ਬੱਚਿਆਂ ’ਚ ਭੁੱਖਮਰੀ ਦਾ ਸੰਕਟ
ਜਸਵਿੰਦਰ ਸਿੰਘ
ਹਰ ਮਨੁੱਖ ਬੱਚਿਆ ਪ੍ਰਤੀ ਲਗਾਉ ਮਹਿਸੂਸ ਕਰਦਾ ਹੈ। ਮਨੁੱਖ ਸਾਰੇ ਜੀਵਾਂ ’ਚੋਂ ਜਿ਼ਆਦਾ ਉੱਨਤ ਜੀਵ ਹੈ ਜੋ ਆਪਣੇ ਬੱਚਿਆਂ ਤੋਂ ਬਿਨਾ ਹੋਰਾਂ ਮਨੁੱਖਾਂ ਦੇ ਬੱਚਿਆਂ ਪ੍ਰਤੀ ਵੀ ਲਗਾਉ ਰੱਖਦਾ ਹੈ। ਬੱਚੇ ਆਪਣੇ ਕੋਮਲ ਚਿਹਰਿਆਂ ਅਤੇ ਆਪਣੀਆਂ ਹਰਕਤਾਂ ਨਾਲ ਸਾਨੂੰ ਆਪਣੇ ਵੱਲ ਖਿੱਚਦੇ ਹੀ ਨਹੀਂ ਸਗੋਂ ਅਸੀਂ ਉਨ੍ਹਾਂ ਅੰਦਰ ਆਪਣਾ ਭਵਿੱਖ ਵੀ ਦੇਖਦੇ ਹਾਂ। ਉਂਝ, ਅਸੀਂ ਜਿਹੋ-ਜਿਹੇ ਪ੍ਰਬੰਧ ’ਚ ਰਹਿ ਰਹੇ ਹਾਂ, ਉਸ ਦਾ ਇਨ੍ਹਾਂ ਕੋਮਲ ਜਿੰਦਾਂ ਵੱਲ ਰਵੱਈਆ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਇਹ ਪ੍ਰਬੰਧ ਭਵਿੱਖ ਪ੍ਰਤੀ ਕਿੰਨਾ ਵੈਰ ਭਾਵੀ ਹੈ।
ਇਹ ਜਾਨਣ ਲਈ ਅਸੀਂ ਦੁਨੀਆ ਦੇ ਇੱਕ ਹਿੱਸੇ, ਅਫਰੀਕੀ ਮਹਾਂਦੀਪ ’ਤੇ ਵਸਦੇ ਬੱਚਿਆਂ ਬਾਰੇ ਗੱਲ ਕਰਦੇ ਹਾਂ ਜਿੱਥੇ ਕਰੋੜਾਂ ਹੀ ਬੱਚੇ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਵੱਲੋਂ ਫੈਲਾਈ ਭੁੱਖਮਰੀ ਕਾਰਨ ਭੁੱਖੇ ਮਰ ਰਹੇ ਹਨ। ਪਿਛਲੇ ਸਮੇਂ ’ਚ ਅਫਰੀਕੀ ਬੱਚਿਆਂ ਲਈ ਨੀਤੀ ਸਬੰਧੀ ਫੋਰਮ ਵੱਲੋਂ ਜਾਰੀ ਰਿਪੋਰਟ ਅਨੁਸਾਰ, ਉੱਥੇ 6 ਕਰੋੜ ਬੱਚੇ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਇਹ ਆਮ ਭੁੱਖਮਰੀ ਵਾਲੀ ਹਾਲਤ ਨਹੀਂ ਸਗੋਂ ਇਸ ਨੂੰ ਅਕਾਲ ਦੀ ਸਥਿਤੀ ਐਲਾਨਿਆ ਗਿਆ ਹੈ। ਉੱਥੇ ਲੱਖਾਂ ਹੀ ਅਜਿਹੇ ਬੱਚੇ ਹਨ ਜੋ ਬਚੇ-ਖੁਚੇ ਭੋਜਨ, ਭਾਵ ਦੂਜਿਆਂ ਦਾ ਜੂਠ ਖਾਣ ਲਈ ਮਜਬੂਰ ਹਨ ਤਾਂ ਕਿ ਆਪਣੇ ਸਾਹ ਚੱਲਦੇ ਰੱਖ ਸਕਣ। ਇਸ ਮਹਾਂਦੀਪ ’ਚ ਬੱਚਿਆਂ ਦੀਆਂ ਅੱਧੀਆਂ ਮੌਤਾਂ ਭੁੱਖਮਰੀ ਕਾਰਨ ਹੁੰਦੀਆਂ ਹਨ। ਦਸ ’ਚੋਂ ਨੌਂ ਬੱਚਿਆਂ ਨੂੰ ਖਾਣ ਲਈ ਸੰਤੁਲਿਤ ਭੋਜਨ ਨਹੀਂ ਮਿਲ ਰਿਹਾ। ਪੰਜ ਪਿੱਛੇ ਦੋ ਬੱਚੇ ਹਰ ਰੋਜ਼ ਭੁੱਖੇ ਰਹਿੰਦੇ ਹਨ। ਹਰ ਤੀਜਾ ਬੱਚਾ ਕੁਪੋਸ਼ਣ ਦਾ ਸ਼ਿਕਾਰ ਹੈ ਤੇ ਮਹਾਂਦੀਪ ਦੀ 20 ਫ਼ੀਸਦੀ ਆਬਾਦੀ ਭੁੱਖਮਰੀ ਹੰਢਾਅ ਰਹੀ ਹੈ।
ਬੱਚਿਆਂ ਤੋਂ ਅਗਾਂਹ ਵੱਡਿਆਂ ਦੀ ਗੱਲ ਕਰੀਏ ਤਾਂ ਦਸ ਹਜ਼ਾਰ ਪਿੱਛੇ ਦੋ ਮੌਤਾਂ ਭੁੱਖਮਰੀ ਕਾਰਨ ਹੋ ਰਹੀਆਂ ਹਨ। ਅਫਰੀਕਾ ਦੇ ਸਬ-ਸਹਾਰਾ ਖੇਤਰ ’ਚ ਹਰ ਚੌਥਾ ਸ਼ਖ਼ਸ ਭੁੱਖਮਰੀ ਹੰਢਾਅ ਰਿਹਾ ਹੈ।
2017 ਦੀ ਰਿਪੋਰਟ ਅਨੁਸਾਰ ਇਥੋਪੀਆ ਦੇ 80 ਲੱਖ, ਮਾਲੀ ਦੇ 50 ਲੱਖ, ਜਿ਼ੰਬਾਬਵੇ ਦੇ 40 ਲੱਖ ਤੇ 30 ਲੱਖ ਕੀਨੀਆਈ ਲੋਕ ਭੁੱਖਮਰੀ ਦੀ ਮਾਰ ਹੇਠ ਸਨ ਪਰ 2017 ਤੋਂ ਬਾਅਦ ਹਾਲਤ ਕੋਈ ਬਿਹਤਰ ਬਣੀ ਹੋਏਗੀ, ਤਾਜ਼ਾ ਰਿਪੋਰਟਾਂ ਇਸ ਦੀ ਕੋਈ ਪੁਸ਼ਟੀ ਕਰਨ ਦੀ ਬਜਾਇ ਉਲਟ ਇਸ਼ਾਰਾ ਕਰ ਰਹੀਆਂ ਹਨ; ਮਤਲਬ, ਹਾਲਤ ਹੋਰ ਭਿਅੰਕਰ ਹੈ। ਮੌਜੂਦਾ ਸਥਿਤੀ ਇਹ ਹੈ ਕਿ ਲੋਕ ਭੋਜਨ ਦੀ ਭਾਲ ’ਚ ਆਪਣੇ ਘਰ ਛੱਡ ਕੇ ਜਾ ਰਹੇ ਹਨ।
