ਨਿਗਮ ਨੇ ਉਸਾਰੀ ਅਧੀਨ ਤਿੰਨ ਗ਼ੈਰਕਾਨੂੰਨੀ ਇਮਾਰਤਾਂ ਢਾਹੀਆਂ
ਜਸਬੀਰ ਸਿੰਘ ਸੱਗੂ
ਅੰਮ੍ਰਿਤਸਰ, 27 ਅਗਸਤ
ਐੱਮਟੀਪੀ ਵਿਭਾਗ ਨੇ ਸ੍ਰੀ ਦਰਬਾਰ ਸਾਹਿਬ ਗਲਿਆਰੇ ’ਚ ਨਾਜਾਇਜ਼ ਤੌਰ ’ਤੇ ਬਣ ਰਹੀਆਂ ਦੋ ਇਮਾਰਤਾਂ ਨੂੰ ਢਾਹ ਦਿੱਤਾ ਹੈ। ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਵਿਭਾਗ ਵਲੋਂ ਗਲਿਆਰਾ ਖੇਤਰ ’ਚ ਨਾਜਾਇਜ਼ ਇਮਾਰਤਾਂ ਵਿਰੁੱਧ ਮੁਹਿੰਮ ਲਗਾਤਾਰ ਦੂਜੇ ਦਿਨ ਵੀ ਜਾਰੀ ਹੈ। ਇਸ ਮੁਹਿੰਮ ਵਿੱਚ ਐਮ.ਟੀ.ਪੀ ਮੇਹਰਬਾਨ ਸਿੰਘ, ਏਟੀਪੀ ਪਰਮਜੀਤ ਦੱਤਾ, ਬਿਲਡਿੰਗ ਇੰਸਪੈਕਟਰ ਨਵਜੋਤ ਕੌਰ, ਫੀਲਡ ਸਟਾਫ਼ ਅਤੇ ਨਗਰ ਨਿਗਮ ਦੀ ਪੁਲੀਸ ਸ਼ਾਮਲ ਸੀ। ਐਮ.ਟੀ.ਪੀ ਵਿਭਾਗ ਦੀ ਟੀਮ ਨੇ ਅੱਜ ਇਸ ਨਾਜਾਇਜ਼ ਇਮਾਰਤ ਦੀ ਉਪਰਲੀ ਮਜ਼ਿਲ ’ਤੇ ਕਟਰ ਮਸ਼ੀਨਾਂ ਨਾਲ ਲੋਹੇ ਦੀਆਂ ਸਲਾਖਾਂ ਕੱਟ ਦਿੱਤੀਆਂ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸ੍ਰੀ ਦਰਬਾਰ ਸਾਹਿਬ ਨੇੜੇ ਚੂੜੇ ਵਾਲਾ ਬਾਜ਼ਾਰ ਵਿੱਚ ਇੱਕ ਪੁਰਾਣੀ ਇਮਾਰਤ ਅਤੇ ਦੋ ਨੇੜਲੀਆਂ ਇਮਾਰਤਾਂ ਨੂੰ ਢਾਹ ਕੇ ਵਪਾਰਕ ਉਸਾਰੀ ਸ਼ੁਰੂ ਕੀਤੀ ਗਈ ਸੀ। ਇਸ ਕਮਰਸ਼ੀਅਲ ਉਸਾਰੀ ਦਾ ਨਕਸ਼ਾ ਨਗਰ ਨਿਗਮ ਤੋਂ ਮਨਜ਼ੂਰ ਨਹੀਂ ਸੀ, ਜੋ ਨਿਗਮ ਕਮਿਸ਼ਨਰ ਦੇ ਹੁਕਮਾਂ ’ਤੇ ਢਾਹ ਦਿੱਤੀ ਗਈ ਸੀ। ਐਮ.ਟੀ.ਪੀ ਅਧਿਕਾਰੀਆਂ ਅਨੁਸਾਰ ਇਸੇ ਤਰ੍ਹਾਂ ਐਮ.ਟੀ.ਪੀ ਵਿਭਾਗ ਦੀ ਟੀਮ ਨੇ ਪਿਪਲੀ ਸਾਹਿਬ ਗੁਰਦੁਆਰੇ ਦੇ ਸਾਹਮਣੇ ਪੁਤਲੀਘਰ ਵਿੱਚ ਨਾਜਾਇਜ਼ ਤੌਰ ’ਤੇ ਉਸਾਰੀ ਜਾ ਰਹੀ ਇਮਾਰਤ ਨੂੰ ਢਾਹ ਦਿੱਤਾ। ਇਸ ਦੇ ਨਾਲ ਹੀ ਪੁਤਲੀਘਰ ਇਲਾਕੇ ਵਿੱਚ ਗ਼ੈਰਕਾਨੂੰਨੀ ਢੰਗ ਨਾਲ ਬਣ ਰਹੀ ਇੱਕ ਵਪਾਰਕ ਇਮਾਰਤ ਨੂੰ ਵੀ ਸੀਲ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਬਣ ਰਹੀਆਂ ਨਾਜਾਇਜ਼ ਇਮਾਰਤਾਂ ਨੂੰ ਢਾਹੁਣ ਦਾ ਸਿਲਸਿਲਾ ਭਲਕੇ ਬੁੱਧਵਾਰ ਨੂੰ ਵੀ ਜਾਰੀ ਰਹੇਗਾ।
