For the best experience, open
https://m.punjabitribuneonline.com
on your mobile browser.
Advertisement

ਪਲਾਸਟਿਕ ਦਾ ਖ਼ਤਰਾ

06:11 AM Jan 11, 2024 IST
ਪਲਾਸਟਿਕ ਦਾ ਖ਼ਤਰਾ
Advertisement

ਨਵੇਂ ਅਧਿਐਨ ਵਿਚ ਸਾਹਮਣੇ ਆਇਆ ਹੈ ਕਿ ਇਕ ਲਿਟਰ ਪਾਣੀ ਦੀ ਬੋਤਲ ਵਿਚ ਪਲਾਸਟਿਕ ਦੇ ਔਸਤਨ ਕਰੀਬ 2.40 ਲੱਖ ਮਹੀਨ ਟੁਕੜੇ/ਕਣ ਹੋ ਸਕਦੇ ਹਨ। ਇਹ ਗਿਣਤੀ ਇਸ ਤੋਂ ਪਹਿਲੇ ਅਤੇ ਪਲਾਸਟਿਕ ਦੇ ਵਡੇਰੇ ਕਣਾਂ ਉੱਤੇ ਧਿਆਨ ਕੇਂਦਰਿਤ ਕਰਨ ਵਾਲੇ ਅੰਦਾਜ਼ਿਆਂ ਨਾਲੋਂ 10 ਤੋਂ 100 ਗੁਣਾ ਤੱਕ ਜ਼ਿਆਦਾ ਹੈ। ‘ਪ੍ਰੋਸੀਡਿੰਗਜ਼ ਆਫ਼ ਦਾ ਨੈਸ਼ਨਲ ਅਕੈਡਮੀ ਆਫ਼ ਸਾਇੰਸਿਜ਼’ ਵਿਚ ਪ੍ਰਕਾਸ਼ਿਤ ਹੋਇਆ ਇਹ ਅਧਿਐਨ ਕੋਲੰਬੀਆ ਯੂਨੀਵਰਸਿਟੀ ਦੇ ਸਾਇੰਸਦਾਨਾਂ ਦੀ ਅਗਵਾਈ ਵਾਲੀ ਟੀਮ ਨੇ ਕੀਤਾ ਹੈ। ਉਨ੍ਹਾਂ ਨੇ ਬੋਤਲ-ਬੰਦ ਪਾਣੀ ਦੇ ਤਿੰਨ ਮਸ਼ਹੂਰ ਅਮਰੀਕੀ ਬਰਾਂਡਾਂ ਦਾ ਪਾਣੀ ਟੈਸਟ ਕੀਤਾ ਅਤੇ ਪਾਇਆ ਕਿ ਹਰ ਇਕ ਲਿਟਰ ਪਾਣੀ ਵਿਚ 1.10 ਤੋਂ 3.70 ਲੱਖ ਤੱਕ ਪਲਾਸਟਿਕ ਕਣ ਸਨ ਜਿਨ੍ਹਾਂ ਵਿਚੋਂ 90 ਫ਼ੀਸਦੀ ਨੈਨੋ-ਪਲਾਸਟਿਕ ਅਤੇ ਬਾਕੀ ਮਾਈਕਰੋ-ਪਲਾਸਟਿਕ ਸੀ। ਨੈਨੋ-ਪਲਾਸਟਿਕ ਦਾ ਜ਼ਿਕਰ ਛੋਟੇ ਅਤੇ ਪਛਾਣੇ ਨਾ ਜਾ ਸਕਣ ਵਾਲੇ ਕਣਾਂ ਵਜੋਂ ਕੀਤਾ ਗਿਆ ਹੈ ਜਿਹੜੇ ਇਕ ਮਾਈਕਰੋ-ਮੀਟਰ ਤੋਂ ਵੀ ਛੋਟੇ ਹੁੰਦੇ ਹਨ। ਮਾਈਕਰੋ-ਪਲਾਸਟਿਕ ਦਾ ਆਕਾਰ ਇਕ ਮਾਈਕਰੋ-ਮੀਟਰ (ਇਕ ਮੀਟਰ ਦਾ ਦਸ ਲੱਖਵਾਂ ਹਿੱਸਾ) ਤੋਂ 5 ਮਾਈਕਰੋ-ਮੀਟਰ ਤੱਕ ਹੁੰਦਾ ਹੈ।
ਵਿਗਿਆਨੀਆਂ ਵੱਲੋਂ ਨੈਨੋ-ਪਲਾਸਟਿਕ ਨੂੰ ਮਾਈਕਰੋ-ਪਲਾਸਟਿਕ ਨਾਲੋਂ ਜ਼ਿਆਦਾ ਖ਼ਤਰਨਾਕ ਮੰਨਿਆ ਜਾਂਦਾ ਹੈ ਕਿਉਂਕ ਇਨ੍ਹਾਂ ਦੀ ਗਿਣਤੀ ਕਿਤੇ ਜ਼ਿਆਦਾ ਹੁੰਦੀ ਹੈ ਅਤੇ ਇਹ ਫੇਫੜਿਆਂ, ਦਿਲ, ਦਿਮਾਗ਼ ਅਤੇ ਲਹੂ ਦੀ ਧਾਰਾ ਤੱਕ ਵਿਚ ਦਾਖ਼ਲ ਹੋ ਸਕਦੇ ਹਨ। ਇਹ ਹਾਜ਼ਮੇ ਸਬੰਧੀ ਵਿਗਾੜ, ਸੈੱਲਾਂ ਵਿਚ ਅਸੰਤੁਲਨ, ਅੰਤੜੀਆਂ ਵਿਚ ਸੋਜ਼ਿਸ਼ ਆਦਿ ਦਾ ਕਾਰਨ ਬਣ ਸਕਦੇ ਹਨ। ਇਹ ਅਧਿਐਨ ਖ਼ਪਤਕਾਰਾਂ ਲਈ ਬਹੁਤ ਅਹਿਮੀਅਤ ਵਾਲਾ ਹੈ ਕਿਉਂਕਿ ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਕ ਭਾਰਤ ਵਿਚ ਤਿੰਨ ਸਾਲਾਂ (2018-21) ਦੇ ਅਰਸੇ ਦੌਰਾਨ ਮਿਨਰਲ ਵਾਟਰ ਦੇ ਖੇਤਰ ਵਿਚ ਦੱਖਣੀ ਕੋਰੀਆ ਤੋਂ ਬਾਅਦ ਦੂਜੇ ਨੰਬਰ ਉੱਤੇ ਸਭ ਤੋਂ ਤੇਜ਼ ਵਿਕਾਸ ਦਰਜ ਕੀਤਾ ਗਿਆ ਹੈ। 2021 ਦੌਰਾਨ ਭਾਰਤ ਦਾ ਸੰਸਾਰ ਭਰ ਵਿਚ ਬੋਤਲ-ਬੰਦ ਪਾਣੀ ਦੀ ਖ਼ਪਤ ਦੇ ਮਾਮਲੇ ਵਿਚ ਚੌਧਵਾਂ ਸਥਾਨ ਸੀ।
ਇਕ ਪਾਸੇ ਜਿਥੇ ਭਾਰਤ ਵਿਚ ਵਿਕਣ ਵਾਲੇ ਬੋਤਲ-ਬੰਦ ਪਾਣੀ ਦੀ ਗੁਣਵੱਤਾ ਉੱਤੇ ਹੀ ਸਵਾਲੀਆ ਨਿਸ਼ਾਨ ਲੱਗਦੇ ਹਨ, ਉੱਥੇ ਬੋਤਲਾਂ ਬਣਾਉਣ ਲਈ ਵਰਤੀ ਜਾਂਦੀ ਪਲਾਸਟਿਕ ਜਿਹੜੀ ਆਮ ਕਰ ਕੇ ਪੌਲੀਥੀਨ ਟੇਰੇਫਥੈਲੇਟ ਹੁੰਦੀ ਹੈ, ਵੀ ਹੁਣ ਜਾਂਚ ਦੇ ਘੇਰੇ ਵਿਚ ਹੈ। ਇਹ ਗੱਲ ਯਕੀਨੀ ਬਣਾਉਣ ਲਈ ਮਜ਼ਬੂਤ ਨੇਮਬੰਦੀ ਢਾਂਚੇ ਦੀ ਲੋੜ ਹੈ ਕਿ ਬੋਤਲ-ਬੰਦ ਪਾਣੀ ਸਬੰਧੀ ਸਨਅਤ ਵੱਲੋਂ ਸੁਰੱਖਿਆ ਦੇ ਸਿਖਰਲੇ ਮਿਆਰਾਂ ਦਾ ਪਾਲਣ ਕੀਤਾ ਜਾਵੇ। ਇਸ ਦੇ ਨਾਲ ਹੀ ਕੱਚ ਜਾਂ ਸਟੀਲ ਦੀਆਂ ਬੋਤਲਾਂ, ਗੱਤੇ ਦੇ ਡੱਬਿਆਂ, ਐਲੂਮੀਨੀਅਮ ਦੇ ਕੇਨਾਂ ਆਦਿ ਵਰਗੇ ਬਦਲਾਂ ਦੇ ਇਸਤੇਮਾਲ ਨੂੰ ਵੀ ਹੱਲਾਸ਼ੇਰੀ ਦਿੱਤੇ ਜਾਣ ਦੀ ਲੋੜ ਹੈ। ਪਲਾਸਟਿਕ ਕਾਰਨ ਫੈਲਣ ਵਾਲਾ ਪ੍ਰਦੂਸ਼ਣ ਆਪਣੇ ਆਪ ਵਿਚ ਵੱਡੀ ਸਮੱਸਿਆ ਹੈ। ਕੰਟੇਨਰਾਂ ਦੀ ਰੀਸਾਈਕਲਿੰਗ ਸਮਰੱਥਾ ਉੱਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਸ ਮਾਮਲੇ ਵਿਚ ਸਿਰਫ਼ ਇਨਸਾਨਾਂ ਦੀ ਹੀ ਨਹੀਂ ਸਗੋਂ ਪੂਰੀ ਧਰਤੀ ਤੇ ਹੋਰ ਜੀਵਾਂ ਦੀ ਸਿਹਤ ਵੀ ਦਾਅ ਉੱਤੇ ਲੱਗੀ ਹੋਈ ਹੈ।

Advertisement

Advertisement
Author Image

joginder kumar

View all posts

Advertisement
Advertisement
×