ਨਿਗਮ ਨੇ 19 ਬੇਸਹਾਰਾ ਪਸ਼ੂ ਗਊਸ਼ਾਲਾ ਭੇਜੇ
ਪੱਤਰ ਪ੍ਰੇਰਕ
ਯਮੁਨਾਨਗਰ, 18 ਨਵੰਬਰ
ਸ਼ਹਿਰ ਵਿੱਚ ਘੁੰਮ ਰਹੇ ਬੇਸਹਾਰਾ ਪਸ਼ੂਆਂ ਨੂੰ ਫੜਨ ਲਈ ਨਗਰ ਨਿਗਮ ਵੱਲੋਂ ਮੁਹਿੰਮ ਲਗਾਤਾਰ ਜਾਰੀ ਹੈ । ਅੱਜ ਨਿਗਮ ਦੀਆਂ ਟੀਮਾਂ ਨੇ ਵੱਖ-ਵੱਖ ਕਲੋਨੀਆਂ ਅਤੇ ਸੜਕਾਂ ’ਤੇ ਘੁੰਮ ਰਹੀਆਂ 19 ਬੇਸਹਾਰਾ ਗਊਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਪਹੁੰਚਾਇਆ। ਅੱਜ ਦੀ ਕਾਰਵਾਈ ਵਿੱਚ ਜ਼ੋਨ-1 ਵਿੱਚੋਂ 10 ਅਤੇ ਜ਼ੋਨ-2 ਵਿੱਚੋਂ 9 ਗਾਵਾਂ ਫੜੀਆਂ ਗਈਆਂ।
ਨਿਗਮ ਅਧਿਕਾਰੀਆਂ ਮੁਤਾਬਕ ਨਿਗਮ ਦੀ ਇਹ ਮੁਹਿੰਮ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸ਼ਹਿਰ ਬੇਸਹਾਰਾ ਗਊਆਂ ਤੋਂ ਮੁਕਤ ਨਹੀਂ ਹੋ ਜਾਂਦਾ । ਨਗਰ ਨਿਗਮ ਕਮਿਸ਼ਨਰ ਆਯੂਸ਼ ਸਿਨਹਾ ਦੀਆਂ ਹਦਾਇਤਾਂ ’ਤੇ ਲਾਵਾਰਿਸ ਪਸ਼ੂਆਂ ਨੂੰ ਫੜਨ ਲਈ ਜ਼ੋਨ-1 ਵਿੱਚ ਸੀਐੱਸਆਈ ਹਰਜੀਤ ਸਿੰਘ ਅਤੇ ਜ਼ੋਨ-2 ਵਿੱਚ ਸੀਐੱਸਆਈ ਸੁਨੀਲ ਦੱਤ ਦੀ ਅਗਵਾਈ ਵਿੱਚ ਟੀਮਾਂ ਦਾ ਗਠਨ ਕੀਤਾ ਗਿਆ ਸੀ।
ਗਊਆਂ ਨੂੰ ਗਊਸ਼ਾਲਾ ਕਮੇਟੀ, ਮਟਕਾ ਚੌਕ, ਜਗਾਧਰੀ ਵਿੱਚ ਲਿਜਾਇਆ ਗਿਆ। ਇਸੇ ਤਰ੍ਹਾਂ ਸੀਐੱਸਆਈ ਸੁਨੀਲ ਦੱਤ ਦੀ ਅਗਵਾਈ ਵਿੱਚ ਟੀਮ ਨੇ ਜ਼ੋਨ- 2 ਦੇ ਵਾਰਡ 19 ਵਿੱਚ ਲਾਵਾਰਸ ਪਸ਼ੂਆਂ ਨੂੰ ਫੜਨ ਦੀ ਮੁਹਿੰਮ ਚਲਾਈ। ਡਿਪਟੀ ਨਿਗਮ ਕਮਿਸ਼ਨਰ ਡਾ. ਵਿਜੇ ਪਾਲ ਯਾਦਵ ਨੇ ਜਨਤਾ ਨੂੰ ਅਪੀਲ ਕੀਤੀ ਕਿ ਜੇ ਉਹ ਸ਼ਹਿਰੀ ਖੇਤਰ ਵਿੱਚ ਕਿਤੇ ਵੀ ਕੋਈ ਲਾਵਾਰਸ ਪਸ਼ੂ ਦੇਖਦੇ ਹਨ ਤਾਂ ਉਸ ਦੀ ਫੋਟੋ ਕਲਿੱਕ ਕਰਕੇ ਉਸ ਦੇ ਪਤੇ ਜਾਂ ਟਿਕਾਣੇ ਸਮੇਤ ਨਿਗਮ ਦੇ ਵਟਸਐਪ ਨੰਬਰ 7082410524 ’ਤੇ ਭੇਜਣ। ਨਿਗਮ ਦੀ ਟੀਮ ਤੁਰੰਤ ਮੌਕੇ ’ਤੇ ਭੇਜੀ ਜਾਵੇਗੀ ਅਤੇ ਛੱਡੇ ਗਏ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ ਵਿੱਚ ਲਿਜਾਇਆ ਜਾਵੇਗਾ । ਉਨ੍ਹਾਂ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਚੱਲਦੀ ਰਹੇਗੀ ਤਾਂ ਜੋਂ ਲਾਵਾਰਸ ਪਸ਼ੂ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਨਾ ਬਣਨ।