ਕੋਰੀਅਰ ਕੰਪਨੀ ਨੇ ਗਾਹਕ ਨੂੰ ਅਮਰੀਕਾ ਭੇਜੇ ਪਾਰਸਲ ’ਚੋਂ ਅਫੀਮ ਨਿਕਲਣ ਦਾ ਦਿੱਤਾ ਡਰਾਵਾ
ਪੱਤਰ ਪ੍ਰੇਰਕ
ਤਰਨ ਤਾਰਨ, 17 ਸਤੰਬਰ
ਪੱਟੀ ਸ਼ਹਿਰ ਦੀ ਲੜਕੀ ਵੱਲੋਂ ਅਮਰੀਕਾ ਰਹਿੰਦੇ ਰਿਸ਼ਤੇਦਾਰ ਨੂੰ ਭੇਜਿਆ ਪਾਰਸਲ ਨਾ ਮਿਲਣ ਦੀ ਸ਼ਿਕਾਇਤ ਕਰਨ ’ਤੇ ਕੰਪਨੀ ਦੇ ਕਰਿੰਦਿਆਂ ਵੱਲੋਂ ਉਸ ਨੂੰ ਪਾਰਸਲ ਵਿੱਚੋਂ ਅੱਧਾ ਕਿਲੋ ਅਫੀਮ ਮਿਲਣ ਦਾ ਕਥਿਤ ਡਰਾਵਾ ਦੇ ਕੇ ਉਸ ਤੋਂ 2 ਲੱਖ ਰੁਪਏ ਠੱਗਣ ਦੇ ਦੋਸ਼ ਹੇਠ ਪੁਲੀਸ ਨੇ ਦੋ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਏਐੱਸਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰਨਵੀਰ ਸਿੰਘ ਨੂੰ ਉਸ ਦੀ ਰਿਸ਼ਤੇਦਾਰ ਅਰਸ਼ਦੀਪ ਕੌਰ ਨੇ 22 ਅਗਸਤ ਨੂੰ ਪਾਰਸਲ ਭੇਜਿਆ ਸੀ। ਪਾਰਸਲ ਸਮੇਂ ਸਿਰ ਨਾ ਮਿਲਣ ’ਤੇ ਸ਼ਿਕਾਇਤ ਕੋਰੀਅਰ ਕੰਪਨੀ ਕੋਲ ਕੀਤੀ ਤਾਂ ਕੰਪਨੀ ਦੇ ਪੱਟੀ ਸਥਿਤ ਕਰਿੰਦਿਆਂ ਨੇ ਉਸ ਨੂੰ ਗਲਤ ਆਈਡੀ ਦੇ ਦਿੱਤੀ। ਕੰਪਨੀ ਦੇ ਕਰਿੰਦਿਆਂ ਰਾਣਾ ਭੱਲਾ ਅਤੇ ਸਤਨਾਮ ਸਿੰਘ ਸੱਤਾ ਨੇ ਪਾਰਸਲ ਵਿੱਚੋਂ ਅੱਧਾ ਕਿਲੋ ਅਫੀਮ ਬਰਾਮਦ ਹੋਣ ਦਾ ਡਰਾਵਾ ਦਿੱਤਾ ਤੇ ਮਾਮਲੇ ਨੂੰ ਰਫਾ-ਦਫਾ ਕਰਵਾਉਣ ਲਈ 1.80 ਲੱਖ ਰੁਪਏ ਮੰਗੇ। ਜਦੋਂ ਕਰਨਵੀਰ ਸਿੰਘ ਨੇ ਅਰਸ਼ਦੀਪ ਕੌਰ ਨੂੰ ਪਾਰਸਲ ਮਿਲਣ ਬਾਰੇ ਦੱਸਿਆ ਤਾਂ ਮੁਲਜ਼ਮਾਂ ਰਾਣਾ ਭੱਲਾ ਅਤੇ ਸਤਨਾਮ ਖਿਲਾਫ਼ ਕੇਸ ਦਰਜ ਕਰਵਾਇਆ ਹੈ।