For the best experience, open
https://m.punjabitribuneonline.com
on your mobile browser.
Advertisement

ਸਿੱਖ ਸੰਸਥਾਵਾਂ ਦੀ ਰਾਖੀ

06:15 AM Oct 18, 2024 IST
ਸਿੱਖ ਸੰਸਥਾਵਾਂ ਦੀ ਰਾਖੀ
Advertisement

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਜਿਨ੍ਹਾਂ ਹਾਲਾਤ ਵਿੱਚ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕੀਤਾ ਹੈ, ਉਸ ਤੋਂ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ ਲਈ ਬਣਿਆ ਸੰਕਟ ਗਹਿਰਾ ਹੋ ਗਿਆ ਹੈ ਸਗੋਂ ਇਸ ਨੇ ਸਿੱਖਾਂ ਦੀਆਂ ਕੁਝ ਸਿਰਮੌਰ ਸੰਸਥਾਵਾਂ ਨੂੰ ਵੀ ਕਲਾਵੇ ਵਿੱਚ ਲੈ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਮੁਤੱਲਕ ਦੋਸ਼ ਲਾਏ ਜਾਣ ਤੋਂ ਬਾਅਦ ਉਨ੍ਹਾਂ ਇਹ ਕਦਮ ਚੁੱਕਿਆ ਸੀ। ਉਂਝ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਦਾ ਅਸਤੀਫ਼ਾ ਅਪ੍ਰਵਾਨ ਕਰਦੇ ਹੋਏ ਸਪੱਸ਼ਟ ਕੀਤਾ ਹੈ ਕਿ ਉਹ ਸਿੰਘ ਸਾਹਿਬਾਨ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਉਨ੍ਹਾਂ ਨਾਲ ਖੜ੍ਹੀ ਹੈ। ਇਸ ਸਬੰਧ ਵਿੱਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਦਿੱਤਾ ਸੀ ਕਿ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਅਸਤੀਫ਼ੇ ਨੂੰ ਪ੍ਰਵਾਨ ਨਾ ਕਰੇ, ਨਹੀਂ ਤਾਂ ਉਨ੍ਹਾਂ ਨੂੰ ਵੀ ਆਪਣਾ ਅਹੁਦਾ ਛੱਡਣ ਲਈ ਮਜਬੂਰ ਹੋਣਾ ਪਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਸੱਤਾ ਵਿੱਚ ਹੁੰਦਿਆਂ ਵਾਪਰੀਆਂ ਕਈ ਸਿੱਖਾਂ ਵਿਰੋਧੀ ਕਾਰਵਾਈਆਂ ਅਤੇ ਘਟਨਾਵਾਂ ਦੀ ਸ਼ਿਕਾਇਤ ਤੋਂ ਬਾਅਦ ਇਹ ਮਾਮਲਾ ਅਕਾਲ ਤਖ਼ਤ ਸਾਹਮਣੇ ਉੱਠਿਆ ਸੀ ਜਿਸ ਬਾਬਤ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦਿੱਤਾ ਸੀ।
ਤਾਜ਼ਾ ਘਟਨਾਕ੍ਰਮ ਉਦੋਂ ਉਪਜਿਆ ਜਦੋਂ ਸਜ਼ਾ ਦਾ ਮਾਮਲਾ ਨਜਿੱਠਣ ਨੂੰ ਲੈ ਕੇ ਅਕਾਲੀ ਲੀਡਰਸ਼ਿਪ ਦੀਆਂ ਸਫ਼ਾਂ ਅੰਦਰ ਬੇਚੈਨੀ ਦਿਖਾਈ ਦੇਣ ਲੱਗੀ। ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਅਤੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਦੀ ਬਿਆਨਬਾਜ਼ੀ ਦਾ ਨੋਟਿਸ ਲੈਂਦਿਆਂ ਸਿੰਘ ਸਾਹਿਬਾਨ ਨੇ ਉਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਅਕਾਲ ਤਖ਼ਤ ਅੱਗੇ ਪੇਸ਼ ਹੋਣ ਦਾ ਹੁਕਮ ਦਿੱਤਾ ਸੀ ਅਤੇ ਉਸੇ ਦਿਨ ਉਸ ਨੂੰ ਸਿੱਖ ਸੰਸਥਾਵਾਂ ਨੂੰ ਢਾਹ ਲਾਉਣ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ; ਨਾਲ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਸ੍ਰੀ ਵਲਟੋਹਾ ਨੂੰ ਦਸ ਸਾਲਾਂ ਲਈ ਬਰਖ਼ਾਸਤ ਕਰ ਦਿੱਤਾ ਜਾਵੇ। ਉਂਝ, ਸ੍ਰੀ ਵਲਟੋਹਾ ਨੇ ਝੱਟਪਟ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਉਨ੍ਹਾਂ ਸਿੰਘ ਸਾਹਿਬਾਨ ਖ਼ਾਸਕਰ ਗਿਆਨੀ ਹਰਪ੍ਰੀਤ ਸਿੰਘ ’ਤੇ ਹਮਲੇ ਜਾਰੀ ਰੱਖੇ। ਇਸ ਤੋਂ ਸੰਕੇਤ ਮਿਲ ਰਹੇ ਸਨ ਕਿ ਸ੍ਰੀ ਵਲਟੋਹਾ ਜਿਸ ਢੰਗ ਨਾਲ ਸਿੱਖ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਨਿਸ਼ਾਨਾ ਬਣਾ ਰਹੇ ਹਨ, ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਥਾਪੜੇ ਤੋਂ ਬਿਨਾਂ ਸੰਭਵ ਨਹੀਂ।
ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਨੂੰ ਸਰਅੰਜਾਮ ਦੇਣ ਅਤੇ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਸਦਾ ਤਤਪਰ ਰਹਿਣ ਲਈ ਹੋਇਆ ਸੀ। ਅਕਾਲੀ ਦਲ ਦੇ ਇਤਿਹਾਸ ਵਿੱਚ ਸ਼ਾਇਦ ਪਹਿਲੀ ਵਾਰ ਹੋਵੇਗਾ ਜਦੋਂ ਸਿਰਮੌਰ ਸਿੱਖ ਸੰਸਥਾਵਾਂ ਲਈ ਇਹ ਚੁਣੌਤੀ ਅਕਾਲੀ ਦਲ ਤੋਂ ਹੀ ਆ ਰਹੀ ਹੈ। ਅਕਾਲ ਤਖ਼ਤ ਅਤੇ ਸਿੰਘ ਸਾਹਿਬਾਨ ਦੁਨੀਆ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੀ ਆਸਥਾ ਦਾ ਕੇਂਦਰ ਬਿੰਦੂ ਹਨ। ਪੰਥਕ ਸਫ਼ਾਂ ਅੰਦਰ ਟਕਰਾਅ ਦੀ ਸਥਿਤੀ ਪੰਜਾਬ ਨੂੰ ਵਾਰਾ ਨਹੀਂ ਖਾਂਦੀ ਸਗੋਂ ਇਸ ਸਮੇਂ ਵੱਖ-ਵੱਖ ਦੇਸ਼ਾਂ ਵਿੱਚ ਫੈਲੇ ਸਿੱਖ ਭਾਈਚਾਰੇ ਦੀਆਂ ਅਕਾਂਖਿਆਵਾਂ ਅਤੇ ਸਰੋਕਾਰਾਂ ਦੇ ਵੀ ਉਲਟ ਹੈ। ਇਸ ਨੂੰ ਸੁਲਝਾਉਣ ਲਈ ਸਿਰ ਜੋੜ ਕੇ ਬੈਠਣ ਅਤੇ ਆਪਣੇ ਨਿੱਜੀ ਹਿੱਤਾਂ ਨੂੰ ਲਾਂਭੇ ਰੱਖ ਕੇ ਵਡੇਰੇ ਕਾਜ਼ ਲਈ ਸਰਗਰਮ ਹੋਣ ਦੀ ਲੋੜ ਹੈ।

Advertisement

Advertisement
Advertisement
Author Image

joginder kumar

View all posts

Advertisement