For the best experience, open
https://m.punjabitribuneonline.com
on your mobile browser.
Advertisement

ਘਟੀਆ ਸਮੱਗਰੀ ਨੂੰ ਲੈ ਕੇ ਖਹਬਿੜੇ ਕੌਂਸਲ ਪ੍ਰਧਾਨ ਤੇ ਮੁਹੱਲਾ ਵਾਸੀ

08:47 AM Mar 05, 2024 IST
ਘਟੀਆ ਸਮੱਗਰੀ ਨੂੰ ਲੈ ਕੇ ਖਹਬਿੜੇ ਕੌਂਸਲ ਪ੍ਰਧਾਨ ਤੇ ਮੁਹੱਲਾ ਵਾਸੀ
ਮਾਨਸਾ ਵਿੱਚ ਗਲੀ ’ਚ ਵਰਤੀ ਘਟੀਆ ਸਮੱਗਰੀ ਵਿਖਾਉਂਦੇ ਹੋਏ ਲੋਕ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 4 ਮਾਰਚ
ਇੱਥੋਂ ਦੀ ਵਨ-ਵੇਅ ਟਰੈਫ਼ਿਕ ਰੋਡ ਸਥਿਤ ਇੱਕ ਗਲੀ ਦੇ ਪੁਨਰ ਨਿਰਮਾਣ ਦੌਰਾਨ ਘਟੀਆ ਮਿਆਰ ਦਾ ਮੈਟੀਰੀਅਲ ਵਰਤੇ ਜਾਣ ਨੂੰ ਲੈ ਕੇ ਨਗਰ ਕੌਂਸਲ ਪ੍ਰਧਾਨ ਅਤੇ ਮੁਹੱਲਾ ਵਾਸੀ ਹੱਥੋਪਾਈ ਹੋ ਗਏ। ਦੋਵੇਂ ਧਿਰਾਂ ਇੱਕ-ਦੂਜੇ ’ਤੇ ਮਾਰਕੁੱਟ ਕਰਨ ਦਾ ਦੋਸ਼ ਲਾ ਰਹੀਆਂ ਹਨ। ਮਾਮਲਾ ਮਾਨਸਾ ਦੇ ਥਾਣਾ ਸਿਟੀ-2 ਪੁੱਜ ਗਿਆ। ਦੇਰ ਸ਼ਾਮ ਥਾਣਾ ਸਿਟੀ-2 ਮਾਨਸਾ ਦੀ ਪੁਲੀਸ ਵਲੋਂ ਦੋਵੇਂ ਧਿਰਾਂ ਦੀਆਂ ਸ਼ਿਕਾਇਤਾਂ ਸੁਣੀਆਂ ਗਈਆਂ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਦੀ ਪੁੱਛਗਿੱਛ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਵਨ-ਵੇਅ-ਟਰੈਫ਼ਿਕ ਰੋਡ ਸਥਿਤ ਪਰਸ਼ੂਰਾਮ ਵਾਲੀ ਗਲੀ ਦਾ ਪੁਨਰ ਨਿਰਮਾਣ ਕੀਤਾ ਜਾ ਰਿਹਾ ਹੈ। ਸੋਮਵਾਰ ਨੂੰ ਮੁਹੱਲਾ ਨਿਵਾਸੀ ਸੇਵਾਮੁਕਤ ਅਧਿਆਪਕ ਤਰਸੇਮ ਚੰਦ ਨੇ ਇਸ ਸੜਕ ਦੇ ਨਿਰਮਾਣ ਲਈ ਵਰਤੇ ਜਾ ਰਹੇ ਮੈਟੀਰੀਅਲ ’ਤੇ ਇਤਰਾਜ਼ ਜਤਾਇਆ ਅਤੇ ਇਸ ਨੂੰ ਲੈ ਕੇ ਸਥਾਨਕ ਕਾਲੀ ਮਾਤਾ ਮੰਦਰ ਵਿਖੇ ਇਕੱਠ ਬੁਲਾਇਆ। ਲੋਕਾਂ ਦਾ ਰੋਸ ਵੱਧਦਾ ਵੇਖ ਨਗਰ ਕੌਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਵੀ ਉਥੇ ਪਹੁੰਚੇ। ਮੁਹੱਲਾ ਨਿਵਾਸੀਆਂ ਨੇ ਗਲੀ ਦੇ ਨਿਰਮਾਣ ਵਿੱਚ ਮਾੜਾ ਮੈਟੀਰੀਅਲ ਵਰਤੇ ਜਾਣ ਦੇ ਦੋਸ਼ ਲਾਏ, ਜਦੋਂ ਕਿ ਨਗਰ ਕੌਸਲ ਪ੍ਰਧਾਨ ਨੇ ਇਸ ਸਬੰਧੀ ਸਬੰਧਤ ਠੇਕੇਦਾਰ ਤੋਂ ਪੁੱਛਗਿੱਛ ਕਰਨ ਦੀ ਗੱਲ ਕਹੀ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਦੋਵਾਂ ਧਿਰਾਂ ਵਿਚਕਾਰ ਝੜਪ ਹੋ ਗਈ।