ਇਸੇ ਦੌਰਾਨ ਨਗਰ ਨਿਗਮ ਦੇ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਹੈ ਕਿ ਨਾਜਾਇਜ਼ ਉਸਾਰੀਆਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਆਖਿਆ ਕਿਹਾ ਕਿ ਲੋਕਾਂ ਨੂੰ ਪਹਿਲਾਂ ਹੀ ਨਗਰ ਨਿਗਮ ਤੋਂ ਨਕਸ਼ਾ ਮਨਜ਼ੂਰ ਕਰਵਾ ਕੇ ਹੀ ਉਸਾਰੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਜਾ ਚੁੱਕੀ ਹੈ।
ਅਸਟੇਟ ਵਿਭਾਗ ਨੇ ਫੁਟਪਾਥਾਂ ਤੋਂ ਨਾਜਾਇਜ਼ ਕਬਜ਼ੇ ਹਟਾਏ
ਅੰਮ੍ਰਿਤਸਰ: ਨਗਰ ਨਿਗਮ ਦੇ ਅਸਟੇਟ ਵਿਭਾਗ ਨੇ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਅੱਜ ਸ਼ਹਿਰ ਦੇ ਕੁੱਝ ਹਿੱਸਿਆਂ ਵਿੱਚ ਸੜਕਾਂ ਅਤੇ ਫੁੱਟਪਾਥਾਂ ’ਤੇ ਰੱਖਿਆ ਬਿਲਡਿੰਗ ਮਟੀਰੀਅਲ ਜ਼ਬਤ ਕਰ ਲਿਆ ਗਿਆ। ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਦੇ ਹੁਕਮਾਂ ’ਤੇ ਮਿਉਂਸਪਲ ਅਸਟੇਟ ਵਿਭਾਗ ਅਸਟੇਟ ਅਫ਼ਸਰ ਧਰਮਿੰਦਰ ਜੀਤ ਸਿੰਘ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਰਣਜੀਤ ਐਵੈਨਿਊ, ਬੀ.ਕੇ ਦੱਤ ਗੇਟ ਅਤੇ ਸੁਲਤਾਨ ਵਿੰਡ ਰੋਡ ਨੇੜੇ ਨਾਜਾਇਜ਼ ਵਿਕਰੇਤਾਵਾਂ ਅਤੇ ਸਟਾਲਾਂ ਨੂੰ ਹਟਾਇਆ ਗਿਆ ਅਤੇ ਸਾਮਾਨ ਜ਼ਬਤ ਕੀਤਾ ਗਿਆ। ਇਸੇ ਦੌਰਾਨ ਗਿਲਵਾਲੀ ਚੌਕ ਤੇ ਭਗਤਾਂਵਾਲਾ ਚੌਕ ਤੋਂ ਸੜਕਾਂ ਅਤੇ ਫੁੱਟਪਾਥਾਂ ’ਤੇ ਕੀਤੇ ਕਬਜ਼ੇ ਹਟਾਏ ਗਏ। ਅਸਟੇਟ ਅਫ਼ਸਰ ਨੇ ਦੱਸਿਆ ਕਿ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਜਾਰੀ ਰਹੇਗੀ। ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਇੱਕ ਬਿਆਨ ਰਾਹੀਂ ਲੋਕਾਂ ਨੂੰ ਨਾਜਾਇਜ਼ ਕਬਜ਼ਿਆਂ ਤੋਂ ਬਚਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੇ ਨਾਜਾਇਜ਼ ਕਬਜ਼ਿਆਂ ਖਿਲਾਫ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਬਿਲਡਿੰਗ ਮਟੀਰੀਅਲ ਵੇਚਣ ਵਾਲਿਆਂ ਨੂੰ ਆਪਣਾ ਮਾਲ ਆਪਣਿਆਂ ਗੁਦਾਮਾਂ ’ਚ ਰੱਖਣ ਦੀ ਤਾਕੀਦ ਵੀ ਕੀਤੀ।