ਰਾਜਧਾਨੀ ’ਚ ਪ੍ਰਦੂਸ਼ਣ ਵਧਣ ਕਾਰਨ ਟਰੈਫਿਕ ਪੁਲੀਸ ਹੋਈ ਸਰਗਰਮ
ਪੱਤਰ ਪ੍ਰੇਰਕ
ਫਰੀਦਾਬਾਦ, 18 ਨਵੰਬਰ
ਹਵਾ ਪ੍ਰਦੂਸ਼ਣ ਨਿਯੰਤਰਣ ਸਬੰਧੀ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦੇ ਤਹਿਤ ਐੱਨਸੀਆਰ ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ ਦੇ ਆਦੇਸ਼ਾਂ ’ਤੇ ਕਾਰਵਾਈ ਕਰਦੇ ਹੋਏ, ਫਰੀਦਾਬਾਦ ਪੁਲੀਸ ਨੇ ਨਵੰਬਰ ਮਹੀਨੇ ਵਿੱਚ 45 ਚਲਾਨ ਜਾਰੀ ਕੀਤੇ। ਐੱਨਸੀਆਰ ਵਿੱਚ ਹਵਾ ਪ੍ਰਦੂਸ਼ਣ ਕੰਟਰੋਲ ਨੂੰ ਲੈ ਕੇ ਕੇਂਦਰੀ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਵੱਲੋਂ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਲਾਗੂ ਕੀਤਾ ਗਿਆ ਹੈ। ਜੀਆਰਏਪੀ- ਚਾਰ 17 ਨਵੰਬਰ ਤੋਂ ਲਾਗੂ ਕੀਤਾ ਗਿਆ ਹੈ। ਫਰੀਦਾਬਾਦ ਪੁਲੀਸ ਨੇ ਪੁਲੀਸ ਕਮਿਸ਼ਨਰ, ਫਰੀਦਾਬਾਦ ਓਮ ਪ੍ਰਕਾਸ਼ ਨਰਵਾਲ, ਆਈਪੀਐੱਸ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਫਰੀਦਾਬਾਦ ਟਰੈਫਿਕ ਪੁਲੀਸ ਨੇ ਨਵੰਬਰ ਮਹੀਨੇ ਵਿੱਚ 45 ਗੱਡੀਆਂ ਦੇ ਜੀਆਰਪੀ ਦੇ ਨਿਯਮਾਂ ਅਨੁਸਾਰ ਚਲਾਨ ਕੱਟੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਫਰੀਦਾਬਾਦ ਟਰੈਫਿਕ ਪੁਲੀਸ ਨੇ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ। ਸਾਲ 2023 ਵਿੱਚ 15 ਸਾਲ ਪੁਰਾਣੇ 263 ਅਤੇ 10 ਸਾਲ ਪੁਰਾਣੇ 89 ਵਾਹਨ ਜ਼ਬਤ ਕੀਤੇ ਗਏ ਹਨ, ਜਦਕਿ ਸਾਲ 2024 ਵਿੱਚ 31 ਅਕਤੂਬਰ ਤੱਕ 15 ਸਾਲ ਪੁਰਾਣੇ 64 ਅਤੇ 10 ਸਾਲ ਪੁਰਾਣੇ 3 ਵਾਹਨ ਜ਼ਬਤ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਫਰੀਦਾਬਾਦ ਟਰੈਫਿਕ ਪੁਲੀਸ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।
ਪ੍ਰਾਇਮਰੀ ਸਕੂਲਾਂ ਵਿੱਚ ਅੱਜ ਤੋਂ ਆਨਲਾਈਨ ਪੜ੍ਹਾਈ ਸ਼ੁਰੂ
ਫਰੀਦਾਬਾਦ (ਪੱਤਰ ਪ੍ਰੇਰਕ):
