For the best experience, open
https://m.punjabitribuneonline.com
on your mobile browser.
Advertisement

ਕੂੜੇ ਦਾ ਢੇਰ ਬਣੇ ਲਿਫ਼ਾਫ਼ਿਆਂ ਦੀ ਗੱਲਬਾਤ

07:12 AM Mar 03, 2024 IST
ਕੂੜੇ ਦਾ ਢੇਰ ਬਣੇ ਲਿਫ਼ਾਫ਼ਿਆਂ ਦੀ ਗੱਲਬਾਤ
Advertisement

‘‘ਵਾਤਾਵਰਨ ਸਾਫ਼ ਰੱਖੋ - ਵਾਤਾਵਰਨ ਬਚਾਓ, ਕੂੜੇ ਦੇ ਢੇਰ ਹਟਾਓ - ਕੂੜੇ ਦੇ ਢੇਰ ਹਟਾਓ’’ ਵਰਗੇ ਨਾਅਰਿਆਂ ਦੀ ਆਵਾਜ਼ ਸੁਣ ਕੇ ਕੂੜੇ ਦੇ ਢੇਰ ’ਚ ਪਏ ਲਿਫ਼ਾਫ਼ੇ ਸਹਿਮ ਗਏ। ਮਿੱਟੀ ਹੇਠ ਸਿਰ ਛੁਪਾਉਂਦਿਆਂ ਇੱਕ ਲਿਫ਼ਾਫ਼ਾ ਦੂਸਰੇ ਨੂੰ ਆਂਹਦਾ, ‘‘ਉਰ੍ਹੇ ਨੂੰ ਹੋ ਜਾ ਓਏ, ਨਹੀਂ ਇਹ ਲੋਕ ਆਪਾਂ ਨੂੰ ਚੁੱਕ ਕੇ ਖਤਾਨਾਂ ’ਚ ਸੁੱਟ ਆਉਣਗੇ।’’ ਸਾਰੇ ਲਿਫ਼ਾਫ਼ੇ ਦੁਬਕ ਜਿਹਾ ਗਏ। ਕਈਆਂ ਦਾ ਜੀਅ ਕੀਤਾ ਕਿ ਦਬੂਕਾ ਮਾਰ ਕੇ ਸੜਕ ਵਿਚਕਾਰ ਜਾ ਖੜ੍ਹਨ ਤੇ ਮੁੱਠੀਆਂ ਮੀਟ ਮੀਟ ਨਾਅਰੇਬਾਜ਼ੀ ਕਰ ਰਹੇ ਲੋਕਾਂ ਨੂੰ ਸਵਾਲ ਕਰਨ ਪਰ ਹੱਥਾਂ ਪੈਰਾਂ ਦੀ ਅਣਹੋਂਦ ਕਿਸੇ ਨੂੰ ਵੀ ਤੁਰਨ ਨਹੀਂ ਸੀ ਦੇ ਰਹੀ। ਨਾਲੇ ਜਿਹੜੇ ਹਵਾ ਦੇ ਮਾਮੂਲੀ ਝੋਂਕਿਆਂ ਨਾਲ ਹੀ ਖਿਲਰ ਜਾਣ ਉਨ੍ਹਾਂ ਦੀ ਇਕਜੁਟਤਾ ਕਿਵੇਂ ਹੋਵੇ ਤੇ ਕੌਣ ਕਰਾਵੇ। ਮਨ ’ਚ ਉੱਠਦੇ ਚੇਤਨ ਵਾਵਰੋਲਿਆਂ ਨੂੰ ਪਾਟੇ ਝੀਟੇ ਤੇ ਮੈਲੇ ਕੀਤੇ ਦਾਮਨ ’ਚ ਦਬਾ ਕੇ ਰੱਖਦਿਆਂ ਬਹੁਤੇ ਲਿਫ਼ਾਫ਼ੇ ਕੂੜੇ ਦੇ ਢੇਰ ’ਤੇ ਹੀ ਨਿਸਲ ਪਏ ਰਹੇ।