ਗਰੇਸ ਕੀਨੀਆ ਦਾ ਰਹਿਣ ਵਾਲਾ ਬੱਚਾ ਹੈ ਜੋ ਆਪਣੇ ਮਾਪਿਆਂ ਦੇ ਲੱਕੜ/ਕਾਨਿਆਂ ਦੇ ਘਰ ’ਚ ਇਕੱਲਾ ਰਹਿ ਰਿਹਾ ਹੈ। ਪਹਿਲਾਂ ਉਸ ਦੇ ਪਿਤਾ ਘਰੋਂ ਚਲੇ ਗਏ ਅਤੇ ਬਾਅਦ ’ਚ ਉਸ ਦੀ ਮਾਂ ਵੀ ਕੰਮ ਦੀ ਭਾਲ ’ਚ ਇਥੋਪੀਆ ਚਲੀ ਗਈ; ਦੋਵਾਂ ’ਚੋਂ ਕੋਈ ਵੀ ਵਾਪਸ ਨਹੀਂ ਮੁੜਿਆ। ਹੁਣ ਇਹ ਬੱਚਾ ਮਾਪਿਆਂ ਦੇ ਹੁੰਦਿਆਂ ਵੀ ਅਨਾਥ ਹੈ। ਇਸ ਇੱਕ ਪਰਿਵਾਰ ਦੀ ਉਦਾਹਰਨ ਜ਼ਰੀਏ ਅਸੀਂ ਬਾਕੀ ਅਫਰੀਕੀ ਪਰਿਵਾਰਾਂ ਦੀ ਹਾਲਤ ਸਮਝ ਸਕਦੇ ਹਾਂ।
2022 ਦੇ ਆਲਮੀ ਭੁੱਖਮਰੀ ਸੂਚਕ ਅੰਕ ਅਨੁਸਾਰ ਅਫਰੀਕੀ ਮਹਾਂਦੀਪ ਦੇ 54 ਦੇਸ਼ਾਂ ’ਚੋਂ 37 ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਦੁਨੀਆ ਦੇ 10 ਸਭ ਤੋਂ ਜਿ਼ਆਦਾ ਗੰਭੀਰ ਭੁੱਖਮਰੀ ਦਾ ਸਿ਼ਕਾਰ ਦੇਸ਼ਾਂ ਵਿਚੋਂ 7 ਅਫਰੀਕੀ ਦੇਸ਼ ਹਨ। 2022 ਵਿਚ ਸੈਂਟਰਲ ਅਫਰੀਕਨ ਰਿਪਬਲਿਕ ਚਾਡ, ਡੈਮੋਕ੍ਰੇਟਿਕ ਰਿਪਬਲਿਕ ਆਫ ਕਾਂਗੋ, ਮੈਡਾਗਸਕਰ ਨੂੰ ਭੁੱਖਮਰੀ ਦੀ ਚਿਤਾਵਨੀ ਦਿੱਤੀ ਗਈ ਸੀ ਪਰ ਚਿਤਾਵਨੀ ਦਾ ਕੀ ਮਤਲਬ ਜਦੋਂ ਲੋੜੀਂਦੇ ਕਦਮ ਹੀ ਨਹੀਂ ਚੁੱਕਣੇ! ਇਹ ਤਾਂ ਉਹੀ ਹਾਲਤ ਹੋਈ ਜਿਵੇਂ ਕੋਈ ਭੁੱਖੇ ਨੂੰ ਦੱਸ ਰਿਹਾ ਹੋਵੇ ਕਿ ਤੂੰ ਭੁੱਖਾਂ ਏ... ਇਹ ਤਾਂ ਉਸ ਨੂੰ ਵੀ ਪਤਾ ਹੈ, ਉਸ ਨੂੰ ਤਾਂ ਖਾਣ ਲਈ ਕੁਝ ਚਾਹੀਦਾ ਹੈ।
ਦੂਜੇ ਪਾਸੇ ਅਨਾਜ ਦੀ ਪੈਦਾਵਾਰ ਦੇ ਮਾਮਲੇ ’ਚ ਬਿਨਾ ਸ਼ੱਕ ਪਹਿਲਾਂ ਨਾਲੋਂ ਅਫਰੀਕਾ ਦੀ ਹਾਲਤ ਸੁਧਰੀ ਹੈ। ਇਸ ਦੀ ਕੁੱਲ ਘਰੇਲੂ ਪੈਦਾਵਾਰ ’ਚ ਵੀ 17 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ ਪਰ ਇਸੇ ਰਫਤਾਰ ਨਾਲ ਇਥੇ ਭੁੱਖਮਰੀ ਵੀ ਵਧੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜਿਹੜਾ ਵਾਧਾ ਹੋਇਆ ਹੈ, ਇਸ ਨੇ ਆਮ ਲੋਕਾਂ ਦੇ ਪੱਲੇ ਕੁਝ ਪਾਉਣ ਦੀ ਬਜਾਇ ਸਰਮਾਏਦਾਰਾਂ ਦੀਆਂ ਜੇਬਾਂ ਹੀ ਭਾਰੀਆਂ ਕੀਤੀਆਂ ਹਨ ਅਤੇ ਆਮ ਲੋਕਾਂ ਦੇ ਮੂੰਹੋਂ ਬਚਦਾ ਟੁੱਕ ਵੀ ਖੋਹਿਆ ਹੈ। ਉੱਥੇ ਤਕਰੀਬਨ 46 ਕਰੋੜ ਲੋਕ ਗਰੀਬੀ ਹੰਢਾਅ ਰਹੇ ਹਨ।
ਆਮ ਲੋਕਾਂ ਲਈ ਇਸ ਖਿੱਤੇ ਦਾ ਕੁਦਰਤੀ ਤੌਰ ’ਤੇ ਅਮੀਰ ਹੋਣਾ ਕੁਝ ਦੇਣ ਦੀ ਬਜਾਇ ਜਿ਼ੰਦਗੀ ਮੁਸ਼ਕਿਲ ਹੀ ਬਣਾ ਰਿਹਾ ਹੈ। ਉੱਥੇ ਸੋਨਾ, ਚਾਂਦੀ, ਤੇਲ ਤੇ ਹੋਰ ਖਣਿਜ ਪਦਾਰਥਾਂ ਦੇ ਭੰਡਾਰ ਹਨ ਪਰ ਇਸ ਦੇ ਨਤੀਜੇ ਵਜੋਂ ਸਾਮਰਾਜੀ ਦੇਸ਼ਾਂ ਦੀ ਨਜ਼ਰ ਵੀ ਇਸ ਖਿੱਤੇ ’ਤੇ ਹੈ ਜਿਹੜੇ ਉੱਥੋਂ ਦੇ ਸਰਮਾਏਦਾਰਾਂ ਨਾਲ ਸਾਂਝ ਭਿਆਲ਼ੀ ਪਾ ਕੇ ਕੁਦਰਤੀ ਵਸੀਲੇ ਲੁੱਟਦੇ ਹਨ। ਸਾਮਰਾਜੀ ਖਹਿ-ਭੇੜ ਕਰ ਕੇ ਇਹ ਖਿੱਤਾ ਲੰਮੇ ਸਮੇਂ ਤੋਂ ਸਿਆਸੀ ਅਸਥਿਰਤਾ ’ਚੋਂ ਲੰਘ ਰਿਹਾ ਹੈ। ਇਸ ਸਿਆਸੀ ਅਸਥਿਰਤਾ ਅਤੇ ਜੰਗਾਂ ਦਾ ਸਭ ਤੋਂ ਵੱਡਾ ਬੋਝ ਕਿਰਤੀਆਂ ਨੂੰ ਹੀ ਹੰਢਾਉਣਾ ਪੈਂਦਾ ਹੈ।
ਇੱਕ ਰਿਪੋਰਟ ਅਨੁਸਾਰ ਸਾਮਰਾਜੀ ਮੁਲਕ ਦੀ ਇੱਥੋਂ ਕੀਤੀ ਜਾ ਰਹੀ ਲੁੱਟ ਦਰਸਾਈ ਗਈ ਹੈ। ਇਹ ਰਿਪੋਰਟ ਪੁਰਾਣੀ ਹੈ, ਨਵੇਂ ਅੰਕੜੇ ਇਸ ਤੋਂ ਕਿਤੇ ਜਿ਼ਆਦਾ ਭਿਆਨਕ ਹੋਣ ਦਾ ਖ਼ਦਸ਼ਾ ਹੈ। ਇਸ ਖਿੱਤੇ ’ਚ ਹਰ ਸਾਲ 134 ਅਰਬ ਅਮਰੀਕੀ ਡਾਲਰ ਕਰਜ਼ਾ, ਵਿਦੇਸ਼ੀ ਨਿਵੇਸ਼ ਅਤੇ ਫੰਡਾਂ ਦੇ ਰੂਪ ’ਚ ਆਉਂਦਾ ਹੈ; ਦੂਸਰੇ ਪਾਸੇ 192 ਅਰਬ ਅਮਰੀਕੀ ਡਾਲਰ ਮੁਨਾਫੇ ਦੇ ਰੂਪ ’ਚ ਬਾਹਰ ਜਾਂਦਾ ਹੈ। ਇਸ ਤੋਂ ਇਲਾਵਾ ਦੁਨੀਆ ਪੱਧਰ ਉੱਤੇ ਅਣਗਿਣਤ
ਸੰਸਥਾਵਾਂ ਅਫਰੀਕੀ ਬੱਚਿਆਂ ਦੀਆਂ ਭੁੱਖੇ-ਨੰਗਿਆਂ ਦੀਆਂ ਫੋਟੋਆਂ ਦਿਖਾ ਕੇ ਕਰੋੜਾਂ ਰੁਪਏ ਫੰਡ ਇਕੱਠਾ ਕਰਦੀਆਂ ਹਨ ਪਰ ਅਸਲ ਹਾਲਤ ਫਿਰ ਵੀ ਹਰ ਦਿਨ ਭਿਅੰਕਰ ਹੋ ਰਹੀ ਹੈ। ਅਸਲ ਵਿਚ, ਇਨ੍ਹਾਂ ‘ਚੈਰੀਟੇਬਲ’ ਸੰਸਥਾਵਾਂ ਦਾ ਕੰਮ ਭੁੱਖਮਰੀ, ਗਰੀਬੀ ਦੇ ਹਕੀਕੀ ਕਾਰਨ ਸਰਮਾਏਦਾਰਾ-ਸਾਮਰਾਜੀ ਪ੍ਰਬੰਧ ਨੂੰ ਢਕਣਾ ਅਤੇ ਇਸ ਦੀ ਉਮਰ ਲੰਮੀ ਕਰਨਾ ਹੈ।
ਉੱਘੇ ਸ਼ਾਇਰ ਸੰਤ ਰਾਮ ਉਦਾਸੀ ਦੀਆਂ ਸਤਰਾਂ ਵਾਂਗ ‘ਜੇ ਸੋਕਾ ਇਹ ਹੀ ਜਰਦੇ ਨੇ, ਜੇ ਡੋਬਾ ਇਹ ਹੀ ਜਰਦੇ ਨੇ, ਸਭ ਕਹਿਰ ਇਨ੍ਹਾਂ ਸਿਰ ਵਰ੍ਹਦੇ ਨੇ’ ਵਾਂਗ ਅਫਰੀਕੀ ਮਹਾਂਦੀਪ ਦਾ ਹਾਰਨ ਆਫ ਅਫਰੀਕਾ ਦਾ ਇਲਾਕਾ ਸੋਕਾ ਪ੍ਰਭਾਵਿਤ ਹੈ ਜਿੱਥੇ ਸੋਕੇ ਨੇ ਸਾਢੇ ਤਿੰਨ ਕਰੋੜ ਤੋਂ ਉੱਪਰ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ; ਦੂਸਰੇ ਪਾਸੇ ਕੇਂਦਰੀ ਤੇ ਪੂਰਬੀ ਅਫਰੀਕਾ ਹੜ੍ਹਾਂ ਦੀ ਮਾਰ ਝੱਲ ਕੇ ਹਟਿਆ ਹੈ। ਕੀ ਇਹ ਸਭ ਕੁਦਰਤੀ ਹੈ? ਨਹੀਂ, ਇਸ ਲਈ ਤਾਂ ਸਗੋਂ ਸਰਮਾਏਦਾਰਾ ਪ੍ਰਬੰਧ ਜਿ਼ੰਮੇਵਾਰ ਹੈ। ਕੁਦਰਤੀ ਭੰਡਾਰ ਲੁੱਟਣ ਲੱਗਿਆਂ ਇਸ ਗੱਲ ਦੀ ਭੋਰਾ ਪਰਵਾਹ ਨਹੀਂ ਕੀਤੀ ਜਾ ਰਹੀ ਕਿ ਇਸ ਦਾ ਆਮ ਲੋਕਾਂ ਅਤੇ ਵਾਤਾਵਰਨ ਉੱਤੇ ਕੀ ਅਸਰ ਪਵੇਗਾ।
ਦਹਾਕਿਆ ਤੋਂ ਚੱਲ ਰਹੇ ਸਾਮਰਾਜੀ ਖਹਿ-ਭੇੜ ਕਾਰਨ ਬਣੀ ਸਿਆਸੀ ਅਸਥਿਰਤਾ ਕਾਰਨ ਤੇ ਸੋਕੇ-ਹੜ੍ਹ ਵਰਗੀਆਂ ਹਾਲਤਾਂ ਕਾਰਨ ਲੋਕ ਇੱਕ ਥਾਂ ਵੀ ਨਹੀਂ ਬੈਠ ਸਕਦੇ। ਕਈਆਂ ਦੇਸ਼ਾਂ ਦੀ ਹਾਲਤ ਇਹ ਹੈ ਕਿ ਜਿਸ ਉਮਰ ’ਚ ਬੱਚੇ ਦੇ ਮੋਢਿਆਂ ’ਤੇ ਕਿਤਾਬਾਂ ਦਾ ਬੈਗ ਹੋਣਾ ਚਾਹੀਦਾ ਸੀ, ਉਸ ਉਮਰੇ ਮਾਪੇ ਆਪਣੇ ਬੱਚਿਆਂ ਦੇ ਮੋਢੇ ਮੰਗਣ ਵਾਲਾ ਝੋਲਾ ਪਾ ਕੇ ਭੀਖ ਮੰਗਣ ਲਈ ਭੇਜਦੇ ਹਨ।
ਅਫਰੀਕਾ ਤੋਂ ਬਾਅਦ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਗੱਲ ਕਰੀਏ ਤਾਂ ਉੱਥੇ ਵੀ ਹਾਲਤ ਕੋਈ ਵੱਖਰੀ ਨਹੀਂ। ਪਿਛਲੇ ਸਾਲ ਪਾਕਿਸਤਾਨ ਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਝੱਲੀ ਜਿਸ ਕਾਰਨ ਮਨੁੱਖੀ ਜਾਨਾਂ ਤੋਂ ਇਲਾਵਾ ਹੋਰ ਵੀ ਬਹੁਤ ਨੁਕਸਾਨ ਹੋਇਆ। ਹਜ਼ਾਰਾਂ ਸਕੂਲ, ਸਿਹਤ ਕੇਂਦਰ ਅਤੇ ਪੀਣ ਵਾਲੇ ਪਾਣੀ ਦੇ ਕੇਂਦਰ ਤਬਾਹ ਹੋ ਗਏ। ਇਨ੍ਹਾਂ ਹੜ੍ਹਾਂ ਨੂੰ ਇੱਕ ਸਾਲ ਹੋ ਗਿਆ ਹੈ ਪਰ ਅਜੇ ਤੱਕ ਇਸ ਉਜਾੜੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਭਾਰਤ ਦਾ ਭੁੱਖਮਰੀ ਸੂਚਕ ਅੰਕ ਵਿਚ 101ਵਾਂ ਨੰਬਰ ਹੈ ਅਤੇ ਇੱਥੇ 33 ਲੱਖ ਤੋਂ ਉੱਪਰ ਬੱਚਿਆਂ ਨੂੰ ਲੋੜੀਂਦਾ ਭੋਜਨ ਨਹੀਂ ਮਿਲ ਰਿਹਾ। ਇਸ ਵਿਚੋਂ 17 ਲੱਖ ਬੱਚੇ ਨਾਜ਼ੁਕ ਹਾਲਤ ’ਚ ਹਨ। ਰਿਪੋਰਟਾਂ ਅਨੁਸਾਰ ਭਾਰਤ ਵਿਚ ਪੰਜ ਸਾਲ ਦੀ ਉਮਰ ਤੱਕ ਦੇ ਕੁਪੋਸਿ਼ਤ ਬੱਚਿਆਂ ਦੀ ਦਰ 18.7 ਫ਼ੀਸਦੀ (2022) ਹੈ ਅਤੇ 31.7 ਫ਼ੀਸਦੀ ਬੱਚੇ ਬੌਣੇਪਨ ਦੀ ਲਪੇਟ ਵਿਚ ਆ ਜਾਂਦੇ ਹਨ। ਇਹ ਅੰਕੜੇ ਵੀ 2022 ਦੇ ਹਨ।
ਅਫਰੀਕਾ ਮਹਾਂਦੀਪ ਦੀ ਹਾਲਤ ਬਿਨਾ ਸ਼ੱਕ ਬਾਕੀ ਦੁਨੀਆ ਨਾਲੋਂ ਜਿ਼ਆਦਾ ਭਿਆਨਕ ਹੈ। ਇਸ ਲਈ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਇਸ ਪਿੱਛੇ ਕੋਈ ਸ਼ਖ਼ਸ ਨਹੀਂ ਸਗੋਂ ਪੂਰਾ-ਸੂਰਾ ਪ੍ਰਬੰਧ ਹੈ ਜਿਹੜਾ ਮਨੁੱਖੀ ਲਹੂ ’ਤੇ ਪਲਦਾ ਹੈ ਜਿਸ ਨੂੰ ਪ੍ਰਸਿੱਧ ਸਾਹਿਤਕਾਰ ਮੈਕਸਿਮ ਗੋਰਕੀ ਨੇ ਪੀਲਾ ਦੈਂਤ ਆਖਿਆ ਸੀ। ਦੁਨੀਆ ਪੱਧਰ ’ਤੇ ਭੁੱਖਮਰੀ ਦੇ ਨਾਮ ’ਤੇ ਚੱਲਦੀਆਂ ਸੰਸਥਾਵਾਂ ਇਸ ਪੀਲੇ ਦੈਂਤ ਦੀ ਉਮਰ ਲੰਮੀ ਕਰਨ ਦਾ ਕੰਮ ਕਰਦੀਆਂ ਹਨ। ਜਿੰਨਾ ਚਿਰ ਇਹ ਪੀਲਾ ਦੈਂਤ ਜਿਊਂਦਾ ਹੈ, ਉਦੋਂ ਤੱਕ ਇਹ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਖਾਂਦਾ ਰਹੇਗਾ ਤੇ ਬਚਦਿਆਂ ਨੂੰ ਸਿਰਫ ਜਿਊਂਦੇ ਰਹਿਣ ਜੋਗਾ ਟੁੱਕਰ ਦੇਵੇਗਾ। ਇਸ ਲਈ ਅੱਜ ਦੀ ਜ਼ਰੂਰਤ ਇਸ ਪੀਲੇ ਦੈਂਤ ਦਾ ਖ਼ਾਤਮਾ ਕਰਨ ਅਤੇ ਇਸ ਦੀ ਥਾਂ ਮਨੁੱਖ ਕੇਂਦਰਿਤ ਪ੍ਰਬੰਧ ਉਸਾਰਨ ਦੀ ਹੈ ਜਿਹੜਾ ਲੋਕਾਈ ਦੇ ਜਥੇਬੰਦ ਹੋਏ ਬਗੈਰ ਸੰਭਵ ਨਹੀਂ। ਇਸ ਲਈ ਜਿੰਨਾ ਛੇਤੀ ਹੋ ਸਕੇ, ਮਾਸੂਮਾਂ ਲਈ ਮੁਸ਼ਕਿਲ ਬਣੇ ਇਸ ਪ੍ਰਬੰਧ ਨੂੰ ਖ਼ਤਮ ਕਰਨ ਦਾ ਉਪਰਾਲਾ ਕਰਨਾ ਚਾਹੀਦਾ ਹੈ।
ਸੰਪਰਕ: 98555-03174