ਆਈਸੀ 814 : ਕੰਧਾਰ ਹਾਈਜੈਕ
ਵੈੱਬ ਸੀਰੀਜ਼ ‘ਆਈ ਸੀ 814 : ਕੰਧਾਰ ਹਾਈਜੈਕ’ ਨੇ ਉਹ ਸਾਰੀਆਂ ਘਟਨਾਵਾਂ ਯਾਦ ਕਰਵਾ ਦਿੱਤੀਆਂ ਹਨ ਜੋ ਕਰੀਬ 25 ਸਾਲ ਤੋਂ ਸਮੇਂ ਦੀ ਧੂੜ ਹੇਠ ਦੱਬੀਆਂ ਹੋਈਆਂ ਸਨ। ਇਸ ਅਰਸੇ ਦੌਰਾਨ ਭਾਵੇਂ ਬਹੁਤ ਕੁਝ ਬਦਲ ਗਿਆ ਪਰ ਵੈੱਬ ਸੀਰੀਜ਼ ਨੇ ਭਾਜਪਾ ਦੀ ਦੁਖਦੀ ਰਗ਼ ’ਤੇ ਹੱਥ ਧਰ ਦਿੱਤਾ ਹੈ। ਅਗਵਾ ਕਾਂਡ ਵੇਲੇ ਦੇਸ਼ ’ਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਸੀ। ਕੈਪਟਨ ਦੇਵੀ ਸ਼ਰਨ ਨੇ ਅਗਵਾਕਾਰਾਂ ਨੂੰ ਜਦੋਂ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਲੈਂਡ ਕਰਨ ਅਤੇ ਜਹਾਜ਼ ’ਚ ਪੈਟਰੋਲ ਪੁਆਉਣ ਲਈ ਮਨਾ ਲਿਆ ਤਾਂ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਹੁਣ ਸਥਿਤੀ ’ਤੇ ਕਾਬੂ ਪਾਉਣਾ ਔਖਾ ਨਹੀਂ। ਦਿੱਲੀ ’ਚ ਕਰਾਈਸਸ ਮੈਨੇਜਮੈਂਟ ਗਰੁੱਪ (ਸੀਐੱਮਜੀ) ਤੇ ਪੰਜਾਬ ’ਚ ਤਤਕਾਲੀ ਪੁਲੀਸ ਮੁਖੀ ਆਈਪੀਐੱਸ ਸਰਬਜੀਤ ਸਿੰਘ ਅਗਵਾਕਾਰਾਂ ਨਾਲ ਸਿੱਝਣ ਲਈ ਵਿਚਾਰ ਵਟਾਂਦਰਾ ਕਰ ਰਹੇ ਸਨ। ਇਹ ਸਮਝ ਲਿਆ ਗਿਆ ਸੀ ਕਿ ਪੈਟਰੋਲ ਨਾ ਹੋਣ ਕਾਰਨ ਜਹਾਜ਼ ਅੰਮ੍ਰਿਤਸਰ ਤੋਂ ਦੁਬਾਰਾ ਉਡਾਣ ਨਹੀਂ ਭਰ ਸਕੇਗਾ। ਪ੍ਰੋਟੋਕੋਲ ਮੁਤਾਬਕ ਪੰਜਾਬ ਪੁਲੀਸ ਮੁਖੀ ਨੂੰ ਸੀਐੱਮਜੀ ਦੀਆਂ ਹਦਾਇਤਾਂ ਦੀ ਉਡੀਕ ਸੀ ਪਰ ਸੀਐੱਮਜੀ ਦੇ ਮੈਂਬਰ ਸਮਾਂ ਰਹਿੰਦਿਆਂ ਕੋਈ ਸਪੱਸ਼ਟ ਹਦਾਇਤਾਂ ਦੇਣ ’ਚ ਨਾਕਾਮ ਰਹੇ। ਉਹ ਇਹੋ ਕਹਿੰਦੇ ਰਹੇ ਕਿ ਫਾਇਰਿੰਗ ਨਾ ਕੀਤੀ ਜਾਵੇ ਕਿਉਂਕਿ ਬੇਦੋਸ਼ੇ ਮੁਸਾਫ਼ਰ ਮਾਰੇ ਜਾਣ ਦਾ ਡਰ ਸੀ। ਪੰਜਾਬ ਪੁਲੀਸ ਮੁਖੀ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਦਹਿਸ਼ਤਗਰਦੀ ਨਾਲ ਨਜਿੱਠਣ ਵਾਲੇ ਸਿਖਲਾਈਯਾਫ਼ਤਾ ਕਮਾਂਡੋ ਤਿਆਰ ਹਨ ਤੇ ਜੇ ਸੀਐੱਮਜੀ ਆਗਿਆ ਦੇਵੇ ਤਾਂ ਉਹ ਤੁਰੰਤ ਕਾਰਵਾਈ ਕਰ ਸਕਦੇ ਹਨ ਪਰ ਕੇਂਦਰ ਨੇ ਕੋਈ ਸਪਸ਼ਟ ਹਦਾਇਤ ਨਹੀਂ ਦਿੱਤੀ। ਦਰਅਸਲ, ਉਦੋਂ ਸਰਕਾਰ ਕੋਈ ਫ਼ੈਸਲਾ ਹੀ ਨਾ ਲੈ ਸਕੀ ਤੇ ਇਸ ਦਾ ਦੋਸ਼ ਇੱਕ ਦੂਜੇ ਸਿਰ ਮੜ੍ਹਿਆ ਜਾਂਦਾ ਰਿਹਾ। ਇਹ ਵੀ ਚਰਚਾ ਸੀ ਕਿ ਉਸ ਵੇਲੇ ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਸੀਨੀਅਰ ਅਫਸਰ ਦਾ ਨਜ਼ਦੀਕੀ ਰਿਸ਼ਤੇਦਾਰ ਵੀ ਜਹਾਜ਼ ਦੇ ਮੁਸਾਫ਼ਰਾਂ ’ਚ ਸ਼ਾਮਿਲ ਸੀ ਜਿਸ ਕਰ ਕੇ ਉਸ ਨੇ ਫਾਇਰਿੰਗ ਵਰਗੀ ਸਖ਼ਤ ਕਾਰਵਾਈ ਦਾ ਫ਼ੈਸਲਾ ਨਹੀਂ ਹੋਣ ਦਿੱਤਾ। ਇਸ ਦੌਰਾਨ ਅਗਵਾਕਾਰ ਬਿਨਾਂ ਪੈਟਰੋਲ ਪੁਆਏ ਹੀ ਜਹਾਜ਼ ਨੂੰ ਲਾਹੌਰ ਲੈ ਗਏ ਤੇ ਉੱਥੋਂ ਦੁਬਈ ਹੁੰਦਾ ਹੋਇਆ ਕੰਧਾਰ ਜਾ ਉਤਰਿਆ। ਸਰਕਾਰ ਨੇ ਅਗਵਾਕਾਰਾਂ ਦੀਆਂ ਮੰਗਾਂ ਮੰਨਦਿਆਂ ਤਿੰਨ ਕੱਟੜ ਅਤਿਵਾਦੀਆਂ ਨੂੰ ਰਿਹਾਅ ਕਰ ਦਿੱਤਾ। ਇਹ ਵੈੱਬ ਸੀਰੀਜ਼ ਭਾਰਤ ਦੀ ਉਸ ਬੇਵਸੀ ਤੇ ਵਿਚਾਰਗੀ ਦੀ ਯਾਦ ਦਿਵਾਉਂਦੀ ਹੈ ਜਿਸ ਨੂੰ ਮੋਦੀ ਸਰਕਾਰ ਕਿਧਰੇ ਵਕਤ ਦੀਆਂ ਪਰਤਾਂ ਹੇਠ ਡੂੰਘਾ ਦਫ਼ਨ ਕਰਨਾ ਚਾਹੁੰਦੀ ਹੈ ਕਿਉਂਕਿ ਭਾਜਪਾ ਨੂੰ ਇਹ ਕਮਜ਼ੋਰ ਅਕਸ ਵਾਰਾ ਨਹੀਂ ਖਾਂਦਾ।
ਜਯੋਤੀ ਮਲਹੋਤਰਾ
ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਆਈਸੀ-814 ਨੇ ਕਾਠਮੰਡੂ ਤੋਂ ਦਿੱਲੀ ਵਾਸਤੇ ਉਡਾਣ ਭਰੀ, ਪਰ ਇਸ ਨੂੰ ਅਗਵਾ ਕਰ ਲਿਆ ਗਿਆ। ਅਗਵਾਕਾਰ ਇਸ ਨੂੰ ਲਾਹੌਰ (ਪਾਕਿਸਤਾਨ) ਲਿਜਾਣਾ ਚਾਹੁੰਦੇ ਸਨ, ਪਰ ਜਹਾਜ਼ ’ਚ ਪੈਟਰੋਲ ਘੱਟ ਹੋਣ ਕਾਰਨ ਇਸ ਨੂੰ ਅੰਮ੍ਰਿਤਸਰ (ਪੰਜਾਬ) ਉਤਾਰਨਾ ਪਿਆ। ਜਹਾਜ਼ ’ਚ 179 ਮੁਸਾਫ਼ਰ ਅਤੇ ਅਮਲੇ ਦੇ 11 ਮੈਂਬਰ ਸਵਾਰ ਸਨ। ਅਗਵਾਕਾਰਾਂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੰਦਿਆਂ ਪੈਟਰੋਲ ਦੀ ਮੰਗ ਕੀਤੀ, ਪਰ ਸੁਰੱਖਿਆ ਏਜੰਸੀਆਂ ਯਤਨ ਕਰ ਰਹੀਆਂ ਸਨ ਕਿ ਜਹਾਜ਼ ਨੂੰ ਅੰਮ੍ਰਿਤਸਰ ’ਚ ਹੀ ਰੋਕ ਲਿਆ ਜਾਵੇ ਤੇ ਮੁੜ ਉਡਾਣ ਨਾ ਭਰਨ ਦਿੱਤੀ ਜਾਵੇ। ਦਿੱਲੀ ’ਚ ਕਰਾਈਸਸ ਮੈਨੇਜਮੈਂਟ ਗਰੁੱਪ (ਸੀਐੱਮਜੀ) ਸਾਰੀ ਸਥਿਤੀ ’ਤੇ ਨਜ਼ਰ ਰੱਖਦਿਆਂ ਪਲ ਪਲ ਦੀ ਜਾਣਕਾਰੀ ਲੈ ਰਿਹਾ ਸੀ ਅਤੇ ਲੋੜੀਂਦੀਆਂ ਹਦਾਇਤਾਂ ਦੇ ਰਿਹਾ ਸੀ। ਅਗਵਾਕਾਰ ਕਾਹਲੇ ਪੈ ਰਹੇ ਸਨ। ਕਰੀਬ 47 ਮਿੰਟ ਜਹਾਜ਼ ਰਨਵੇਅ ’ਤੇ ਖੜ੍ਹਾ ਰਿਹਾ। ਜਹਾਜ਼ ’ਚ ਤੇਲ ਭਰਨ ਵਾਲਾ ਟੈਂਕਰ (ਬਰਾਊਜ਼ਰ) ਮੰਗਵਾਇਆ ਗਿਆ, ਪਰ ਉਸ ਤੋਂ ਪਹਿਲਾਂ ਹੀ ਅਗਵਾਕਾਰਾਂ ਨੇ ਕੈਪਟਨ ਨੂੰ ਉਡਾਣ ਭਰਨ ਲਈ ਮਜਬੂਰ ਕਰ ਦਿੱਤਾ। ਇੱਥੋਂ ਜਹਾਜ਼ ਫਿਰ ਲਾਹੌਰ, ਦੁਬਈ ਤੇ ਅੰਤ ਕੰਧਾਰ (ਅਫ਼ਗਾਨਿਸਤਾਨ) ਜਾ ਉਤਾਰਿਆ ਜਿੱਥੇ ਤਾਲਿਬਾਨ ਦਾ ਸ਼ਾਸਨ ਸੀ। ਦਿੱਲੀ ਤੋਂ ਵਾਰਤਾਕਾਰਾਂ ਦੀ ਟੀਮ ਕੰਧਾਰ ਗਈ। ਅਗਵਾਕਾਰਾਂ ਨਾਲ ਵਾਰਤਾ ਸ਼ੁਰੂ ਹੋਈ ਅਤੇ ਸਾਰਾ ਦੇਸ਼ ਇੱਕ ਹਫ਼ਤਾ ਟੈਲੀਵਿਜ਼ਨ ਸਕਰੀਨ ’ਤੇ ਕੰਧਾਰ ਹਵਾਈ ਅੱਡੇ ’ਤੇ ਫਸੇ ਮੁਸਾਫ਼ਰਾਂ ਵਾਲੇ ਜਹਾਜ਼ ਨੂੰ ਦੇਖਦਾ ਤੇ ਉਨ੍ਹਾਂ ਦੀ ਰਿਹਾਈ ਲਈ ਦੁਆਵਾਂ ਕਰਦਾ ਰਿਹਾ।
ਅਖ਼ੀਰ ਅਗਵਾਕਾਰਾਂ ਦੀਆਂ ਕੁਝ ਮੰਗਾਂ ਮੰਨ ਲਈਆਂ ਗਈਆਂ ਤੇ ਮੁਸਾਫ਼ਰਾਂ ਨੂੰ ਵਾਪਸ ਲਿਆਂਦਾ ਗਿਆ। ਇਸ ਸਾਰੀ ਸਥਿਤੀ ਅਤੇ ਤਣਾਅ ਦੇ ਪਲਾਂ ਦਾ ‘ਨੈੱਟਫਲਿਕਸ’ ਨੇ ਹੁਣ 25 ਸਾਲ ਬਾਅਦ ਫਿਲਮੀਕਰਨ ਕਰਦਿਆਂ ਇਸੇ ਫਲਾਈਟ ਦੇ ਨਾਂ ’ਤੇ ਇੱਕ ਸੀਰੀਜ਼ ਪੇਸ਼ ਕੀਤੀ ਹੈ ਜਿਸ ਕਾਰਨ ‘ਕੰਧਾਰ ਅਗਵਾ ਕਾਂਡ’ ਮੁੜ ਚਰਚਾ ’ਚ ਆ ਗਿਆ ਹੈ। ਸਵਾਲ ਉੱਠ ਰਹੇ ਹਨ ਕਿ ਕੀ ਉਸ ਵੇਲੇ ਸਥਿਤੀ ਨੂੰ ਸਹੀ ਤਰੀਕੇ ਨਾਲ ਸੰਭਾਲਿਆ ਗਿਆ ਸੀ ਜਾਂ ਨਹੀਂ। ਕੀ ਇਸ ਅਗਵਾ ਕਾਂਡ ਨੇ ਭਾਰਤ ਲਈ ਨਮੋਸ਼ੀ ਵਾਲੀ ਸਥਿਤੀ ਪੈਦਾ ਕੀਤੀ ਜਾਂ ਸੁਰੱਖਿਆ ਏਜੰਸੀਆਂ ਤੇ ਸੀਐੱਮਜੀ ਤੋਂ ਕੋਈ ਕੁਤਾਹੀ ਹੋਈ। ਕੀ ਇਸ ਮਾਮਲੇ ਨੂੰ ਕਿਸੇ ਬਿਹਤਰ ਢੰਗ ਨਾਲ ਹੱਲ ਕੀਤਾ ਜਾ ਸਕਦਾ ਸੀ ਜਾਂ ਅਗਵਾਕਾਰਾਂ ਦੀਆਂ ਮੰਗਾਂ ਮੰਨੇ ਜਾਣ ਬਿਨਾਂ ਹੋਰ ਕੋਈ ਹੱਲ ਨਹੀਂ ਸੀ। ਸੀਰੀਜ਼ ਕੇਵਲ ਘਟਨਾਕ੍ਰਮ ਦਾ ਫਿਲਮੀ ਰੂਪਾਂਤਰਨ ਹੈ ਪਰ ਇਸ ’ਤੇ ਸਿਆਸਤ ਭਖ ਗਈ ਹੈ ਕਿਉਂਕਿ ਉਸ ਵੇਲੇ ਵੀ ਦੇਸ਼ ’ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੀ। ਜਹਾਜ਼ ਅੰਮ੍ਰਿਤਸਰ ’ਚ ਕਿਉਂ ਨਹੀਂ ਸੀ ਰੋਕਿਆ ਜਾ ਸਕਿਆ, ਇਸ ਬਾਰੇ ਸਵਾਲ ਵੀ ਉੱਠਦੇ ਆਏ ਹਨ। ਉਸ ਵੇਲੇ ਸੀਨੀਅਰ ਆਈਪੀਐੱਸ ਅਫਸਰ ਸਰਬਜੀਤ ਸਿੰਘ ਪੰਜਾਬ ਪੁਲੀਸ ਦੇ ਮੁਖੀ ਸਨ ਅਤੇ ਸਾਰੇ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੇ ਸਨ। ਉਹ ਦਿੱਲੀ ’ਚ ਕਰਾਈਸਸ ਮੈਨੇਜਮੈਂਟ ਗਰੁੱਪ (ਸੀਐੱਮਜੀ) ਅਤੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਤਾਇਨਾਤ ਪੁਲੀਸ ਅਫ਼ਸਰਾਂ ਤੇ ਸੁਰੱਖਿਆ ਦਸਤਿਆਂ ਦੇ ਲਗਾਤਾਰ ਸੰਪਰਕ ’ਚ ਸਨ। ਹੁਣ ਜਦੋਂ ਇਹ ਮਾਮਲਾ ਮੁੜ ਚਰਚਾ ’ਚ ਹੈ ਤਾਂ ‘ਦਿ ਟ੍ਰਿਬਿਊਨ’ ਦੇ ਚੀਫ ਐਡੀਟਰ ਜਯੋਤੀ ਮਲਹੋਤਰਾ ਨੇ ਪੰਜਾਬ ਦੇ ਤਤਕਾਲੀ ਡੀਜੀਪੀ ਨਾਲ ਇੰਟਰਵਿਊ ਕਰ ਕੇ ਇਸ ਘਟਨਾਕ੍ਰਮ ਬਾਰੇ ਗੱਲ ਕੀਤੀ ਜੋ ਅਸੀਂ ਪਾਠਕਾਂ ਲਈ ਪੇਸ਼ ਕਰ ਰਹੇ ਹਾਂ:
* ਤੁਸੀਂ ਉਸ ਵੇਲੇ ਪੰਜਾਬ ਦੇ ਡੀਜੀਪੀ ਸੀ ਜਦੋਂ ਦਸੰਬਰ 1999 ’ਚ ਕ੍ਰਿਸਮਸ ਦੀ ਪੂਰਬਲੀ ਸ਼ਾਮ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਕਾਠਮੰਡੂ ਤੋਂ ਅਗਵਾ ਕਰ ਕੇ ਕੰਧਾਰ ਲਿਜਾਇਆ ਗਿਆ। ਕੁਝ ਸਮੇਂ ਲਈ ਇਹ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ’ਤੇ ਵੀ ਉਤਾਰਿਆ ਗਿਆ ਸੀ। ਹੁਣ ਕਿਉਂਕਿ ਨੈੱਟਫਲਿਕਸ ਸੀਰੀਜ਼ ਕਾਰਨ ਇਹ ਮਾਮਲਾ ਮੁੜ ਸੁਰਖ਼ੀਆਂ ’ਚ ਹੈ ਤਾਂ ਤੁਸੀਂ ਸਾਨੂੰ ਉਸ ਦਿਨ ਦੀਆਂ ਘਟਨਾਵਾਂ ਬਾਰੇ ਦੱਸੋ?
– ਮੈਂ ਉਸ ਸ਼ਾਮ ਆਪਣੇ ਘਰ ਹੀ ਸੀ ਜਦੋਂ ਟੈਲੀਵਿਜ਼ਨ ’ਤੇ ਇਹ ਖ਼ਬਰ ਆਈ ਕਿ ਇੰਡੀਅਨ ਏਅਰਲਾਈਨਜ਼ ਦਾ ਕਾਠਮੰਡੂ ਤੋਂ ਦਿੱਲੀ ਜਾ ਰਿਹਾ ਜਹਾਜ਼ ਅਗਵਾ ਕਰ ਲਿਆ ਗਿਆ ਹੈ। ਮੈਂ ਇਸ ਬਾਰੇ ਸੋਚਣ ਲੱਗ ਪਿਆ ਕਿ ਅਚਾਨਕ ਮੇਰੇ ਦਿਮਾਗ ’ਚ ਇੱਕ ਖ਼ਿਆਲ ਆਇਆ ਤੇ ਮੈਂ ਅੰਮ੍ਰਿਤਸਰ ’ਚ ਬਾਰਡਰ ਰੇਂਜ ਦੇ ਆਈਜੀ ਨੂੰ ਫ਼ੋਨ ਮਿਲਾਇਆ ਤੇ ਕਿਹਾ ਕਿ ਕਮਾਂਡੋਜ਼ ਦੀਆਂ ਦੋ ਕੰਪਨੀਆਂ ਹਵਾਈ ਅੱਡੇ ’ਤੇ ਭੇਜ ਦਿਓ। ਇਹ ਕਮਾਂਡੋਜ਼ ਕਿਸੇ ਡਿਊਟੀ ਕਾਰਨ ਪਹਿਲਾਂ ਹੀ ਅੰਮ੍ਰਿਤਸਰ ਗਏ ਹੋਏ ਸਨ।
* ਤੁਸੀਂ ਚੰਡੀਗੜ੍ਹ ’ਚ ਸੀ ਅਤੇ ਤੁਸੀਂ ਅੰਮ੍ਰਿਤਸਰ ਆਪਣੇ ਕੁਲੀਗ ਨੂੰ ਫੋਨ ਕੀਤਾ।
– ਹਾਂ ਮੈਂ ਉਸਨੂੰ ਕਮਾਂਡੋਜ਼ ਅੰਮ੍ਰਿਤਸਰ ਹਵਾਈ ਅੱਡੇ ’ਤੇ ਭੇਜਣ ਲਈ ਕਿਹਾ। ਮੈਨੂੰ ਖ਼ਦਸ਼ਾ ਸੀ ਕਿ ਜਹਾਜ਼ ਕਿਤੇ ਅੰਮ੍ਰਿਤਸਰ ਨਾ ਲੈਂਡ ਕਰ ਜਾਵੇ ਤੇ ਮੇਰਾ ਸ਼ੱਕ ਸਹੀ ਨਿਕਲਿਆ। ਆਮ ਤੌਰ ’ਤੇ ਜਦੋਂ ਕਦੇ ਕੋਈ ਅਗਵਾ ਕਾਂਡ ਵਾਪਰਦਾ ਹੈ ਤਾਂ ਅਗਵਾਕਾਰਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਉਹ ਧਮਕੀਆਂ ਦਿੰਦੇ ਹਨ। ਆਪਣੀਆਂ ਮੰਗਾਂ ਰੱਖਦੇ ਹਨ ਤੇ ਲੰਮੀ ਵਾਰਤਾ ਚੱਲਦੀ ਹੈ ਪਰ ਇੱਥੇ ਅਜਿਹਾ ਕੁਝ ਨਹੀਂ ਹੋਇਆ।
* ਕੀ ਤੁਹਾਨੂੰ ਪਹਿਲਾਂ ਵੀ ਕਿਸੇ ਅਗਵਾ ਕਾਂਡ ਦਾ ਤਜਰਬਾ ਸੀ।
– ਨਹੀਂ, ਤਜਰਬਾ ਤਾਂ ਨਹੀਂ ਸੀ ਪਰ ਜਦੋਂ 1993 ’ਚ ਕੇਪੀਐੱਸ ਗਿੱਲ ਦੇ ਪੁਲੀਸ ਮੁਖੀ ਹੁੰਦਿਆਂ ਜਹਾਜ਼ ਅਗਵਾ ਕਾਂਡ ਹੋਇਆ ਸੀ ਤਾਂ ਉਦੋਂ ਮੈਂ ਪੰਜਾਬ
ਪੁਲੀਸ ’ਚ ਹੀ ਸੀ। ਇਸ ਲਈ ਮੈਨੂੰ ਵਿਭਾਗੀ ਤੌਰ ’ਤੇ ਇਹ ਜਾਣਕਾਰੀ ਸੀ ਕਿ ਅਜਿਹੇ ਹਾਲਾਤ ਨਾਲ ਕਿਵੇਂ ਨਜਿੱਠਿਆ ਜਾਂਦਾ ਹੈ। ਉਦੋਂ ਵੀ ਅਗਵਾ ਜਹਾਜ਼ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਹੀ ਉਤਾਰਿਆ ਗਿਆ ਸੀ।
* ਜਦੋਂ ਜਹਾਜ਼ ਅੰਮ੍ਰਿਤਸਰ ਉਤਾਰਿਆ ਗਿਆ ਤਾਂ ਉਦੋਂ ਦਿੱਲੀ ’ਚ ਕੀ ਚੱਲ ਰਿਹਾ ਸੀ?
– ਜਦੋਂ ਜਹਾਜ਼ ਅੰਮ੍ਰਿਤਸਰ ਉੱਤਰਿਆ ਸੀ ਮੈਂ ਉਦੋਂ ਤੋਂ ਹੀ ਦਿੱਲੀ ਦੇ ਸੰਪਰਕ ’ਚ ਸੀ। ਉਨ੍ਹਾਂ ਮੈਨੂੰ ਦੱਸਿਆ ਕਿ ਐੱਨਐੱਸਜੀ ਕਮਾਂਡੋਜ਼ ਨੂੰ ਅੰਮ੍ਰਿਤਸਰ ਪਹੁੰਚਣ ਲਈ ਕਰੀਬ 45 ਮਿੰਟ ਤੋਂ ਇੱਕ ਘੰਟਾ ਲੱਗੇਗਾ। ਇਸ ਤੋਂ ਪਹਿਲਾਂ ਦਿੱਲੀ ਤੋਂ ਚੱਲਣ ਦੀ ਤਿਆਰੀ ’ਚ ਜੋ ਸਮਾਂ ਲੱਗੇਗਾ ਉਹ ਵੱਖਰਾ ਹੈ ਅਤੇ ਅੰਮ੍ਰਿਤਸਰ ਪਹੁੰਚ ਕੇ ਅਪਰੇਸ਼ਨ ਆਰੰਭਣ ਲਈ ਵੀ ਘੰਟਾ ਕੁ ਲੱਗ ਜਾਵੇਗਾ।
* ਤੁਹਾਡੀ ਗੱਲਬਾਤ ਕਿਸ ਨਾਲ ਹੋ ਰਹੀ ਸੀ?
– ਆਈਬੀ ਦੇ ਡਾਇਰੈਕਟਰ ਸ਼ਿਆਮਲ ਦੱਤਾ ਨਾਲ। ਉੱਥੇ ਮੇਰੇ ਬੈਚਮੇਟ ਏਐੱਸ ਦੁਲੱਤ ਵੀ ਸਨ ਤੇ ਕੁਝ ਹੋਰ ਵੀ। ਉਹ ਸਾਰੇ ਇੱਕ ਦੂਜੇ ਨਾਲ ਵੀ ਵਿਚਾਰ ਵਟਾਂਦਰਾ ਕਰ ਰਹੇ ਸਨ ਪਰ ਮੇਰੀ ਗੱਲ ਦੱਤਾ ਨਾਲ ਹੀ ਹੋ ਰਹੀ ਸੀ। ਇਸ ਦੌਰਾਨ ਬਾਰਡਰ ਰੇਂਜ ਦਾ ਡੀਆਈਜੀ ਜਸਮਿੰਦਰ ਸਿੰਘ ਹਵਾਈ ਅੱਡੇ ’ਤੇ ਏਅਰ ਟਰੈਫਿਕ ਕੰਟਰੋਲ (ਏਟੀਸੀ) ’ਚ ਪੁੱਜ ਚੁੱਕਾ ਸੀ। ਉਹ ਜਹਾਜ਼ ਦੇ ਕੈਪਟਨ ਦੇਵੀ ਸ਼ਰਨ ਨਾਲ ਮਾਈਕਰੋਫੋਨ ’ਤੇ ਗੱਲ ਕਰ ਰਿਹਾ ਸੀ। ਉਨ੍ਹਾਂ ਦੀ ਗੱਲਬਾਤ ਏਟੀਸੀ ਦੇ ਲਾਊਡ ਸਪੀਕਰ ’ਤੇ ਵੀ ਸੁਣ ਰਹੀ ਸੀ। ਇਸ ਲਈ ਦੇਵੀ ਸ਼ਰਨ ਜੋ ਬੋਲਦਾ, ਉਹ ਮੈਨੂੰ ਵੀ ਸੁਣ ਰਿਹਾ ਸੀ।
* ਉਨ੍ਹਾਂ ਦਰਮਿਆਨ ਕੀ ਗੱਲ ਹੋ ਰਹੀ ਸੀ?
– ਉਨ੍ਹਾਂ ਮੈਨੂੰ ਦੱਸਿਆ ਕਿ ਅਗਵਾਕਾਰ ਪੈਟਰੋਲ ਦੀ ਮੰਗ ਕਰ ਰਹੇ ਹਨ ਤੇ ਦਿੱਲੀ ਨਾਲ ਗੱਲ ਹੋਣ ਤੋਂ ਪਹਿਲਾਂ ਹੀ ਮੇਰਾ ਇਹੋ ਜਵਾਬ ਸੀ ਕਿ ਪੈਟਰੋਲ ਨਾ ਦਿੱਤਾ ਜਾਵੇ। ਜੇ ਪੈਟਰੋਲ ਨਹੀਂ ਹੋਵੇਗਾ ਤਾਂ ਜਹਾਜ਼ ਦੁਬਾਰਾ ਉੱਡ ਨਹੀਂ ਸਕੇਗਾ ਪਰ ਕੈਪਟਨ ਵਾਰ ਵਾਰ ਪੈਟਰੋਲ ਮੰਗ ਰਿਹਾ ਸੀ। ਉੱਧਰ ਦਿੱਲੀ ਵਾਲੇ ਕਹਿ ਰਹੇ ਸਨ ਕਿ ਕੁਝ ਕਰੋ, ਕੁਝ ਕਰੋ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੇਰੇ ਕੋਲ ਕਮਾਂਡੋਜ਼ ਦੀਆਂ ਦੋ ਕੰਪਨੀਆਂ ਹਨ ਜੋ ਹਵਾਈ ਅੱਡੇ ’ਤੇ ਤਾਇਨਾਤ ਹਨ। ਉਨ੍ਹਾਂ ਕੋਲ ਅਗਵਾਕਾਰਾਂ ਨਾਲ ਨਜਿੱਠਣ ਵਾਸਤੇ ਕੇਵਲ ਏਕੇ 47 ਰਾਈਫ਼ਲਾਂ ਹਨ। ਉਨ੍ਹਾਂ ਕੋਲ ਹੋਰ ਲੋੜੀਂਦਾ ਸਾਮਾਨ ਨਹੀਂ ਜੋ ਅਜਿਹੀ ਸਥਿਤੀ ’ਚ ਲੋੜੀਂਦਾ ਹੁੰਦਾ ਹੈ। ਮਸਲਨ ਜਹਾਜ਼ ਦੇ ਦਰਵਾਜ਼ੇ ਤੱਕ ਪਹੁੰਚਣ ਲਈ ਪੌੜੀ ਵੀ ਨਹੀਂ ਹੈ।
ਮੈਂ ਉਨ੍ਹਾਂ ਨੂੰ ਦੱਸਿਆ ਕਿ ਜੇ ਅਸੀਂ ਕਾਰਵਾਈ ਕਰਦੇ ਹਾਂ ਤਾਂ ਗੋਲੀ (ਫਾਇਰਿੰਗ) ਜ਼ਰੂਰ ਚੱਲੇਗੀ। ਜੇ ਗੋਲੀ ਚੱਲਦੀ ਹੈ ਤਾਂ ਅਸੀਂ ਨਹੀਂ ਦੱਸ ਸਕਦੇ ਕਿ ਕੌਣ ਬਚੇਗਾ ਜਾਂ ਕੌਣ ਮਰ ਜਾਵੇਗਾ। ਅਸੀਂ ਜਹਾਜ਼ ਦੇ ਅੰਦਰ ਨਹੀਂ ਦੇਖ ਸਕਦੇ। ਸਾਨੂੰ ਨਹੀਂ ਪਤਾ ਅੰਦਰ ਕਿਸ ਤਰ੍ਹਾਂ ਦੀ ਸਥਿਤੀ ਹੈ। ਅਗਵਾਕਾਰ ਕੀ ਜਵਾਬੀ ਕਾਰਵਾਈ ਕਰਦੇ ਹਨ ਪਤਾ ਨਹੀਂ, ਪਰ ਸਾਡੀ ਆਪਣੀ ਫਾਇਰਿੰਗ ਨਾਲ ਹੀ ਕੁਝ ਵਿਅਕਤੀ ਜ਼ਰੂਰ ਮਾਰੇ ਜਾਣਗੇ।
* ਇਸ ਬਾਰੇ ਸ਼ਿਆਮਲ ਦੱਤਾ ਦੀ ਕੀ ਪ੍ਰਤੀਕਿਰਿਆ ਸੀ?
– ਉਹ ਕਹਿੰਦਾ ਜਹਾਜ਼ ਦਾ ਟਾਇਰ ਪੰਕਚਰ ਨਹੀਂ ਕਰ ਸਕਦੇ। ਗੰਭੀਰ ਸਥਿਤੀ ਦੇ ਬਾਵਜੂਦ ਮੇਰਾ ਹਾਸਾ ਨਿਕਲ ਗਿਆ। ਮੈਂ ਕਿਹਾ ਇਹ ਕੋਈ ਸਕੂਟਰ ਦਾ ਟਾਇਰ ਨਹੀਂ ਹੈ। ਇਹ ਘੱਟੋ ਘੱਟ ਅੱਠ ਟਿਊਬਲੈੱਸ ਟਾਇਰ ਹਨ। ਇਨ੍ਹਾਂ ਦਾ ਤਾਂ ਬੁਲੇਟ ਵੀ ਕੁਝ ਵਿਗਾੜ ਨਹੀਂ ਸਕੇਗਾ। ਇਸ ਦੌਰਾਨ ਜਸਮਿੰਦਰ ਸਿੰਘ (ਡੀਆਈਜੀ) ਨੇ ਫਿਊਲ ਤੋਂ ਨਾਂਹ ਕਰ ਦਿੱਤੀ ਸੀ ਕਿਉਂਕਿ ਟੈਂਕਰ (ਬਰਾਊਜ਼ਰ) ਉੱਥੇ ਨਹੀਂ ਸੀ। ਸ਼ਾਇਦ ਉਹ ਖਾਣਾ ਵਗੈਰਾ ਖਾਣ ਗਏ ਹੋਏ ਸਨ। ਉਨ੍ਹਾਂ ਨੂੰ ਵਾਪਸ ਬੁਲਾਇਆ ਗਿਆ। ਜਦੋਂ ਉਹ ਆਏ ਤਾਂ ਜਸਮਿੰਦਰ ਨੇ ਮੈਨੂੰ ਦੱਸੇ ਬਗ਼ੈਰ ਹੀ ਸਾਡੇ ਦੋ ਜਵਾਨ ਟੈਂਕਰ ’ਤੇ ਚੜ੍ਹਾ ਦਿੱਤੇ ਤਾਂ ਜੋ ਉਹ ਕਿਸੇ ਤਰ੍ਹਾਂ ਜਹਾਜ਼ ਰੋਕਣ ਦਾ ਕੋਈ ਪ੍ਰਬੰਧ ਕਰ ਸਕਣ। ਮੈਨੂੰ ਡਰ ਸੀ ਕਿ ਸਾਡੀ ਅਜਿਹੀ ਕਿਸੇ ਵੀ ਕਾਰਵਾਈ ਦੇ ਜਵਾਬ ’ਚ ਜਹਾਜ਼ ਅੰਦਰ ਬੈਠੇ ਅਗਵਾਕਾਰ ਵੀ ਕੁਝ ਕਰ ਸਕਦੇ ਹਨ। ਅਸੀਂ ਉਨ੍ਹਾਂ ਨੂੰ ਦੇਖ ਨਹੀਂ ਸਕਦੇ ਸੀ।
* ਜਹਾਜ਼ ਦੀ ਕੀ ਸਥਿਤੀ ਸੀ? ਕੀ ਇਹ ਰਨਵੇਅ ਦੇ ਵਿਚਕਾਰ ਖੜ੍ਹਾ ਸੀ?
– ਨਹੀਂ, ਉਹ ਜਹਾਜ਼ ਨੂੰ ਇੱਕ ਥਾਂ ਰੁਕਣ ਨਹੀਂ ਸੀ ਦਿੰਦੇ। ਕਦੇ ਉਹ ਉਸ ਨੂੰ ਅੱਗੇ ਲੈ ਜਾਂਦੇ ਤੇ ਕਦੇ ਪਿੱਛੇ। ਕਦੇ ਰਨਵੇਅ ਦੇ ਕਿਨਾਰੇ ਕਰ ਲੈਂਦੇ। ਉਹ ਕੈਪਟਨ ’ਤੇ ਦਬਾਅ ਪਾਉਂਦੇ ਹੋਣਗੇ। ਉਹ ਇਹ ਦੇਖਣਾ ਚਾਹੁੰਦੇ ਸਨ ਕਿ ਬਾਹਰੋਂ ਕੋਈ ਐਕਸ਼ਨ ਤਾਂ ਨਹੀਂ ਹੋ ਰਿਹਾ। ਇਸ ਦੌਰਾਨ ਕੈਪਟਨ ਨੇ ਦੱਸਿਆ ਕਿ ਉਨ੍ਹਾਂ ਇੱਕ ਵਿਅਕਤੀ ਨੂੰ ਮਾਰ ਦਿੱਤਾ ਹੈ। ਜਿਸ ਬਾਰੇ ਬਾਅਦ ’ਚ ਪਤਾ ਲੱਗਿਆ ਕਿ ਉਹ ਰੂਪਨ ਕਟਿਆਲ ਸੀ। ਮੈਂ ਜਸਮਿੰਦਰ ਨੂੰ ਪੁੱਛਿਆ ਕਿ ਕੀ ਉਨ੍ਹਾਂ ਲਾਸ਼ ਬਾਹਰ ਸੁੱਟੀ ਹੈ ਤਾਂ ਉਸ ਨੇ ਇਨਕਾਰ ਕਰ ਦਿੱਤਾ। ਮੈਂ ਕਿਹਾ ਕਿ ਹਾਲੇ ਉਡੀਕ ਕਰੋ। ਤੇਲ ਨਾ ਦਿਓ। ਜਹਾਜ਼ ਕਰੀਬ 47 ਮਿੰਟ ਰਨਵੇਅ ’ਤੇ ਰਿਹਾ। ਇਸ ਦੌਰਾਨ ਸਾਨੂੰ ਐੱਨਐੱਸਜੀ ਦੇ ਆਉਣ ਦੀ ਉਡੀਕ ਸੀ। ਅਸੀਂ ਸੋਚਿਆ ਕਿ ਤੇਲ ਨਹੀਂ ਦੇਵਾਂਗੇ ਤੇ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਾਂਗੇ।
* ਕੈਪਟਨ ਦੇਵੀ ਸ਼ਰਨ ਦੀ ਕੀ ਹਾਲਤ ਸੀ?