ਜਦੋਂ ਵਾਤਾਵਰਨ ਸੰਭਾਲ ਵਾਲਾ ਜਾਗਰੂਕਤਾ ਕਾਫ਼ਲਾ ਅੱਗੇ ਲੰਘਿਆ ਤਾਂ ਥੋੜ੍ਹੀ ਜਿਹੀ ਹਿੰਮਤ ਕਰਦਿਆਂ ਕੁਰਕੁਰਿਆਂ ਦੇ ਖਾਣ ਬਾਅਦ ਵਿਹਲੇ ਹੋਏ ਲਿਫ਼ਾਫ਼ੇ ਨੇ ਆਪਣਾ ਸਰੀਰ ਛੰਡਦਿਆਂ ਠੰਢਾ ਸਾਹ ਭਰਿਆ ਤੇ ਬੋਲਿਆ, ‘‘ਮਖਾਂ ਅੱਜ ਤਾਂ ਮਾਰੇ ਗਏ ਸੀ। ਅੱਜ ਤਾਂ ਸ਼ਹਿਰ ਦੇ ਸਿਖਰਲੇ ਲੋਕ ਆਣ ਧਮਕੇ ਸੀ। ਜੇ ਆਪਣੇ ਵਿੱਚੋਂ ਇੱਕ ਜਣਾ ਵੀ ਸਿਰ ਚੁੱਕਦਾ ਤਾਂ ਅਗਲਿਆਂ ਖੇਤ ਪਏ ਗਧੇ ਤੋਂ ਵੀ ਭੈੜੀ ਕਰਨੀ ਸੀ।’’ ਕੋਲ ਪਿਆ ਕਾਲਾ ਜਿਹਾ ਲਿਫ਼ਾਫ਼ਾ ਬੋਲਿਆ, ‘‘ਓਏ ਐਵੇਂ ਨਾ ਡਰਿਆ ਕਰੋ। ਨਾਲੇ ਜਿਹੜੀ ਥਾਂ ਆਪਾਂ ਪਏ ਆਂ ਇਸ ਤੋਂ ਮਾੜੀ ਹੋਰ ਕਿਹੜੀ ਹੋਊ? ਤੇ ਇਹ ਕਿਹੜਾ ਦੁੱਧ ਧੋਤੇ ਨੇ ਸਾਰੇ! ਏਸ ਜਲੂਸ ਦੇ ਮੂਹਰੇ ਜਿਹੜਾ ਬੰਦਾ ਨਾਅਰੇ ਮਾਰ ਰਿਹਾ ਸੀ ਪਰਸੋਂ ਉਸੇ ਨੇ ਮੈਨੂੰ ਮੂੰਗਫਲੀ ਖਾ ਕੇ ਸੁੱਟਿਐ। ਇਸ ਦੇ ਨਾਲ ਵਾਲੇ ਬੱਚਿਆਂ ਨੇ ਚਿਪਸਾਂ ਵਾਲੇ ਆਪਣੇ ਯਾਰ ਨਾਲੀਆਂ ’ਚ ਸੁੱਟੇ ਸੀ।’’ ਇੱਕ ਵੱਡੀ ਕੰਪਨੀ ਦੀ ਲੱਸੀ ਵਰਤੇ ਜਾਣ ਬਾਅਦ ਦੈਂਗੜ ਵਰਗੇ ਸਰੀਰ ਤੋਂ ਪਿਚਕੂ ਜਿਹਾ ਬਣਿਆ ਲੱਸੀ ਵਾਲਾ ਪਾਊਚ ਆਂਹਦਾ, ‘‘ਗੱਲ ਤਾਂ ਬਾਈ ਦੀ ਠੀਕ ਹੈ। ਆਪਾਂ ਨੂੰ ਐਵੇਂ ਨਿੱਕੀ ਨਿੱਕੀ ਗੱਲ ’ਤੇ ਡਰਨਾ ਨਹੀਂ ਚਾਹੀਦਾ ਸਗੋਂ ਫੋਕੇ ਵਿਖਾਵੇ ਵਾਲੇ ਲੋਕਾਂ ਦਾ ਪਰਦਾਫਾਸ਼ ਕਰਨਾ ਚਾਹੀਦਾ ਹੈ।’’ ਹਵਾ ਦੇ ਬੁੱਲੇ ਨਾਲ ਰੁੜ੍ਹ ਕੇ ਲਿਫ਼ਾਫ਼ਿਆਂ ਕੋਲ ਆਇਆ ਡਿਸਪੋਜ਼ੇਬਲ ਗਲਾਸ ਕਹਿੰਦਾ, ‘‘ਬਾਈ ਜੀ, ਮੇਰਾ ਜਨਮ ਸਿਹਤ ਵਿਭਾਗ ਦੇ ਸਰਕਾਰੀ ਕੈਂਪ ਵੇਲੇ ਹੋਇਐ। ਇੱਕ ਪਾਸੇ ਬੁਲਾਰਾ ਮੌਸਮੀ ਬਿਮਾਰੀਆਂ ਦੇ ਬਚਾਅ ਲਈ ਨੁਕਤੇ ਦੱਸ ਰਿਹਾ ਸੀ ਤੇ ਦੂਸਰੇ ਪਾਸੇ ਪੜ੍ਹੇ ਲਿਖੇ ਬਹੁਤੇ ਸਿਹਤ ਕਰਮੀ ਚਾਹ ਛਕ ਛਕ ਵਿਹਲੇ ਗਲਾਸ ਦਰਖਤਾਂ ਦੀਆਂ ਜੜ੍ਹਾਂ ਵਿੱਚ ਸੁੱਟੀ ਜਾ ਰਹੇ ਸਨ।’’ ਜਦੋਂ ਕੋਈ ਹਵਾ ਦਾ ਬੁੱਲਾ ਆਉਂਦਾ ਤਾਂ ਕੋਈ ਗਿਲਾਸ ਰੁੜ੍ਹਦਾ ਹੋਇਆ ਰਸਤੇ ’ਚ ਆ ਜਾਂਦਾ। ਤੇਜ਼ ਬੁੱਲੇ ਨਾਲ ਰੁੜ੍ਹਦਾ ਇੱਕ ਗਿਲਾਸ ਕੂੜੇ ਦੇ ਢੇਰ ’ਚ ਆ ਫਸਿਆ। ਜਦੋਂ ਉਹ ਇੱਕ ਮੋਕਲੀ ਜਿਹੀ ਗੰਢ ਮਾਰੇ ਲਿਫ਼ਾਫ਼ੇ ਨਾਲ ਟਕਰਾਇਆ ਤਾਂ ਉਸ ਵਿੱਚ ਪਿਆ ਪੂਜਾ ਦਾ ਸਾਮਾਨ ਬੋਲਿਆ, ‘‘ਓਏ ਮਾਰਤੇ ਭਰਾਵਾ, ਕਿਉਂ ਤੰਗ ਕਰਦੇ ਹੋ। ਅਸੀਂ ਤਾਂ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹਾਂ। ਆਹ ਵੇਖੋ ਮੇਰਾ ਹਾਲ। ਮੈਨੂੰ ਸ਼ਹਿਰ ਦੇ ਪ੍ਰਧਾਨ ਦੀ ਨੂੰਹ ਕੱਲ੍ਹ ਵਗਦੇ ਪਾਣੀ ’ਚ ਤਾਰ ਕੇ ਗਈ ਸੀ। ਮੇਰੇ ਨਾਲ ਤਾਰਿਆ ਥੋਥਾ ਨਾਰੀਅਲ ਤਾਂ ਕੱਸੀ ’ਚ ਨਹਾਉਣ ਵਾਲੇ ਬੱਚੇ ਕੱਢ ਕੇ ਲੈ ਗਏ ਤੇ ਮੈਂ ਏਸ ਨਿੱਕ-ਸੁੱਕ ਨਾਲ ਗੋਤੇ ਖਾਂਦਾ ਖਾਂਦਾ ਤੁਹਾਡੇ ਕੋਲ ਪੁੱਜ ਗਿਆ। ਖੰਮ੍ਹਣੀਆਂ, ਵਸਾਰ ਤੇ ਚੌਲਾਂ ਦੇ ਦਾਣਿਆਂ ਨੂੰ ਕੂੜੇ ਦੇ ਢੇਰ ਵਿੱਚ ਮੁਸ਼ਕ ਆ ਰਹੀ ਸੀ। ਇਸੇ ਲਈ ਉਹ ਨੱਕ ਬੁੱਲ੍ਹ ਜਿਹੇ ਚੜ੍ਹਾ ਰਹੇ ਸਨ ਪਰ ਨੁੱਚੜ ਰਹੇ ਪਾਣੀ ਨੇ ਸਭ ਬਦਰੰਗ ਕਰ ਰੱਖਿਆ ਸੀ।’’
ਪਾਟਿਆ ਝੀਟਿਆ ਜਿਹਾ ਇੱਕ ਲਿਫ਼ਾਫ਼ਾ ਆਂਹਦਾ, ‘‘ਵੀਰਨੋ, ਸਭ ਤੋਂ ਬੁਰੀ ਹਾਲਤ ਤਾਂ ਮੇਰੀ ਹੈ। ਪਹਿਲਾਂ ਮੈਨੂੰ ਊਈਂ ਮੁੱਚੀ ਦੇ ਵਾਤਾਵਰਨ ਪ੍ਰੇਮੀ ਬਣੇ ਬੰਦੇ ਦੀ ਮਾਂ ਨੇ ਮਟਰਾਂ ਦੇ ਛਿਲਕੇ ਪਾ ਗਲੀ ’ਚ ਵਗਾਹ ਮਾਰਿਆ ਤੇ ਫਿਰ ਇੱਕ ਬੇਸਹਾਰਾ ਗਾਂ ਨੇ ਮੈਨੂੰ ਚੱਬ ਚੱਬ ਆਹ ਹਾਲ ਕਰ ਦਿੱਤਾ।’’ ਕਾਗਜ਼ ਦੀ ਇੱਕ ਮਾੜਚੂ ਜਿਹੀ ਪਲੇਟ ਨੇ ਪਲਟੀ ਖਾਧੀ ਅਤੇ ਦੋ ਤਿੰਨ ਘੁਮੇਰੀਆਂ ਜਿਹੀਆਂ ਖਾ ਕੇ ਕੁਰਕੁਰਿਆਂ ਦੇ ਪੈਕਟ ਨੇੜੇ ਆ ਡਿੱਗੀ। ਹਫ਼ੇ ਬੰਦੇ ਵਾਂਗ ਸਾਹੋ ਸਾਹ ਹੋਈ ਉਹ ਆਂਹਦੀ, ‘‘ਵੇ ਭਰਾਵੋ, ਮੈਂ ਲੰਗਰ ਵਾਲੀ ਪਲੇਟ ਹਾਂ। ਕੱਲ੍ਹ ਤੱਕ ਮੈਂ ਪੂਰੀ ਟੌਹਰ ’ਚ ਸੀ। ਪੂਰੀ ਰਾਤ ਮੈਂ ਰਸਭਿੰਨਾ ਕੀਰਤਨ ਸੁਣਦੀ ਰਹੀ। ਸਵੇਰ ਵਕਤ ਸੇਵਾਦਾਰਾਂ ਨੇ ਮੈਨੂੰ ਸੜਕ ਕਿਨਾਰੇ ਚਿਣ ਦਿੱਤਾ ਤਾਂ ਜੋ ਆਉਂਦੇ ਜਾਂਦੇ ਰਾਹੀ ਲੰਗਰ ਛਕ ਸਕਣ। ਫਿਰ ਕਾਰਾਂ ਜੀਪਾਂ ਵਾਲੇ ਆਏ। ਮੇਰੇ ਵਿੱਚ ਪਾਈ ਗਰਮਾ ਗਰਮ ਖੀਰ ਛਕੀ ਤੇ ਮੈਨੂੰ ਸੜਕ ਕਿਨਾਰੇ ਖਤਾਨ ’ਚ ਵਗਾਹ ਮਾਰਿਆ। ਫਿਰ ਡਿੱਗੀ ਢਹੀ ਨੂੰ ਮੈਨੂੰ ਕੁੱਤੇ ਚੱਟਣ ਲੱਗੇ ਤੇ ਜਾਣ ਵਕਤ ਮੇਰੇ ਉੱਤੇ ਪਿਸ਼ਾਬ ਕਰ ਗਏ।’’
ਕੂੜੇ ਦੇ ਢੇਰ ’ਤੇ ਪਏ ਸਾਰੇ ਲਿਫ਼ਾਫ਼ੇ ਹੀ ਆਪੋ ਆਪਣੇ ਦੁੱਖੜੇ ਫਰੋਲ ਰਹੇ ਸਨ। ਢੇਰ ਕੋਲ ਟੇਢੇ ਦਾਅ ਪਈ ਮਿਨਰਲ ਵਾਟਰ ਵਾਲੀ ਬੋਤਲ ਨਾਲ ਜਦੋਂ ਬੀਅਰ ਦੀ ਖਾਲੀ ਬੋਤਲ ਟਰਕਾਈ ਤਾਂ ਉਸ ਦੀ ਚੀਕ ਨਿਕਲ ਗਈ। ਉਹ ਬੋਲੀ, ‘‘ਇੱਕ ਤਾਂ ਤੈਨੂੰ ਡੱਫਣ ਵਾਲੇ ਸਾਡੇ ਨਾਲ ਭੋਰਾ ਲਿਹਾਜ਼ ਨਹੀਂ ਕਰਦੇ ਤੇ ਦੂਸਰਾ ਤੂੰ ਪੰਗੇ ਲੈਣੋਂ ਨਹੀਂ ਹਟਦੀ। ਜਦੋਂ ਤੇਰੇ ਵਿੱਚ ਹੁਣ ਕੁਝ ਹੈ ਹੀ ਨਹੀਂ ਫਿਰ ਤੂੰ ਐਵੇਂ ਕਿਉਂ ਸ਼ਰਾਬੀ ਹੋਈ ਫਿਰਦੀ ਹੈਂ?’’ ਬੀਅਰ ਦੀ ਬੋਤਲ ਦੂਰ ਖਾਲੀ ਬੋਤਲਾਂ ਇਕੱਠੀਆਂ ਕਰ ਰਹੇ ਇੱਕ ਕਬਾੜੀਏ ਵੱਲ ਝਾਕੀ ਜਿਵੇਂ ਉਸ ਨੂੰ ਕਚਰੇ ਤੋਂ ਜਲਦੀ ਛੁਟਕਾਰਾ ਮਿਲਣ ਦੀ ਆਸ ਹੋਵੇ। ਇੱਕ ਵੱਡਾ ਸਾਰਾ ਮੋਟੇ ਜਿਹੇ ਕਾਗਜ਼ ਦਾ ਲਿਫ਼ਾਫ਼ਾ ਖਰ੍ਹਵੀ ਜਿਹੀ ਆਵਾਜ਼ ਵਿੱਚ ਬੋਲਿਆ, ‘‘ਮਿੱਤਰੋ, ਗ਼ਲਤੀ ਚਾਹੇ ਕੋਈ ਕਰੇ ਪਰ ਦੋਸ਼ੀ ਸਾਰੇ ਸਾਨੂੰ ਹੀ ਦੱਸਦੇ ਨੇ। ਸਾਡੇ ’ਤੇ ਸੀਵਰੇਜ ਬੰਦ ਕਰਨ ਦਾ ਇਲਜ਼ਾਮ ਵੀ ਲੱਗਦਾ ਏ ਤੇ ਬੇਸਹਾਰਾ ਗਊਆਂ ਨੂੰ ਮਾਰਨ ਦਾ ਵੀ। ਸਾਡੇ ’ਤੇ ਵਾਤਾਵਰਨ ਨੂੰ ਪਲੀਤ ਕਰਨ ਦਾ ਦੋਸ਼ ਵੀ ਹੈ ਅਤੇ ਧਰਤੀ ਦੀ ਪੁੰਗਰਨ ਸ਼ਕਤੀ ਘਟਾ ਦੇਣ ਦਾ ਦੋਸ਼ ਵੀ। ਹੋਰ ਵੀ ਅਨੇਕਾਂ ਇਲਜ਼ਾਮ ਚਤਰ ਚਲਾਕ ਬੰਦਾ ਸਾਡੇ ਸਿਰ ਮੜ੍ਹਦਾ ਏ। ਮੈਂ ਬੁੱਧੀਮਾਨ ਮਨੁੱਖ ਨੂੰ ਸਵਾਲ ਪੁੱਛਦਾਂ ਕਿ ਨਾ ਸਾਡੇ ਪੈਰ ਨੇ ਜਿਹੜੇ ਫੈਕਟਰੀਆਂ ਵਿੱਚੋਂ ਦੌੜ ਕੇ ਚੌਰਾਹੇ ਆ ਡਿੱਗੀਏ ਤੇ ਨਾ ਹੀ ਸਾਡੇ ਖੰਭ ਨੇ ਜਿਹੜਾ ਨਾਲੀਆਂ ਤੇ ਖੇਤਾਂ ਨੂੰ ਜਾ ਮੱਲੀਏ। ਹੁਣ ਇਹ ਦੱਸੋ ਕਿ ਸਾਨੂੰ ਥਾਂ ਥਾਂ ਖਿਲਾਰਦਾ ਕੌਣ ਹੈ? ਸਾਡੇ ਕਿਸੇ ਲਿਫ਼ਾਫ਼ੇ ਭੈਣ ਭਰਾ ਦੀ ਤਾਂ ਕੋਈ ਫੈਕਟਰੀ ਵੀ ਨਹੀਂ ਜਿਹੜਾ ਸਾਨੂੰ ਬਣਾਉਂਦਾ ਤੇ ਵਰਤਦਾ ਹੋਵੇ। ਇਹ ਸਭ ਚਲਾਕੀਆਂ ਮਨੁੱਖ ਦੀਆਂ ਨੇ। ਧਰਤੀ, ਪਾਣੀ ਤੇ ਹਵਾ ਨੂੰ ਗੰਦਾ ਉਹ ਖ਼ੁਦ ਕਰਦਾ ਤੇ ਦੋਸ਼ ਤੇਰੇ ਮੇਰੇ ਵਰਗਿਆਂ ਸਿਰ ਮੜ੍ਹਦਾ ਰਹਿੰਦਾ ਏ।’’
ਭਾਵੁਕ ਹੋਇਆ ਮੋਟਾ ਲਿਫ਼ਾਫ਼ਾ ਉੱਚੀ ਉੱਚੀ ਚੀਕਿਆ, ‘‘ਬੰਦਿਆ, ਸੰਭਲ ਜਾ। ਛੱਡ ਦੇ ਸ਼ਕਲ ਮੋਮਨਾਂ ਤੇ ਕਰਤੂਤ ਕਾਫ਼ਰਾਂ ਵਾਲੀਆਂ ਹਰਕਤਾਂ। ਨਹੀਂ ਤਾਂ ਤੇਰੀ ਬਰਬਾਦੀ ਕਿਸੇ ਵੀ ਜਾਗਰੂਕਤਾ ਕੈਂਪ ਜਾਂ ਸੈਮੀਨਾਰ ਨੇ ਰੋਕ ਨਹੀਂ ਸਕਣੀ।’’
ਸੰਪਰਕ: 94172-54517

Advertisement

Advertisement
Advertisement
Author Image

Advertisement