ਬੋਲੀਨਾ ਦੋਆਬਾ ਦੀ ਗ੍ਰਾਮ ਪੰਚਾਇਤ ਉੱਤੇ ਦੇਸ਼ ਨੂੰ ਮਾਣ: ਸੰਜੈ ਸਿੰਘ
ਨਿੱਜੀ ਪੱਤਰ ਪ੍ਰੇਰਕ
ਜਲੰਧਰ, 26 ਜੁਲਾਈ
‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਵਿੱਚ ਪਾਰਟੀ ਦੀ ਅਗਵਾਈ ਕਰ ਰਹੇ ਸੰਜੈ ਸਿੰਘ ਨੇ ਪੰਜਾਬ ਦੇ ਪਿੰਡ ਬੋਲੀਨਾ ਦੋਆਬਾ ਦੀ ਗ੍ਰਾਮ ਪੰਚਾਇਤ ਵੱਲੋਂ ਮਨੀਪੁਰ ਦੀ ਹਿੰਸਾ ਵਿਰੁੱਧ ਪਾਏ ਮਤੇ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਕਿਹਾ ਕਿ ਬੋਲੀਨਾ ਦੋਆਬਾ ਦੇਸ਼ ਦੀ ਸ਼ਾਇਦ ਪਹਿਲੀ ਪੰਚਾਇਤ ਹੋਵੇਗੀ ਜਿਸ ਨੇ ਮਨੀਪੁਰ ਦੀ ਹਿੰਸਾ ਦੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਪਾਰਲੀਮੈਂਟ ਦੇ ਬਾਹਰ ਧਰਨਾ ਦੇ ਰਹੇ ਸੰਜੈ ਸਿੰਘ ਨੇ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਲੋਕਤੰਤਰ ਦੀ ਸਭ ਤੋਂ ਮੁੱਢਲੀ ਇਕਾਈ ਰਾਹੀਂ ਮਤਾ ਪਾਸ ਕਰ ਕੇ ਸਾਰੇ ਦੇਸ਼ ਦੀਆਂ ਪੰਚਾਇਤਾਂ ਨੂੰ ਰਾਹ ਦਿਖਾਇਆ ਹੈ ਕਿ ਪਿੰਡਾਂ ਵਿੱਚ ਵਸਦਾ ਭਾਰਤ ਦੇਸ਼ ਦੇ ਤਾਨਾਸ਼ਾਹ ਵੱਲ ਦੇਖ ਰਿਹਾ ਹੈ ਕਿ ਉਹ ਕਿਵੇਂ ਇੱਕ-ਇੱਕ ਕਰ ਕੇ ਸੰਸਥਾਵਾਂ ਨੂੰ ਤਬਾਹ ਕਰੀਂ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਨੀਪੁਰ ਦੀ ਸ਼ਰਮਨਾਕ ਘਟਨਾ ਨੇ ਸਮੁੱਚੀ ਦੁਨੀਆਂ ਵਿੱਚ ਭਾਰਤ ਦਾ ਸਿਰ ਨੀਵਾਂ ਕੀਤਾ ਹੈ। ਆਪ ਦੇ ਆਗੂ ਸੰਜੈ ਸਿੰਘ ਨੇ ਬੋਲੀਨਾ ਦੋਆਬਾ ਦੀ ਪੰਚਾਇਤ ਵੱਲੋਂ ਮਨੀਪੁਰ ਦੇ ਪਾਸ ਕੀਤੇ ਮਤੇ ਨੂੰ ਪਿੰਡਾਂ ਦੀ ਲੋਕਾਂ ਦੀ ਤਿੱਖੀ ਸੂਝਬੂਝ ਦਾ ਪ੍ਰਤੀਕ ਵੀ ਦੱਸਿਆ। ਉਨ੍ਹਾਂ ਕਿਹਾ ਕਿ ਅਜਿਹੀ ਪੰਚਾਇਤ ’ਤੇ ਦੇਸ਼ ਨੂੰ ਮਾਣ ਹੈ।
ਕੁਲਵਿੰਦਰ ਸਿੰਘ ਨੇ ‘ਆਪ’ ਆਗੂ ਸੰਜੈ ਸਿੰਘ ਵੱਲੋਂ ਕੀਤੇ ਫੋਨ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਅੱਜ ਸਵੇਰੇ ਸੰਜੈ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਪਾਰਲੀਮੈਂਟ ਦੇ ਸਾਹਮਣੇ ਜਿਸ ਥਾਂ ’ਤੇ ਧਰਨਾ ਦਿੱਤਾ ਹੋਇਆ ਹੈ, ਉਥੋਂ ਫੋਨ ਕੀਤਾ ਸੀ। ਉਨ੍ਹਾ ਦੇਸ਼ ਦੇ ਸਾਰੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠਕੇ ਮਨੀਪੁਰ ਹਿੰਸਾ ਦੀ ਨਿੰਦਾ ਕਰਨ।