– ਦੇਵੀ ਸ਼ਰਨ ਦਾ ਹੌਸਲਾ ਤੇ ਹਿੰਮਤ ਕਮਾਲ ਸਨ। ਉਹ ਬਿਲਕੁਲ ਨਹੀਂ ਘਬਰਾਇਆ। ਉਸ ਨੇ ਅਗਵਾਕਾਰਾਂ ਨੂੰ ਇਹ ਦਿਖਾਇਆ ਜਿਵੇਂ ਉਹ ਬਹੁਤ ਡਰਿਆ ਹੋਇਆ ਹੋਵੇ ਪਰ ਮੈਂ ਦੇਖ ਰਿਹਾ ਸੀ ਕਿ ਉਸ ਦਾ ਆਪਣੇ ਆਪ ’ਤੇ ਪੂਰਾ ਕੰਟਰੋਲ ਹੈ ਤੇ ਉਸ ਨੂੰ ਪਤਾ ਹੈ ਕਿ ਉਹ ਕੀ ਕਰ ਰਿਹਾ ਹੈ। ਉਹ ਬਾਕਮਾਲ ਪਾਇਲਟ ਸੀ। ਰਨਵੇਅ ਦੇ ਮੱਧ ਵਿੱਚੋਂ ਜਹਾਜ਼ ਨਹੀਂ ਉਡਾਇਆ ਜਾ ਸਕਦਾ ਅਤੇ ਇਹ ਵੱਡਾ ਜਹਾਜ਼ ਸੀ ਜੋ ਉਸ ਨੇ ਅੱਧੇ ਰਨਵੇਅ ਤੋਂ ਹੀ ਉਡਾ ਲਿਆ।
* ਤੁਸੀਂ ਇਹ ਸਭ ਕਿਵੇਂ ਜਾਣਦੇ ਹੋ?
– ਮੈਂ ਖ਼ੁਦ ਪਾਇਲਟ ਹਾਂ। ਮੇਰੇ ਕੋਲ ਪ੍ਰਾਈਵੇਟ ਪਾਇਲਟ ਦਾ ਲਾਇਸੈਂਸ ਹੈ। ਇਸ ਲਈ ਜਾਣਦਾ ਹਾਂ ਕਿ ਜਹਾਜ਼ ਉਡਾਉਣ ਲਈ ਇਸ ਨੂੰ ਰਨਵੇਅ ਦੇ ਇੱਕ ਸਿਰੇ ਤੋਂ ਦੂਜੇ ਤੱਕ ਦੌੜਾਇਆ ਜਾਂਦਾ ਹੈ, ਫਿਰ ਹੀ ਇਹ ਉਡਾਣ ਭਰਦਾ ਹੈ। ਦੇਵੀ ਸ਼ਰਨ ਨੂੰ ਪਤਾ ਸੀ ਕਿ ਉਹ ਜਹਾਜ਼ ਦੇ ਟੈਂਕ ’ਚ ਮੌਜੂਦ ਪੈਟਰੋਲ ਨਾਲ ਲਾਹੌਰ ਜਾ ਸਕਦਾ ਹੈ। ਉਸ ਨੇ ਦੱਸਿਆ ਸੀ ਕਿ 7 ਤੋਂ 9 ਮਿੰਟ ਦੀ ਉਡਾਣ ਭਰੀ ਜਾ ਸਕਦੀ ਹੈ। ਇਸ ਤਰ੍ਹਾਂ ਅਗਵਾਕਾਰਾਂ ਕੋਲ ਉਡਾਨ ਭਰਨ ਤੇ ਲਾਹੌਰ ਉਤਰਨ ਵਾਸਤੇ ਸਿਰਫ਼ 9 ਮਿੰਟ ਹੀ ਸਨ। ਮੈਂ ਤਾਂ ਜਸਮਿੰਦਰ ਨੂੰ ਕਹਿ ਰਿਹਾ ਸੀ ਕਿ ਇਨ੍ਹਾਂ ਨੂੰ ਤੇਲ ਨਾ ਦਿਓ। ਤੇਲ ਨਹੀਂ ਹੋਵੇਗਾ ਤਾਂ ਇਹ ਨਹੀਂ ਉੱਡ ਸਕਣਗੇ। ਅਸੀਂ ਇਹ ਸੋਚ ਹੀ ਨਹੀਂ ਸਕਦੇ ਸੀ ਕਿ ਉਹ ਬਿਨਾਂ ਤੇਲ ਭਰਵਾਏ ਤੋਂ ਹੀ ਕੈਪਟਨ ਨੂੰ ਉਡਾਣ ਭਰਨ ਲਈ ਮਜਬੂਰ ਕਰ ਦੇਣਗੇ। ਤੇਲ ਟੈਂਕਰ ’ਤੇ ਉਨ੍ਹਾਂ ਸ਼ਾਇਦ ਸਾਡੇ ਜਵਾਨ ਦੇਖ ਲਏ ਸਨ ਜਿਸ ਕਾਰਨ ਉਨ੍ਹਾਂ ਕੈਪਟਨ ’ਤੇ ਉਡਾਣ ਭਰਨ ਲਈ ਦਬਾਅ ਪਾਇਆ। ਅਗਵਾਕਾਰ ਬੜੇ ਚਲਾਕ ਤੇ ਸਿਖਲਾਈਯਾਫ਼ਤਾ ਸਨ।
* ਇਸ ਘਟਨਾ ਨੂੰ 25 ਸਾਲ ਬੀਤ ਗਏ ਹਨ ਤੇ ਹੁਣ ਦੋਸ਼ ਲੱਗ ਰਹੇ ਹਨ ਕਿ ਉਦੋਂ ਸਹੀ ਫ਼ੈਸਲਾ ਨਹੀਂ ਲਿਆ ਜਾ ਸਕਿਆ। ਜਹਾਜ਼ ਨੂੰ ਅੰਮ੍ਰਿਤਸਰ ’ਚ ਹੀ ਕਿਉਂ ਨਹੀਂ ਰੋਕਿਆ ਗਿਆ।
– ਮੈਂ ਦਿੱਲੀ (ਸੀਐੱਮਜੀ) ਨੂੰ ਦੱਸਿਆ ਸੀ ਕਿ ਸਾਡੇ ਜਵਾਨ ਹਵਾਈ ਅੱਡੇ ’ਤੇ ਮੌਜੂਦ ਹਨ ਤੇ ਕਿਸੇ ਵੀ ਕਾਰਵਾਈ ਲਈ ਤਿਆਰ ਹਨ। ਉਨ੍ਹਾਂ ਨੂੰ ਹੁਕਮ ਦੀ ਉਡੀਕ ਹੈ ਪਰ ਜੇ ਅਸੀਂ ਕਾਰਵਾਈ ਕਰਦੇ ਹਾਂ ਤਾਂ ਕੁਝ ਬੇਕਸੂਰ ਵਿਅਕਤੀ ਵੀ ਜ਼ਰੂਰ ਮਾਰੇ ਜਾਣਗੇ। ਪ੍ਰੋਟੋਕੋਲ ਇਹ ਹੈ ਕਿ ਅਗਵਾ ਦੀ ਘਟਨਾ ਵੇਲੇ ਸੀਐੱਮਜੀ ਕੰਟਰੋਲ ਕਰਦਾ ਹੈ। ਉਨ੍ਹਾਂ ਕਿਹਾ ਕਿ ਗੋਲੀ ਨਹੀਂ ਚਲਾਉਣੀ। ਜਹਾਜ਼ ਅੰਦਰ ਪੰਜ ਹਥਿਆਰਬੰਦ ਅਗਵਾਕਾਰ ਹਨ। ਜੇ ਅਸੀਂ ਜਹਾਜ਼ ਦੇ ਰਾਹ ’ਚ ਅੜਿੱਕੇ ਲਾਉਣ ਜਾਂ ਉਸ ਨੂੰ ਰੋਕਣ ਦੀ ਕੋਈ ਕਾਰਵਾਈ ਕਰਦੇ ਤਾਂ ਉਹ ਅੰਦਰ ਮੁਸਾਫ਼ਰਾਂ ਨੂੰ ਮਾਰ ਸਕਦੇ ਸਨ। ਸਾਫ਼ ਸੀ ਕਿ ਸਾਡੀ ਕਿਸੇ ਵੀ ਕਾਰਵਾਈ ਬਦਲੇ ਜਵਾਬੀ ਕਾਰਵਾਈ ਹੁੰਦੀ ਤਾਂ ਮੁਸਾਫ਼ਰ ਮਾਰੇ ਜਾਂਦੇ। ਸਾਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਕੋਲ ਕਿਸ ਤਰ੍ਹਾਂ ਦੇ ਹਥਿਆਰ ਹਨ। ਉਨ੍ਹਾਂ ਰੂਪਨ ਕਟਿਆਲ ’ਤੇ ਚਾਕੂ ਨਾਲ ਹਮਲਾ ਕੀਤਾ ਸੀ। ਸਾਡੀ ਚਿੰਤਾ ਸੀ ਕਿ ਉਨ੍ਹਾਂ ਕੋਲ ਅਸਲਾ ਵੀ ਹੋਵੇਗਾ। ਸੋ ਅਸੀਂ ਉਨ੍ਹਾਂ ’ਤੇ ਕਾਬੂ ਪਾ ਲੈਂਦੇ ਜਾਂ ਨਾ ਪਰ ਕੁਝ ਮੌਤਾਂ ਜ਼ਰੂਰ ਹੋਣੀਆਂ ਸਨ। ਸਾਨੂੰ ਇਹ ਲਗਦਾ ਸੀ ਕਿ ਖਾਲੀ ਟੈਂਕ ਨਾਲ ਜਹਾਜ਼ ਤਾਂ ਉੱਡ ਨਹੀਂ ਸਕਦਾ। ਕੇਵਲ 9 ਮਿੰਟ ਦੇ ਤੇਲ ਨਾਲ ਕੌਣ ਟੇਕਆਫ ਤੇ ਲੈਂਡਿੰਗ ਬਾਰੇ ਸੋਚ ਸਕਦਾ ਹੈ।
ਅਸੀਂ ਸ਼ਿਆਮਲ ਦੱਤਾ ਨੂੰ ਦੱਸਿਆ ਸੀ ਕਿ ਅਗਵਾਕਾਰਾਂ ਕੋਲ ਅਸਲਾ ਹੋ ਸਕਦਾ ਹੈ। ਜੇ ਅਸੀਂ ਗੋਲੀ ਚਲਾਵਾਂਗੇ ਤਾਂ ਉਹ ਵੀ ਚਲਾਉਣਗੇ। ਸਾਨੂੰ ਜਹਾਜ਼ ਦੇ ਅੰਦਰ ਕੁਝ ਦਿਖਾਈ ਨਹੀਂ ਸੀ ਦਿੰਦਾ। ਕੇਵਲ ਜਸਮਿੰਦਰ ਨੂੰ ਏਟੀਸੀ ਤੋਂ ਜਹਾਜ਼ ਦਾ ਕਾਕਪਿਟ ਦਿਖਾਈ ਦਿੰਦਾ ਸੀ ਜਿੱਥੇ ਕੈਪਟਨ ਦੇਵੀ ਸ਼ਰਨ ਸੀ ਤੇ ਕੁਝ ਹੋਰ ਵਿਅਕਤੀ ਆਉਂਦੇ ਜਾਂਦੇ ਦਿਖਾਈ ਦਿੰਦੇ ਸਨ।
* ਸ਼ਿਆਮਲ ਵੱਲੋਂ ਕਿਸ ਤਰ੍ਹਾਂ ਦੀਆਂ ਹਦਾਇਤਾਂ ਸਨ?
