ਨਿਰਦੇਸ਼ਕ ਐਂਗ ਲੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ
ਵਾਸ਼ਿੰਗਟਨ:
ਡਾਇਰੈਕਟਰਜ਼ ਗਿਲਡ ਆਫ ਅਮਰੀਕਾ (ਡੀਜੀਏ) ਦੇ 77ਵੇਂ ਸਾਲਾਨਾ ਐਵਾਰਡ ਸਮਾਰੋਹ ਦੌਰਾਨ ਨਿਰਦੇਸ਼ਕ ਐਂਗ ਲੀ ਨੂੰ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਆ ਗਿਆ। ‘ਬਰੋਕਬੈਕ ਮਾਊਂਟੇਨ’ ਅਤੇ ‘ਲਾਈਫ ਆਫ ਪਾਈ’ ਫਿਲਮਾਂ ਦੇ ਨਿਰਦੇਸ਼ਕ ਲੀ ਇਹ ਸਨਮਾਨ ਹਾਸਲ ਕਰਨ ਵਾਲੇ 37ਵੇਂ ਨਿਰਦੇਸ਼ਕ ਬਣ ਗਏ ਹਨ। ਇਸ ਤੋਂ ਪਹਿਲਾਂ ਲੀ ਨੂੰ ਅਕੈਡਮੀ ਐਵਾਰਡ ਵੀ ਮਿਲ ਚੁੱਕਿਆ ਹੈ। ਇਸ ਦਾ ਖ਼ੁਲਾਸਾ ਨਿਰਦੇਸ਼ਕ ਦੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਖਾਤੇ ’ਤੇ ਕੀਤਾ ਗਿਆ ਹੈ। ਲੀ ਨੂੰ ਇਹ ਸਨਮਾਨ ਡੀਜੀਏ ਦੇ ਮੌਜੂਦਾ ਅਤੇ ਸਾਬਕਾ ਪ੍ਰਧਾਨਾਂ ਦੀ ਹਾਜ਼ਰੀ ’ਚ ਦਿੱਤਾ ਗਿਆ। ਇਹ ਸਨਮਾਨ ਕਿਸੇ ਵਿਅਕਤੀ ਵਿਸ਼ੇਸ਼ ਵੱਲੋਂ ਸਿਨੇਮਾ ਜਗਤ ਵਿੱਚ ਪਾਏ ਅਹਿਮ ਯੋਗਦਾਨ ਲਈ ਦਿੱਤਾ ਜਾਂਦਾ ਹੈ। ਡੀਜੀਏ ਦੀ ਪ੍ਰਧਾਨ ਲੇਸਲੀ ਲਿੰਕਾ ਗਲੈਟਰ ਨੇ ਲੀ ਦੇ ਕੰਮ ਦੀ ਤਾਰੀਫ਼ ਕਰਦਿਆਂ ਇਹ ਸਨਮਾਨ ਉਸ ਨੂੰ ਦੇਣ ਦਾ ਐਲਾਨ ਕੀਤਾ। ਲੇਸਲੀ ਨੇ ਕਿਹਾ ਕਿ ਲੀ ਨੇ ਆਪਣੇ ਕੰਮ ਨਾਲ ਆਪਣੀ ਕਾਬਲੀਅਤ ਸਾਬਿਤ ਕੀਤੀ ਹੈ। ਉਹ ਲਗਾਤਾਰ 30 ਸਾਲਾਂ ਤੋਂ ਆਪਣੇ ਹੁਨਰ ਦਾ ਲੋਹਾ ਮਨਵਾ ਚੁੱਕੇ ਹਨ। -ਏਐੱਨਆਈ