ਪੀਏਯੂ ’ਚ ਲੱਗੇ ਕੱਚੇ ਚੌਕੀਦਾਰ ਭਰਤੀ ਦੀਆਂ ਸ਼ਰਤਾਂ ਨਰਮ ਕਰਨ ’ਤੇ ਅੜੇ
ਖੇਤਰੀ ਪ੍ਰਤੀਨਿਧ
ਲੁਧਿਆਣਾ, 4 ਜੁਲਾਈ
ਪੀਏਯੂ ਵਿੱਚ ਕੱਚੇ ਤੌਰ ’ਤੇ ਚੌਕੀਦਾਰ ਵਜੋਂ ਸੇਵਾਵਾਂ ਨਿਭਾਅ ਰਹੇ ਮੁਲਾਜ਼ਮਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਇਨ੍ਹਾਂ ਮੁਲਾਜ਼ਮਾਂ ਵੱਲੋਂ ਭਰਤੀ ਲਈ ਦਿੱਤੇ ਗਏ ਇਸ਼ਤਿਹਾਰ ਦੀਆਂ ਸ਼ਰਤਾਂ ਨਰਮ ਕਰਕੇ ਪਿਛਲੇ ਕਈ ਕਈ ਸਾਲਾਂ ਤੋਂ ਕੱਚੇ ਮੁਲਾਜ਼ਮਾਂ ਵਜੋਂ ਸੇਵਾਵਾਂ ਦੇ ਰਹੇ ਚੌਕੀਦਾਰਾਂ ਨੂੰ ਮੌਕਾ ਦੇਣ ਦੀ ਮੰਗ ਕਰ ਰਹੇ ਹਨ। ਸਕਿਉਰਿਟੀ ਅਫਸਰ ਨੇ ਧਰਨਾਕਾਰੀਆਂ ਨੂੰ ਮਨਾਉਣ ਲਈ ਗੱਲਬਾਤ ਕੀਤੀ।
ਪ੍ਰਧਾਨ ਚਮਕੌਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਮੀਤ ਪ੍ਰਧਾਨ ਰਾਜ ਕੁਮਾਰ ਦੀ ਅਗਵਾਈ ਹੇਠ ਚੌਕੀਦਾਰ ਡੀਪੀਐੱਲ ਐਸੋਸੀਏਸ਼ਨ ਵੱਲੋਂ ਦਿੱਤੇ ਜਾ ਰਹੇ ਧਰਨੇ ਨੂੰ ਸੰਬੋਧਨ ਮੌਕੇ ਆਗੂਆਂ ਨੇ ਕਿਹਾ ਕਿ ਡੀਪੀਐੱਲ ਚੌਕੀਦਾਰ ਜਦੋਂ ਰੱਖੇ ਗਏ ਸਨ, ਉਸ ਸਮੇਂ ਪੜ੍ਹਾਈ, ਤਜ਼ਰਬਾ ਆਦਿ ਦੀ ਕੋਈ ਸ਼ਰਤ ਨਹੀਂ ਸੀ ਪਰ ਹੁਣ ਜਾਰੀ ਕੀਤੇ ਗਏ ਇਸ਼ਤਿਹਾਰ ’ਚ ਵੱਡੀਆਂ ਵੱਡੀਆਂ ਸ਼ਰਤਾਂ ਰੱਖ ਦਿੱਤੀਆਂ ਗਈਆਂ ਹਨ। ਅਜਿਹਾ ਹੋਣ ਨਾਲ ਪਿਛਲੇ ਲੰਬੇ ਸਮੇਂ ਤੋਂ ਕੱਚੇ ਚੌਕੀਦਾਰਾਂ ਵਜੋਂ ਕੰਮ ਕਰ ਰਹੇ ਮੁਲਾਜ਼ਮਾਂ ਦੀ ਪੱਕੇ ਹੋਣ ਦੀ ਸੰਭਾਵਨਾ ਵੀ ਖਤਮ ਹੋ ਕੇ ਰਹਿ ਜਾਵੇਗੀ। ਮੁਲਾਜ਼ਮਾਂ ਵੱਲੋਂ ਦਿੱਤੇ ਧਰਨੇ ਤੋਂ ਬਾਅਦ ਭਾਵੇਂ ’ਵਰਸਿਟੀ ਅਧਿਕਾਰੀਆਂ ਨੇ ਇਸ਼ਤਿਹਾਰ ਵਾਪਸ ਲੈ ਲਿਆ ਹੈ ਪਰ ਹਾਲੇ ਤੱਕ ਮੁਲਾਜ਼ਮਾਂ ਦਾ ਮਾਮਲਾ ਕਿਸੇ ਸਿਰੇ ਬੰਨ੍ਹੇ ਨਾ ਲੱਗਣ ਕਰਕੇ ਉਨ੍ਹਾਂ ਵੱਲੋਂ ਅੱਜ ਵੀ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਨੇ ਕਿਹਾ ਕਿ ਜਦੋਂ ਤੱਕ ਸ਼ਰਤਾਂ ਨਰਮ ਵਾਲੇ ਇਸ਼ਤਿਹਾਰ ਦਾ ਲਿਖਤੀ ਨੋਟਿਸ ਜਾਰੀ ਨਹੀਂ ਕੀਤਾ ਜਾਂਦਾ, ਉਹ ਧਰਨੇ ’ਤੇ ਬੈਠੇ ਰਹਿਣਗੇ।
ਇਸੇ ਦੌਰਾਨ ਯੂਨੀਵਰਸਿਟੀ ਦੇ ਸੁਰੱਖਿਆ ਅਫਸਰ ਡਾ. ਸੁਖਪ੍ਰੀਤ ਸਿੰਘ ਨੇ ਕਿਹਾ ਕਿ ਉਹ ਮੁਲਾਜ਼ਮਾਂ ਨੂੰ ਧਰਨਾ ਛੱਡ ਕੇ ਡਿਊਟੀ ’ਤੇ ਜਾਣ ਲਈ ਆਖਣ ਗਏ ਸਨ। ਇਸ ਦੌਰਾਨ ਮੁਲਾਜ਼ਮਾਂ ਨੇ ਆਪਣੀਆਂ ਕੁਝ ਮੰਗਾਂ ਅੱਗੇ ਰੱਖੀਆਂ ਸਨ, ਜਿੰਨਾਂ ਬਾਰੇ ਉਨ੍ਹਾਂ ਨੂੰ ਲਿਖਤੀ ਰੂਪ ਵਿੱਚ ਯੂਨੀਵਰਸਿਟੀ ਦੇ ਸਬੰਧਤ ਉੱਚ ਅਧਿਕਾਰੀਆਂ ਨੂੰ ਦੇਣ ਲਈ ਆਖਿਆ ਗਿਆ ਹੈ।