– ਅਸੀਂ ਸ਼ਿਆਮਲ ਨੂੰ ਦੱਸਿਆ ਸੀ ਕਿ ਅਸੀਂ ਕਾਰਵਾਈ ਲਈ ਤਿਆਰ ਹਾਂ ਪਰ ਉਨ੍ਹਾਂ ਕਿਹਾ ਕਿ ਆਪਣੇ ਜਵਾਨ ਅੰਦਰ ਨਾ ਭੇਜੋ, ਮੌਤਾਂ ਹੋਣਗੀਆਂ। ਜਹਾਜ਼ ਨੂੰ ‘ਡਿਸਏਬਲ’ ਕਰਨ ਦਾ ਕੋਈ ਹੋਰ ਢੰਗ ਲੱਭੋ। ਸ਼ਿਆਮਲ ਨੇ ਦੱਸਿਆ ਕਿ ਉਸ ਨੂੰ ਇਹੀ ਕਿਹਾ ਜਾ ਰਿਹਾ ਹੈ ਕਿ ਫਾਇਰਿੰਗ ਨਾ ਹੋਵੇ। ਲੋਕ ਨਾ ਮਾਰੇ ਜਾਣ। ਉਹ ਕਹਿੰਦਾ ਸੀ, ‘‘ਗੋਲੀ ਚਲੇਗੀ ਤੋ ਲੋਗ ਮਰੇਂਗੇ। ਨਹੀਂ, ਗੋਲੀ ਮਤ ਚਲਾਓ। ਕੋਈ ਔਰ ਤਰੀਕਾ ਦੇਖੋ। ਪੰਕਚਰ ਕਰੋ।’’
* ਕੀ ਪਹਿਲਾਂ ਵਾਲੇ ਜਹਾਜ਼ ਅਗਵਾ ਕਾਂਡ ਵੇਲੇ ਗੋਲੀ ਚੱਲੀ ਸੀ?
– ਨਹੀਂ, ਉਦੋਂ ਹਾਲਾਤ ਕੁਝ ਹੋਰ ਸਨ। ਰਨਵੇਅ ’ਤੇ ਖੜ੍ਹੇ ਜਹਾਜ਼ ਨੂੰ ਸੁਰੱਖਿਆ ਦਸਤਿਆਂ ਨੇ ਘੇਰਿਆ ਹੋਇਆ ਸੀ। ਲੰਮੀ ਗੱਲਬਾਤ ਚੱਲੀ ਸੀ ਤੇ ਅਗਵਾਕਾਰ ਨੂੰ ਉਤਾਰ ਲਿਆ ਗਿਆ ਸੀ। ਉਸ ਨੇ ਸਮਰਪਣ ਕਰ ਦਿੱਤਾ ਸੀ। ਇਸ ਵਾਰ ਅਜਿਹਾ ਨਹੀਂ ਸੀ। ਮੁਸਾਫ਼ਰਾਂ ਦੀ ਜ਼ਿੰਦਗੀ ਦਾਅ ’ਤੇ ਨਹੀਂ ਲਗਾਈ ਜਾ ਸਕਦੀ ਸੀ। ਅਸੀਂ ਅੱਖਾਂ ਮੀਚ ਕੇ ਗੋਲੀ ਨਹੀਂ ਚਲਾ ਸਕਦੇ ਸੀ। ਇਸ ਵਾਰ ਸਮਾਂ ਬਹੁਤ ਘੱਟ ਮਿਲਿਆ। ਮੈਂ ਲੰਮੇ ਸਮੇਂ ਦੀ ਕਾਰਵਾਈ ਬਾਰੇ ਸੋਚ ਰਿਹਾ ਸੀ। ਸਾਡੇ ਕੋਲ ਕਮਾਂਡੋ ਤਾਂ ਸਨ ਪਰ ਅਜਿਹੀ ਸਥਿਤੀ ਨਾਲ ਨਜਿੱਠਣ ਵਾਸਤੇ ਲੋੜੀਂਦਾ ਸਾਮਾਨ ਨਹੀਂ ਸੀ। ਇਸ ਬਾਰੇ ਜਦੋਂ ਬਾਅਦ ’ਚ ਦਿੱਲੀ ਹੋਮ ਸੈਕਟਰੀ ਨਾਲ ਗੱਲ ਕੀਤੀ ਕਿ ਸਟੇਟ ਪੱਧਰ ’ਤੇ ਵੀ ਸਾਨੂੰ ਅਜਿਹਾ ਦਸਤਾ ਟਰੇਂਡ ਕਰਨਾ ਚਾਹੀਦਾ ਹੈ ਤਾਂ ਉਸ ਦੀ ਟਿੱਪਣੀ ਸੀ ਕਿ ਕਿ ਪੰਜਾਬ ਦਾ ਡੀਜੀ ਆਪਣੀ ਐੱਨਐੱਸਜੀ ਬਣਾਉਣੀ ਚਾਹੁੰਦਾ ਹੈ।
* ਕੀ ਸ਼ਿਆਮਲ ਨੇ ਬਾਅਦ ’ਚ ਕਦੇ ਤੁਹਾਨੂੰ ਨਹੀਂ ਦੱਸਿਆ ਕਿ ਗੋਲੀ ਨਾ ਚਲਾਉਣ ਦੀਆਂ ਹਦਾਇਤਾਂ ਪਿੱਛੇ ਕੀ ਕਾਰਨ ਸੀ? ਇਹ ਵੀ ਚਰਚਾ ਸੀ ਕਿ ਜਹਾਜ਼ ’ਚ ‘ਰਾਅ’ ਦਾ ਕੋਈ ਅਫਸਰ ਵੀ ਸੀ।
– ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ। ਮੈਨੂੰ ਵੀ ਬਾਅਦ ’ਚ ਹੀ ਪਤਾ ਲੱਗਿਆ ਸੀ ਕਿ ਜਹਾਜ਼ ’ਚ ਕੋਈ ‘ਰਾਅ’ ਅਫਸਰ ਸੀ ਪਰ ਕਿਸੇ ਨੇ ਇਸ ਬਾਰੇ ਅਧਿਕਾਰਤ ਤੌਰ ’ਤੇ ਨਹੀਂ ਦੱਸਿਆ। ਸ਼ਾਇਦ ਕੋਈ ਸਿਆਸੀ ਹਦਾਇਤਾਂ ਹੋਣ। ਦੁਲੱਤ ਨਾਲ ਉਦੋਂ ਤਾਂ ਕੋਈ ਗੱਲ ਨਹੀਂ ਹੋਈ ਪਰ ਬਾਅਦ ’ਚ ਉਹ ਕਹਿੰਦਾ ਕਿ ਤੂੰ ਕੁਝ ਕਰ ਲੈਣਾ ਸੀ। ਕੁਝ ‘ਡਿਸਏਬਲ’ ਕਰਨ ਵਰਗਾ। ਮੈਂ ਕਿਹਾ ਸਾਰਾ ਅਪਰੇਸ਼ਨ ਸੀਐੱਮਜੀ ਦੇ ਕੰਟਰੋਲ ਹੇਠ ਸੀ। ਦੂਜਾ ਮੈਂ ਨਹੀਂ ਸੀ ਚਾਹੁੰਦਾ ਕਿ ਮੁਸਾਫ਼ਰ ਮਾਰੇ ਜਾਣ। ਮੈਂ ਕੋਈ ਕੇਪੀਐੱਸ ਗਿੱਲ ਤਾਂ ਹੈ ਨਹੀਂ ਸੀ ਜੋ ਏਡਾ ਖ਼ਤਰਾ ਮੁੱਲ ਲੈਂਦਾ ਤੇ ਕੇਂਦਰ ਨੂੰ ਨਾਂਹ ਕਰ ਦਿੰਦਾ। ਮੈਂ ਹੁਕਮਾਂ ’ਚ ਬੰਨ੍ਹਿਆ ਹੋਇਆ ਸੀ।
* ਇਸ ਅਗਵਾ ਕਾਂਡ ਬਾਰੇ ਹੁਣ ਕਿਉਂ ਵਿਵਾਦ ਉੱਠ ਰਿਹਾ ਹੈ। ਕੀ ਕਿੱਧਰੇ ਕੋਈ ਅਸੁਰੱਖਿਆ ਦੀ ਭਾਵਨਾ ਹੈ?
– ਹੁਣ ਵਿਵਾਦ ਕਿਉਂ ਹੋ ਰਿਹਾ ਹੈ, ਪਤਾ ਨਹੀਂ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਸਰਕਾਰ ਨੇ ਉਦੋਂ ਕੁਝ ਨਹੀਂ ਕੀਤਾ। ਉਹ ਜੋ ਕਰ ਸਕਦੇ ਸਨ, ਉਨ੍ਹਾਂ ਕੀਤਾ ਸੀ। ਭਾਰਤੀ ਵਾਰਤਾਕਾਰਾਂ ਨੂੰ ਕਮਜ਼ੋਰ ਦਿਖਾਏ ਜਾਣ ਬਾਰੇ ਜੋ ਗੱਲ ਚੱਲਦੀ ਹੈ, ਉਹ ਸਹੀ ਹੈ। ਸਥਿਤੀ ਅਜਿਹੀ ਹੀ ਸੀ। ਜਹਾਜ਼ ਸਾਡੇ ਮੁਲਕ ਤੋਂ ਬਾਹਰ ਸੀ। ਅਸੀਂ ਉੱਥੇ ਕੋਈ ਫ਼ੌਜੀ ਜਾਂ ਕਮਾਂਡੋ ਕਾਰਵਾਈ ਨਹੀਂ ਕਰ ਸਕਦੇ ਸੀ। ਜਹਾਜ਼ ’ਚ ਫਸੇ ਮੁਸਾਫ਼ਰਾਂ ਦੇ ਪਰਿਵਾਰਾਂ ਦਾ ਦਬਾਅ ਟੈਲੀਵਿਜ਼ਨ ’ਤੇ ਸਾਫ਼ ਦਿਖਾਇਆ ਜਾ ਰਿਹਾ ਸੀ। ਸਰਕਾਰ ਵੀ ਦਬਾਅ ਹੇਠ ਸੀ। ਉੱਧਰ ਫ਼ਾਰੂਕ ਅਬਦੁੱਲਾ ਅੜ ਗਿਆ ਸੀ ਕਿ ਅਤਿਵਾਦੀ ਨਾ ਛੱਡੇ ਜਾਣ। ਉਸ ਦਾ ਕਹਿਣਾ ਸੀ, ‘‘ਇਨ ਕੋ ਛੋੜੋਗੇ ਤੋ ਨਾ ਕੇਵਲ ਪਛਤਾਓਗੇ ਬਲਕਿ ਯੇਹ ਔਰ ਜਾਨੇਂ ਭੀ ਲੇਂਗੇ।’’ ਫਾਰੂਕ ਠੀਕ ਸੀ।
* ਤੁਸੀਂ ਇਸ ਕਾਰਵਾਈ ਬਾਰੇ ਜੋ ਰਿਪੋਰਟ ਦਿੱਤੀ ਕੀ ਉਸ ’ਤੇ ਕਿਸੇ ਨੇ ਕੋਈ ਇਤਰਾਜ਼ ਕੀਤਾ। ਕੀ ਇਹ ਕਾਰਵਾਈ ਸਹੀ ਸੀ। ਤੁਹਾਨੂੰ ਕੋਈ ਪਛਤਾਵਾ ਤਾਂ ਨਹੀਂ।
– ਸਾਡੇ ਕੋਲ ਸਮੇਂ ਦੀ ਘਾਟ ਸੀ। ਜੇ ਫਾਇਰਿੰਗ ਕਰਦੇ ਤਾਂ ਪਤਾ ਨਹੀਂ ਕਿੰਨੇ ਬੰਦੇ ਮਰ ਜਾਂਦੇ। ਪੰਜਾਬ ਪੁਲੀਸ ਨੂੰ ਇਸ ਦੀ ਪ੍ਰਵਾਹ ਨਹੀਂ ਸੀ ਪਰ ਦੂਜੇ ਪਾਸੇ ਮੁਸਾਫ਼ਰ ਸਨ। ਅਸੀਂ ਆਪਣੀ ਫਾਇਰਿੰਗ ਨਾਲ ਹੀ ਆਪਣੇ ਲੋਕਾਂ ਨੂੰ ਨਹੀਂ ਮਾਰ ਸਕਦੇ ਸੀ। ਮੈਨੂੰ ਇਸ ਦਾ ਕੋਈ ਪਛਤਾਵਾ ਨਹੀਂ। ਮੈਂ ਆਪਣੇ ਹੀ ਲੋਕਾਂ ਨੂੰ ਨਹੀਂ ਮਾਰ ਸਕਦਾ ਸੀ। ਬਾਅਦ ’ਚ ਵੀ ਕਿਸੇ ਨੇ ਇਸ ’ਤੇ ਕੋਈ ਇਤਰਾਜ਼ ਨਹੀਂ ਕੀਤਾ। ਨਾ ਹੀ ਸੂਬਾ ਸਰਕਾਰ ਨੇ ਅਤੇ ਨਾ ਹੀ ਕੇਂਦਰ ਨੇ।
ਮੈਂ ਉਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਫ਼ੋਨ ਕੀਤਾ। ਸਾਰੀ ਸਥਿਤੀ ਬਾਰੇ ਦੱਸਿਆ। ਉਨ੍ਹਾਂ ਵੀ ਇਹੋ ਕਿਹਾ ਕਿ ਅਜਿਹੀ ਕੋਈ ਕਾਰਵਾਈ ਨਾ ਕੀਤੀ ਜਾਵੇ ਜਿਸ ’ਚ ਬੇਕਸੂਰ ਮੁਸਾਫ਼ਰ ਮਾਰੇ ਜਾਣ। ਸੋ ਮੈਨੂੰ ਆਪਣੇ ਫ਼ੈਸਲੇ ’ਤੇ ਪਛਤਾਵਾ ਨਹੀਂ। ਇੱਕ ਤਾਂ ਸਾਡੇ ਕੋਲ ਸਮਾਂ ਬਹੁਤ ਘੱਟ ਸੀ ਤੇ ਦੂਜਾ ਮੁਸਾਫ਼ਰਾਂ ਦੀ ਜ਼ਿੰਦਗੀ ਦਾਅ ’ਤੇ ਲੱਗੀ ਹੋਈ ਸੀ। ਉਦੋਂ ਕੋਈ ਇਹ ਵੀ ਨਹੀਂ ਸੀ ਜਾਣਦਾ ਕਿ ਇਹ ਕਿਹੜੀ ਅਤਿਵਾਦੀ ਜਥੇਬੰਦੀ ਨਾਲ ਸਬੰਧਿਤ ਹਨ ਤੇ ਕਿਸ ਤਰ੍ਹਾਂ ਦਾ ਨੁਕਸਾਨ ਕਰ ਸਕਦੇ ਹਨ। ਹਾਲਾਂਕਿ ਸੀਰੀਜ਼ ਬਣਾਉਣ ਵਾਲਿਆਂ ਨੇ ਮੇਰੇ ਜਾਂ ਜਸਮਿੰਦਰ ਜੋ ਕਿ ਇਸ ਬਾਰੇ ਵੱਧ ਜਾਣਦਾ ਹੈ, ਨਾਲ ਸੰਪਰਕ ਨਹੀਂ ਕੀਤਾ ਪਰ ਅਸੀਂ ਸਰਕਾਰ ਨੂੰ ਕਮਜ਼ੋਰ ਨਹੀਂ ਕਹਿ ਸਕਦੇ ਕਿਉਂਕਿ ਉਹ ਆਪਣੇ ਲੋਕਾਂ ਨੂੰ ਬਚਾਅ ਕੇ ਲਿਆਈ ਭਾਵੇਂ ਇਸ ਦੀ ਵੱਡੀ ਕੀਮਤ ਤਾਰਨੀ ਪਈ ਪਰ ਕੀਮਤ ਬਾਅਦ ’ਚ ਆਉਂਦੀ ਹੈ ਪਹਿਲਾਂ ਲੋਕਾਂ ਦੀ ਜਾਨ ਬਚਾਉਣੀ ਜ਼ਰੂਰੀ ਸੀ। ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਅਗਵਾ ਮੁਸਾਫ਼ਰ ਵਾਪਸ ਲਿਆਂਦੇ, ਇਹੋ ਠੀਕ ਸੀ। ਕੰਧਾਰ ’ਚ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਸੀ।
* ਇਸ ਅਗਵਾ ਕਾਂਡ ਤੋਂ ਸਰਕਾਰ ਨੇ ਕੀ ਸਬਕ ਸਿੱਖਿਆ?
