ਅਦਾਲਤ ਵੱਲੋਂ ਅਦਾਕਾਰ ਧਰਮਿੰਦਰ ਤੇ ਹੋਰਾਂ ਨੂੰ ਸੰਮਨ ਜਾਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 10 ਦਸੰਬਰ
ਇਥੋਂ ਦੀ ਅਦਾਲਤ ਨੇ ਗਰਮ-ਧਰਮ ਢਾਬਾ ਫਰੈਂਚਾਇਜ਼ੀ ਨਾਲ ਸਬੰਧਤ ਧੋਖਾਧੜੀ ਦੇ ਮਾਮਲੇ ਵਿੱਚ ਬਾਲੀਵੁੱਡ ਅਦਾਕਾਰ ਧਰਮਿੰਦਰ ਅਤੇ ਦੋ ਹੋਰਾਂ ਨੂੰ ਸੰਮਨ ਜਾਰੀ ਕੀਤਾ ਹੈ। ਸ਼ਿਕਾਇਤਕਰਤਾ ਦੇ ਵਕੀਲ ਅਨੁਸਾਰ ਇਹ ਮਾਮਲਾ ਢਾਬਾ ਕਾਰੋਬਾਰ ਨਾਲ ਜੁੜਿਆ ਹੈ। ਵਕੀਲ ਡੀਡੀ ਪਾਂਡੇ ਨੇ ਕਿਹਾ ਕਿ ਨਿਆਂਇਕ ਮੈਜਿਸਟਰੇਟ ਯਸ਼ਦੀਪ ਚਾਹਲ ਨੇ ਦਿੱਲੀ ਦੇ ਕਾਰੋਬਾਰੀ ਸੁਸ਼ੀਲ ਕੁਮਾਰ ਵੱਲੋਂ ਦਾਇਰ ਸ਼ਿਕਾਇਤ ਦੇ ਆਧਾਰ ’ਤੇ 89 ਸਾਲਾ ਅਦਾਕਾਰਾ ਧਰਮਿੰਦਰ ਖ਼ਿਲਾਫ਼ ਇਹ ਹੁਕਮ ਜਾਰੀ ਕੀਤਾ ਹੈ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਸ ਨੂੰ ਫਰੈਂਚਾਇਜ਼ੀ ਵਿੱਚ ਨਿਵੇਸ਼ ਕਰਨ ਦਾ ਲਾਲਚ ਦਿੱਤਾ ਗਿਆ ਸੀ। ਜੱਜ ਨੇ 5 ਦਸੰਬਰ ਨੂੰ ਜਾਰੀ ਕੀਤੇ ਹੁਕਮਾਂ ਵਿੱਚ ਕਿਹਾ ਕਿ ਰਿਕਾਰਡ ’ਚ ਲਿਆਂਦੇ ਸਬੂਤਾਂ ਤੋਂ ਪਹਿਲੀ ਨਜ਼ਰੇ ਇਹ ਮਾਮਲਾ ਧੋਖਾਧੜੀ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਲੱਗਦਾ ਹੈ। ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 20 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ। ਜੱਜ ਨੇ ਕਿਹਾ ਕਿ ਗਰਮ ਧਰਮ ਢਾਬੇ ਨਾਲ ਸਬੰਧਤ ਰਿਕਾਰਡ ਵਿੱਚ ਲੱਗੇ ਦਸਤਾਵੇਜ਼ਾਂ ਤੇ ਪੱਤਰ ਵਿੱਚ ਉਕਤ ਰੈਸਟੋਰੈਂਟ ਦਾ ਲੋਗੋ ਵੀ ਸ਼ਾਮਲ ਸੀ। ਅਦਾਲਤ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਦੋਹਾਂ ਧਿਰਾਂ ਵਿਚਾਲੇ ਲੈਣ-ਦੇਣ ਗਰਮ ਧਰਮ ਢਾਬੇ ਨਾਲ ਸਬੰਧਤ ਹੈ ਅਤੇ ਇੱਕ ਧਿਰ ਧਰਮ ਸਿੰਘ ਦਿਓਲ ਵੱਲੋਂ ਇਸ ਦੀ ਪੈਰਵੀ ਕਰ ਰਹੀ ਸੀ।