼ਿਕਾਗੋ ਯੂਨੀਵਰਸਿਟੀ ਦੇ ਜੂਨ 2024 ਵਿਚ ਕਰਵਾਏ ਸਰਵੇਖਣ ਅਨੁਸਾਰ ਟਰੰਪ ਵਿਰੁੱਧ ਹਿੰਸਾ ਦੀ ਹਮਾਇਤ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ 10 ਪ੍ਰਤੀਸ਼ਤ, ਭਾਵ 26 ਮਿਲੀਅਨ ਹੈ ਜਦਕਿ ਟਰੰਪ ਦੇ ਹੱਕ ਵਿਚ ਹਿੰਸਾ ਦੀ ਹਮਾਇਤ ਕਰਨ ਵਾਲਿਆਂ ਦੀ ਗਿਣਤੀ 6.9%, ਭਾਵ 18 ਮਿਲੀਅਨ ਹੈ। 26 ਮਿਲੀਅਨ ਲੋਕ ਜੋ ਟਰੰਪ ਨੂੰ ਰਾਸ਼ਟਰਪਤੀ ਬਣਨ ਵਿਰੁੱਧ ਹਿੰਸਾ ਦੀ ਹਮਾਇਤ ਕਰਦੇ ਹਨ, ਵਿਚੋਂ 30% ਕੋਲ ਬੰਦੂਕਾਂ ਹਨ, 80% ਇੰਟਰਨੈੱਟ ਸੰਗਠਿਤ ਟੂਲਾਂ ਤੱਕ ਪਹੁੰਚ ਰੱਖਦੇ ਹਨ।
ਸ਼ਿਕਾਗੋ ਯੂਨੀਵਰਸਿਟੀ ਦੇ ਪ੍ਰੋ. ਬਾਬ ਪੇਪ ਜੋ ਸ਼ਿਕਾਗੋ ਸੁਰੱਖਿਆ ਅਤੇ ਧਮਕੀਆਂ ਪ੍ਰੋਜੈਕਟ ਦੀ ਨਿਗਰਾਨੀ ਕਰਦੇ ਹਨ, ਨੇ 13 ਜੁਲਾਈ 2024 ਨੂੰ ਇੰਟਰਵਿਊ ਵਿਚ ਸਾਫ ਕਿਹਾ ਕਿ ਟਰੰਪ ਹਮਾਇਤੀ ਹਿੰਸਕ ਭਾਵਨਾਵਾਂ ਨਾਲੋਂ ਟਰੰਪ ਵਿਰੋਧੀ ਹਿੰਸਕ ਭਾਵਨਾਵਾਂ ਬਹੁਤ ਜ਼ਿਆਦਾ ਹਨ। ਅਮਰੀਕਾ ਨੂੰ ਟਰੰਪ ਵਿਰੋਧੀ ਖੱਬੇ ਪੱਖੀ ਹਿੰਸਾ ਨਾਲ ਨਜਿੱਠਣ ਲਈ ਤਿਆਰ ਰਹਿਣਾ ਚਾਹੀਦਾ ਹੈ। ਇਕ ਸਰਵੇ ਅਨੁਸਾਰ, 58.6 ਪ੍ਰਤੀਸ਼ਤ ਅਮਰੀਕੀ ਬਾਲਗਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਪਦ ਲਈ ਚੋਣਾਂ ਦੇਸ਼ ਦੀਆਂ ਬੁਨਿਆਦੀ ਰਾਜਨੀਤਕ ਅਤੇ ਸਮਾਜਿਕ ਸਮੱਸਿਆਵਾਂ ਦਾ ਹੱਲ ਨਹੀਂ ਕਰ ਸਕਣਗੀਆਂ।
ਟਰੰਪ ਦਾ ਮਨੋਬਲ ਉੱਚਾ ਹੈ। ਉਸ ਨੇ ਸਪਸ਼ਟ ਕੀਤਾ ਹੈ ਕਿ ਐਸੇ ਹਮਲੇ ਉਸ ਦੀ ਚੋਣ ਮੁਹਿੰਮ ਅਤੇ ਇਰਾਦਿਆਂ ਨੂੰ ਨਹੀਂ ਤੋੜ ਸਕਦੇ। ਉਸ ਦੇ ਹਮਾਇਤੀ ਇਸ ਹਮਲੇ ਨੂੰ ਉਸ ਦੀ ਜਿੱਤ ’ਤੇ ਪੱਕੀ ਮੋਹਰ ਮੰਨ ਰਹੇ ਹਨ। ਇਹ ਹਮਲਾ ਉਸ ਲਈ ਸਿਆਸੀ ਵਰਦਾਨ ਸਾਬਤ ਹੋਵੇਗਾ। ਸੱਜੇ ਪੱਖੀ ਰਿਪਬਲਿਕਨ ਇਸ ਹਮਲੇ ਦਾ ਦੋਸ਼ ਡੈਮੋਕਰੇਟਾਂ ’ਤੇ ਮੜ੍ਹ ਰਹੇ ਹਨ ਜੋ ਸਹੀ ਨਹੀਂ। ਖੈਰ! ਇਸ ਘਿਨਾਉਣੇ ਹਮਲੇ ਨੇ 5 ਨਵੰਬਰ 2024 ਨੂੰ ਹੋਣ ਵਾਲੀਆਂ ਰਾਸ਼ਟਰਪਤੀ ਪਦ ਦੀਆਂ ਚੋਣਾਂ ਨੂੰ ਦਿਲਚਸਪ ਮੋੜ ’ਤੇ ਖੜ੍ਹਾ ਕਰ ਦਿੱਤਾ ਹੈ।
ਸੰਪਰਕ: +1-289-829-2929

Advertisement

Advertisement
Author Image

sanam grng

View all posts

Advertisement
Advertisement
×