– ਹਾਲੇ ਤੱਕ ਕੋਈ ਸਬਕ ਨਹੀਂ ਸਿੱਖਿਆ ਗਿਆ। ਹਾਲੇ ਵੀ ਸਾਡੇ ਹਵਾਈ ਅੱਡੇ ਬਹੁਤੇ ਸੁਰੱਖਿਅਤ ਨਹੀਂ ਹਨ। ਹਵਾਈ ਅੱਡਿਆਂ ਦੀ ਸੁਰੱਖਿਆ ਲਈ ਸੀਆਈਐੱਸਐੱਫ ਤਾਇਨਾਤ ਹੈ ਪਰ ਕੋਈ ਅਗਵਾ ਕਾਂਡ ਵਰਗੀ ਵਿਸ਼ੇਸ਼ ਸਥਿਤੀ ਹੋਵੇ ਤਾਂ ਉਸ ਦੇ ਟਾਕਰੇ ਲਈ ਕੋਈ ਪ੍ਰਬੰਧ ਨਹੀਂ। ਇਸ ਲਈ ਸੂਬਾ ਸਰਕਾਰਾਂ ਦੇ ਸੁਰੱਖਿਆ ਦਸਤੇ ਵੀ ਟਰੇਂਡ ਕੀਤੇ ਜਾਣ ਤਾਂ ਬਿਹਤਰ ਹੱਲ ਹੋ ਸਕਦਾ ਹੈ। ਮੈਂ ਜੋ ਰਿਪੋਰਟ ਕੀਤੀ ਸੀ ਕਿਸੇ ਨੇ ਉਸ ’ਤੇ ਕੋਈ ਕਿੰਤੂ ਨਹੀਂ ਕੀਤਾ ਸੀ। ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਸਲਾਹਕਾਰ ਬ੍ਰਿਜੇਸ਼ ਮਿਸ਼ਰਾ ਤੋਂ ਇਲਾਵਾ ਸਾਡੇ ਮੁੱਖ ਮੰਤਰੀ ਸਮੇਤ ਸਾਰੇ ਖਾਮੋਸ਼ ਹੀ ਰਹੇ। ਨਾ ਕਿਸੇ ਨੇ ਇਸ ਦੀ ਆਲੋਚਨਾ ਕੀਤੀ ਤੇ ਨਾ ਹੀ ਸ਼ਲਾਘਾ ਕੀਤੀ। ਉਂਜ ਵੀ ਮੈਂ ਸ਼ਲਾਘਾ ਕੀਤੇ ਜਾਣ ਦੀ ਉਮੀਦ ਨਹੀਂ ਕਰ ਰਿਹਾ ਸੀ।
ਅਗਵਾ ਕਾਂਡ ਤੋਂ ਅਸੀਂ ਹਾਲੇ ਤੱਕ ਕੋਈ ਸਬਕ ਨਹੀਂ ਸਿੱਖਿਆ। ਹੁਣ ਵੀ ਸਾਡੇ ਹਵਾਈ ਅੱਡੇ ਬਹੁਤੇ ਸੁਰੱਖਿਅਤ ਨਹੀਂ ਹਨ। ਹਵਾਈ ਅੱਡਿਆਂ ਦੀ ਸੁਰੱਖਿਆ ਲਈ ਸੀਆਈਐੱਸਐੱਫ ਤਾਇਨਾਤ ਹੈ ਪਰ ਕੋਈ ਅਗਵਾ ਕਾਂਡ ਵਰਗੀ ਵਿਸ਼ੇਸ਼ ਸਥਿਤੀ ਹੋਵੇ ਤਾਂ ਉਸ ਦੇ ਟਾਕਰੇ ਲਈ ਕੋਈ ਪ੍ਰਬੰਧ ਨਹੀਂ।
- ਸਰਬਜੀਤ ਸਿੰਘ, ਆਈਪੀਐੱਸ
ਇੰਝ ਵਾਪਰੀਆਂ ਘਟਨਾਵਾਂ
24 ਦਸੰਬਰ 1999 : ਇੰਡੀਅਨ ਏਅਰਲਾਈਨਜ਼ ਦੀ ਉਡਾਣ ਆਈਸੀ-814 ਨੇ ਦੁਪਹਿਰ ਵੇਲੇ ਕਾਠਮੰਡੂ ਤੋਂ ਦਿੱਲੀ ਲਈ ਉਡਾਣ ਭਰੀ। ਕਰੀਬ ਦੋ ਘੰਟੇ ’ਚ ਇਸ ਨੇ ਦਿੱਲੀ ਪਹੁੰਚਣਾ ਸੀ ਪਰ ਰਾਹ ’ਚ ਹੀ ਇਹ ਅਗਵਾ ਹੋ ਗਈ।
- ਜਹਾਜ਼ ਦੇ ਕਾਠਮੰਡੂ ਤੋਂ ਉਡਾਣ ਭਰਨ ਤੋਂ ਕੁਝ ਸਮੇਂ ਬਾਅਦ ਹੀ ਮੁਸਾਫ਼ਰਾਂ ਨੂੰ ਦੁਪਹਿਰ ਦਾ ਭੋਜਨ ਦਿੱਤਾ ਗਿਆ। ਹਾਲੇ ਉਹ ਖਾਣਾ ਖਾ ਹੀ ਰਹੇ ਸਨ ਕਿ ਚਾਰ ਨਕਾਬਪੋਸ਼ ਉੱਠ ਖੜ੍ਹੇ ਹੋਏ ਤੇ ਉਹ ਮੁਸਾਫ਼ਰਾਂ ਤੋਂ ਖਾਣਾ ਖੋਹ ਕੇ ਸੁੱਟਣ ਲੱਗ ਗਏ। ਨਾਲ ਹੀ ਉਨ੍ਹਾਂ ਨੇ ਜਹਾਜ਼ ਨੂੰ ਅਗਵਾ ਕਰ ਲਏ ਜਾਣ ਦਾ ਐਲਾਨ ਕਰ ਦਿੱਤਾ।
- ਛੇਤੀ ਹੀ ਉਹ ਪਾਇਲਟ ਦੇ ਕੈਬਿਨ ’ਚ ਦਾਖ਼ਲ ਹੋ ਗਏ ਤੇ ਕੈਪਟਨ ਦੇਵੀ ਸ਼ਰਨ ਨੂੰ ਪੱਛਮ ਦਿਸ਼ਾ ਵੱਲ ਉੱਡਦੇ ਰਹਿਣ ਦਾ ਹੁਕਮ ਦਿੱਤਾ। ਉਹ ਜਹਾਜ਼ ਨੂੰ ਪਾਕਿਸਤਾਨ ਲਿਜਾਣਾ ਚਾਹੁੰਦੇ ਸਨ।
- ਜਦੋਂ ਜਹਾਜ਼ ਦਿੱਲੀ ਤੋਂ ਅੱਗੇ ਨਿਕਲਿਆ ਤਾਂ ਲਾਹੌਰ ਦੇ ਏਅਰ ਟਰੈਫਿਕ ਕੰਟਰੋਲਰ ਵੱਲੋਂ ਇਸ ਨੂੰ ਉਤਰਨ ਦੀ ਆਗਿਆ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ।
- ਇਸ ਦੌਰਾਨ ਭਾਰਤੀ ਏਅਰ ਟਰੈਫਿਕ ਕੰਟਰੋਲਰ ਨੂੰ ਜਹਾਜ਼ ਦੇ ਅਗਵਾ ਹੋਣ ਬਾਰੇ ਸੂਚਨਾ ਸ਼ਾਮ 4.40 ਵਜੇ ਮਿਲੀ।
- ਤਤਕਾਲੀ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਇਹ ਸੂਚਨਾ ਕਰੀਬ ਸ਼ਾਮ 5.20 ਵਜੇ ਦਿੱਤੀ ਗਈ।
- ਸ਼ਾਮ 6.05 ਵਜੇ ਭਾਰਤੀ ਏਅਰ ਟਰੈਫਿਕ ਕੰਟਰੋਲਰ ਵੱਲੋਂ ਫਲਾਈਟ ਆਈਸੀ-814 ਨਾਲ ਸੰਪਰਕ
ਕੀਤਾ ਗਿਆ ਤਾਂ ਕੈਪਟਨ ਦੇਵੀ ਸ਼ਰਨ ਨੇ ਸੂਚਨਾ ਦਿੱਤੀ ਕਿ ਉਨ੍ਹਾਂ ਕੋਲ ਪੈਟਰੋਲ ਖ਼ਤਮ ਹੋ ਰਿਹਾ ਹੈ ਤੇ ਲਾਹੌਰ ਏਟੀਸੀ ਨੇ ਉਨ੍ਹਾਂ ਨੂੰ ਲੈਂਡ ਕਰਨ ਦੀ ਆਗਿਆ ਨਹੀਂ ਦਿੱਤੀ। - ਸ਼ਾਮ 6.30 ਵਜੇ ਭਾਰਤੀ ਹਾਈ ਕਮਿਸ਼ਨ ਨੇ ਪਾਕਿਸਤਾਨ ਨੂੰ ਜਹਾਜ਼ ਲਾਹੌਰ ’ਚ ਉਤਰਨ ਦੇਣ ਲਈ ਬੇਨਤੀ ਕੀਤੀ ਪਰ ਤਾਂ ਵੀ ਇਨਕਾਰ ਕਰ ਦਿੱਤਾ ਗਿਆ।
- ਇਸ ਦੌਰਾਨ ਕੈਪਟਨ ਦੇਵੀ ਸ਼ਰਨ ਨੇ ਅਗਵਾਕਾਰਾਂ ਨੂੰ ਦੱਸਿਆ ਕਿ ਜਹਾਜ਼ ’ਚ ਪੈਟਰੋਲ ਖ਼ਤਮ ਹੋਣ ਵਾਲਾ ਹੈ ਤੇ ਉਨ੍ਹਾਂ ਨੂੰ ਉਤਰਨਾ ਹੀ ਪਵੇਗਾ। ਉਨ੍ਹਾਂ ਨੇ ਅਗਵਾਕਾਰਾਂ ਨੂੰ ਅੰਮ੍ਰਿਤਸਰ ’ਚ ਲੈਂਡ ਕਰਨ ਦੇਣ ਲਈ ਮਨਾ ਲਿਆ।
- ਸ਼ਾਮ 7.02 ਵਜੇ ਦੇ ