ਕੈਬਨਿਟ ਮੰਤਰੀ ਅਮਨ ਅਰੋੜਾ ਦੀ ਸਜ਼ਾ ਖ਼ਿਲਾਫ਼ ਅਦਾਲਤ ਅੱਜ ਸੁਣਾਏਗੀ ਫ਼ੈਸਲਾ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 24 ਜਨਵਰੀ
ਸੁਨਾਮ ਦੀ ਅਦਾਲਤ ਵੱਲੋਂ ਘਰੇਲੂ ਝਗੜੇ ਦੇ ਕੇਸ ਵਿੱਚ ਕੈਬਨਿਟ ਮੰਤਰੀ ਅਮਨ ਅਰੋੜਾ ਸਣੇ ਨੌਂ ਵਿਅਕਤੀਆਂ ਨੂੰ ਸੁਣਾਈ ਦੋ ਸਾਲ ਦੀ ਸਜ਼ਾ ਖ਼ਿਲਾਫ਼ ਇਥੇ ਜ਼ਿਲ੍ਹਾ ਤੇ ਸੈਸ਼ਨ ਜੱਜ ਆਰਐੱਸ ਰਾਏ ਦੀ ਅਦਾਲਤ ਵਿੱਚ ਦਾਇਰ ਕੀਤੀ ਅਪੀਲ ’ਤੇ ਅੱਜ ਸੁਣਵਾਈ ਹੋਈ। ਇਹ ਅਪੀਲ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਾਈ ਸੀ। ਅਦਾਲਤ ਨੇ ਦੇਰ ਸ਼ਾਮ ਕਰੀਬ ਪੌਣੇ ਸੱਤ ਵਜੇ ਤੱਕ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ 25 ਜਨਵਰੀ ਤੱਕ ਰਾਖਵਾਂ ਰੱਖ ਲਿਆ ਹੈ।
ਅਦਾਲਤ ਵਿੱਚ ਅੱਜ ਸਵੇਰੇ ਦਸ ਵਜੇ ਸੁਣਵਾਈ ਸ਼ੁਰੂ ਹੋਈ। ਇਸ ਦੌਰਾਨ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਕੇਸ ਦੇ ਮੁਦਈ ਰਾਜਿੰਦਰ ਦੀਪਾ ਅਦਾਲਤ ਵਿਚ ਹਾਜ਼ਰ ਰਹੇ। ਅੱਜ ਕਰੀਬ 9 ਘੰਟੇ ਤੱਕ ਕੇਸ ਦੀ ਸੁਣਵਾਈ ਜਾਰੀ ਰਹੀ। ਅਦਾਲਤ ਤੋਂ ਬਾਹਰ ਆਉਂਦਿਆਂ ਰਾਜਿੰਦਰ ਦੀਪਾ ਨੇ ਉਮੀਦ ਪ੍ਰਗਟਾਈ ਕਿ ਪਹਿਲਾਂ ਵੀ ਸੱਚ ਦੀ ਜਿੱਤ ਹੋਈ ਹੈ ਅਤੇ ਅੱਗੇ ਵੀ ਸੱਚ ਦੀ ਜਿੱਤ ਹੋਵੇਗੀ। ਜ਼ਿਕਰਯੋਗ ਹੈ ਕਿ ਸੁਨਾਮ ਅਦਾਲਤ ਵੱਲੋਂ 15 ਸਾਲ ਪੁਰਾਣੇ ਘਰੇਲੂ ਝਗੜੇ ਦੇ ਕੇਸ ਵਿੱਚ ਅਮਨ ਅਰੋੜਾ ਸਣੇ 9 ਵਿਅਕਤੀਆਂ ਨੂੰ ਦੋ-ਦੋ ਸਾਲ ਦੀ ਕੈਦ ਅਤੇ ਪੰਜ-ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ। ਸੰਨ 2008 ਵਿਚ ਸ੍ਰੀ ਅਰੋੜਾ ਦੇ ਭਣੋਈਏ ਰਾਜਿੰਦਰ ਦੀਪਾ ਨੇ ਸ਼ਿਕਾਇਤ ਕੀਤੀ ਸੀ ਕਿ ਅਮਨ ਅਰੋੜਾ ਸਣੇ 9 ਵਿਅਕਤੀਆਂ ਨੇ ਉਸ ਦੇ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕੀਤਾ ਸੀ।