ਫਰੀਦਾਬਾਦ ਪ੍ਰਸ਼ਾਸਨ ਵੱਲੋਂ ਪ੍ਰਦੂਸ਼ਣ ਦੇ ਵਧਣ ਮਗਰੋਂ 19 ਨਵੰਬਰ ਤੋਂ ਹੁਣ ਮਿੱਥੇ ਸਮੇਂ ਲਈ ਪੰਜਵੀਂ ਤੱਕ ਦੀਆਂ ਜਮਾਤਾਂ ਸਕੂਲਾਂ ਵਿੱਚ ਲਾਉਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ ਅਤੇ ਪੰਜਵੀਂ ਤੱਕ ਦੇ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨਗੇ। ਜ਼ਿਲ੍ਹਾ ਫਰੀਦਾਬਾਦ ਦੇ ਡੀਸੀ ਵਿਕਰਮ ਸਿੰਘ ਵੱਲੋਂ ਜਾਰੀ ਆਦੇਸ਼ਾਂ ਵਿੱਚ ਕਿਹਾ ਗਿਆ ਹੈ ਕਿ ਐੱਨਸੀਆਰ ਵਿੱਚ ਜੀਆਰਏਪੀ ਦਾ ਪੜਾਅ ਚੌਥਾ ਲਾਗੂ ਹੋ ਗਿਆ ਹੈ ਜਿਸ ਕਰਕੇ ਪ੍ਰਾਇਮਰੀ ਤੱਕ ਦੀਆਂ ਜਮਾਤਾਂ ਸਕੂਲਾਂ ਵਿੱਚ ਨਹੀਂ ਲੱਗਣਗੀਆਂ। ਉਨ੍ਹਾਂ ਜਾਰੀ ਹੁਕਮਾਂ ਵਿੱਚ ਕਿਹਾ ਕਿ ਇਹ ਹਦਾਇਤਾਂ ਸਰਕਾਰੀ ਅਤੇ ਨਿੱਜੀ ਸਕੂਲਾਂ ’ਤੇ ਲਾਗੂ ਹੋਣਗੀਆਂ।
ਐਨਸੀਆਰ ਵਿੱਚ ਧੂੰਏਂ ਦੀ ਪਰਤ ਤੋਂ ਲੋਕ ਪ੍ਰੇਸ਼ਾਨ
ਫਰੀਦਾਬਾਦ (ਪੱਤਰ ਪ੍ਰੇਰਕ):
ਭਾਰਤ ਦੀ ਰਾਜਧਾਨੀ ਦਿੱਲੀ ਜ਼ਹਿਰੀਲੇ ਸਾਹ ਲੈ ਰਹੀ ਹੈ। ਸੋਮਵਾਰ ਨੂੰ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕਾਂ ਦੀ ਧੂੰਏਂ ਦੀ ਇੱਕ ਸੰਘਣੀ ਚਾਦਰ, ਧੂੰਏਂ ਅਤੇ ਧੁੰਦ ਦੇ ਜ਼ਹਿਰੀਲੇ ਮਿਸ਼ਰਣ ਭਰੇ ਦਿਨ ਨਾਲ ਸ਼ੁਰੂਆਤ ਹੋਈ। ਰਾਤ ਭਰ ਪਈ ਸੰਘਣੀ ਧੁੰਦ ਤੋਂ ਬਾਅਦ ਨਵੀਂ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਦੀ ਰੀਡਿੰਗ ਇਸ ਸਾਲ ਸਭ ਤੋਂ ਵੱਧ ਰਹੀ। ਪਿਛਲੇ ਕੁਝ ਸਾਲਾਂ ਤੋਂ ਦਿੱਲੀ ਅਤੇ ਗੁਆਂਢੀ ਨੋਇਡਾ ਅਤੇ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਅਤੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਸਰਦੀਆਂ ਵਿੱਚ ਧੂੰਆਂ ਇੱਕ ਆਮ ਵਰਤਾਰਾ ਬਣ ਗਿਆ ਹੈ। ਐਨਸੀਆਰ ਦੇ ਸਨਅਤੀ ਇਲਾਕਿਆਂ ਫਰੀਦਾਬਾਦ, ਗਾਜ਼ੀਆਬਾਦ, ਮੇਰਠ, ਨੋਇਡਾ, ਗੁਰੂਗਰਾਮ, ਪਲਵਲ ਅਤੇ ਸੋਨੀਪਤ ਦੇ ਕੁੰਡਲੀ ਦੀਆਂ ਫੈਕਟਰੀਆਂ ਦੇ ਧੂੰਏਂ ਨਾਲ ਸਮੁੱਚੇ ਐੱਨਸੀਆਰ ਵਿੱਚ ਹਵਾ ਸਾਹ ਲੈਣ ਯੋਗ ਨਹੀਂ ਰਹੀ।