ਸੇਵਾਮੁਕਤ ਅਧਿਆਪਕ ਅਤੇ ਉਘੇ ਸਮਾਜ ਸੇਵੀ ਤਰਸੇਮ ਚੰਦ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਇਸ ਗਲੀ ਦੇ ਨਿਰਮਾਣ ਵਿੱਚ ਮਾੜਾ ਮੈਟੀਰੀਅਲ ਵਰਤਿਆ ਜਾ ਰਿਹਾ ਹੈ, ਉਹ ਕਈ ਦਿਨਾਂ ਤੋਂ ਰੌਲਾ ਪਾ ਰਹੇ ਹਨ, ਪ੍ਰੰਤੂ ਉਨ੍ਹਾਂ ਦੀ ਕੋਈ ਪੁੱਛਗਿੱਛ ਨਹੀਂ ਹੋਈ। ਉਨ੍ਹਾਂ ਕਿਹਾ ਕਿ ਗਲੀ ਦੇ ਨਿਰਮਾਣ ਵਿੱਚ ਘਟੀਆ ਮੈਟੀਰੀਅਲ ਨਹੀਂ ਵਰਤਣ ਦਿੱਤਾ ਜਾਵੇਗਾ। ਇਸ ਤੋਂ ਬਾਅਦ ਦੋਵੇਂ ਧਿਰਾਂ ਦੀ ਹੱਥੋ-ਪਾਈ ਹੋ ਗਈ। ਤਰਸੇਮ ਚੰਦ ਨੇ ਕਿਹਾ ਕਿ ਨਗਰ ਕੌਸਲ ਪ੍ਰਧਾਨ ਨੇ ਉਨ੍ਹਾਂ ਦੇ ਗਲ ’ਚ ਹੱਥ ਪਾ ਕੇ ਥੱਪੜ ਮਾਰੇ ਅਤੇ ਉਨ੍ਹਾਂ ਦੀ ਕੋਈ ਵੀ ਗੱਲ ਨਹੀਂ ਸੁਣੀ। ਤਰਸੇਮ ਚੰਦ ਨੇ ਮੁਹੱਲਾ ਨਿਵਾਸੀਆਂ ਨੂੰ ਲੈਕੇ ਥਾਣਾ ਸਿਟੀ-2 ਮਾਨਸਾ ਵਿਖੇ ਲਿਖਤੀ ਸ਼ਿਕਾਇਤ ਕੀਤੀ। ਉਧਰ ਨਗਰ ਕੌਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਨੇ ਕਿਹਾ ਕਿ ਸ਼ਿਕਾਇਤ ਮਿਲਣ ’ਤੇ ਉਨ੍ਹਾਂ ਸਬੰਧਿਤ ਠੇਕੇਦਾਰ ਤੋਂ ਪੁੱਛ-ਪੜਤਾਲ ਕਰਨ ਦੀ ਗੱਲ ਕਹੀ ਪਰ ਤਰਸੇਮ ਚੰਦ ਨੇ ਗੁੱਸੇ ਵਿੱਚ ਆ ਕੇ ਉਨ੍ਹਾਂ ਨਾਲ ਹੱਥੋਪਾਈ ਕੀਤੀ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਇਆ।
ਇਸ ਸਬੰਧੀ ਥਾਣਾ ਸਿਟੀ-2 ਮਾਨਸਾ ਦੇ ਮੁਖੀ ਦਲਜੀਤ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਨੂੰ ਬੁਲਾ ਕੇ ਇਸ ਮਾਮਲੇ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਪੁਲੀਸ ਕੋਲ ਲਿਖਤੀ ਸ਼ਿਕਾਇਤ ਦਿੱਤੀ ਹੈ, ਜਿਸ ਦੀ ਪੁਲੀਸ ਪਾਸੋਂ ਪੜਤਾਲ ਕਰਨ ਤੋਂ ਬਾਅਦ ਇਸ ਉਤੇ ਕਾਰਵਾਈ ਅਮਲ ਵਿੱਚ ਲਿਆਵੇਗੀ।

Advertisement

ਸੀਨੀਅਰ ਡਿਪਟੀ ਮੇਅਰ ਨੇ ਸੜਕਾਂ ਦੀ ਵੀਡੀਓਗ੍ਰਾਫ਼ੀ ਕਰਵਾਈ

ਮੈਟੀਰੀਅਲ ਦੀ ਜਾਂਚ ਕਰਦੇ ਹੋਏ ਸੀਨੀਅਰ ਡਿਪਟੀ ਮੇਅਰ ਪਰਵੀਨ ਸ਼ਰਮਾ।

ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਸ਼ਹਿਰ ਅੰਦਰ ਗੈਰਮਿਆਰੀ ਸੜਕਾਂ ਬਣਨ ਦੀ ਲੋਕਾਂ ਦੀ ਸ਼ਿਕਾਇਤ ਉੱਤੇ ਸੀਨੀਅਰ ਡਿਪਟੀ ਮੇਅਰ ਨੇ ਨੋਟਿਸ ਲਿਆ। ਇਸ ਮੌਕੇ ਉਨ੍ਹਾਂ ਨਿਰਮਾਣ ਕਾਰਜਾਂ ਦੀ ਵੀਡੀਓਗ੍ਰਾਫ਼ੀ ਕਰਵਾਈ ਅਤੇ ਗੈਰਮਿਆਰੀ ਰੇਤਾ ਸੀਮਿੰਟ ਦਾ ਨਮੂਨਾ ਵੀ ਸਬੂਤ ਵਜੋਂ ਕਬਜ਼ੇ ਵਿਚ ਲਿਆ। ਇਥੇ ਜਵਾਹਰ ਨਗਰ, ਰਾਮਗੰਜ ਰੋਡ ਮੇਨ ਰੋਡ, ਪਰਵਾਨਾ ਨਗਰ ਆਦਿ ਇਲਾਕੇ ਦੀਆਂ ਸੜਕਾਂ ਵਿਚ ਗੈਰ ਮਿਆਰੀ ਮੈਟੀਰੀਅਲ ਦੀ ਚਰਚਾ ਹੈ। ਇਥੇ ਮਹਿਮੇਵਾਲਾ ਵਿਚ ਸੜਕ ਦੀ ਸਾਈਡ ਬਰਮ ਬਣਾਉਣ ਵਿੱਚ ਸੀਮਿੰਟ ਦੀ ਥਾਂ ਸਿਰਫ ਰੇਤ ਦੀ ਵਰਤੋਂ ਕਰਨ ਦੀ ਲੋਕਾਂ ਵੱਲੋਂ ਹਲਕਾ ਵਿਧਾਇਕ ਤੇ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ। ਸੜਕਾਂ ਵਿਚ ਗੈਰਮਿਆਰੀ ਮੈਟੀਰੀਅਲ ਦੀ ਵਰਤੋਂ ਦੀ ਜਾਣਕਾਰੀ ਮਿਲਦੇ ਸੀਨੀਅਰ ਡਿਪਟੀ ਮੇਅਰ ਪਰਵੀਨ ਕੁਮਾਰ ਸ਼ਰਮਾ ਮੌਕੇ ਉੱਤੇ ਪੁੱਜੇ। ਉਨ੍ਹਾਂ ਕਾਮਿਆਂ ਨੂੰ ਗੈਰਮਿਆਰੀ ਮਟੀਰੀਅਲ ਦੀ ਵਰਤੋਂ ਬਾਰੇ ਪੁੱਛਿਆ ਪਰ ਉਹ ਕੋਈ ਤਸੱਲੀਬਖਸ਼ ਜਵਾਬ ਨਾ ਦੇ ਕੇ। ਉਨ੍ਹਾਂ ਉੱਥੇ ਵਰਤੇ ਜਾ ਰਹੇ ਨਿਰਮਾਣ ਸਮੱਗਰੀ ਦਾ ਨਮੂਨਾ ਇਕੱਠਾ ਕਰਕੇ ਥੈਲੇ ਵਿਚ ਪਾਉਣ ਤੋਂ ਇਲਾਵਾ ਵੀਡੀਓਗ੍ਰਾਫੀ ਵੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਨਗਰ ਨਿਗਮ ਦੇ ਕਾਰਜਕਾਰੀ ਕਮਿਸ਼ਨਰ ਕਮ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਔਜਲਾ ਦੇ ਧਿਆਨ ਵਿਚ ਵੀ ਲਿਆਂਦਾ ਹੈ। ਇਸ ਮੌਕੇ ਅੰਗਰੇਜ਼ ਸਿੰਘ, ਗੁਰਨਾਮ ਸਿੰਘ, ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਤੇ ਹੋਰਾਂ ਨੇ ਦੱਸਿਆ ਕਿ ਉਨ੍ਹਾਂ ਇਸ ਨਿਗਮ ਦੇ ਜੇਈ, ਐਸਡੀਓ, ਸੰਯੁਕਤ ਕਮਿਸਨਰ ਤੱਕ ਪਹੁੰਚ ਕੀਤੀ, ਪਰ ਕਿਸੇ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਸੜਕ ਨਿਰਮਾਣ ਵਿਚ ਵਰਤੇ ਜਾ ਰਹੇ ਗੈਰ ਮਿਆਰੀ ਮੈਟੀਰੀਅਲ ਦੀ ਸ਼ਿਕਾਇਤ ਹਲਕਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੂੰ ਵੀ ਕੀਤੀ ਕਿ ਇੰਟਰਲਾਕਿੰਗ ਟਾਈਲਾਂ ਵਿਛਾਉਣ ਵਿੱਚ ਬੇਨਿਯਮੀਆਂ ਹੋ ਰਹੀਆਂ ਹਨ, ਸੀਮਿੰਟ ਦੀ ਵਰਤੋਂ ਕੀਤੇ ਬਿਨਾਂ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਵਿਧਾਇਕ ਨੇ ਉਨ੍ਹਾਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਪਰ ਉਹ ਵਿਧਾਨ ਸਭਾ ਦੇ ਬਜਟ ਸੈਸ਼ਨ ’ਚ ਹੋਣ ਕਾਰਨ ਮੌਕੇ ਉਤੇ ਨਹੀਂ ਪੁੱਜੇ ਤਾਂ ਉਨ੍ਹਾਂ ਇਹ ਮਾਮਲਾ ਸੀਨੀਅਰ ਡਿਪਟੀ ਮੇਅਰ ਪਰਵੀਨ ਸ਼ਰਮਾ ਦੇ ਧਿਆਨ ਵਿਚ ਲਿਆਂਦਾ। ਵਿਧਾਇਕਾ ਡਾ. ਅਮਨਦੀਪ ਅਰੋੜਾ ਦਾ ਕਹਿਣਾ ਹੈ ਕਿ ਭ੍ਰਿਸ਼ਟਾਚਾਰ ਨੂੰ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ, ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ।

Advertisement
Author Image

Advertisement
Advertisement
×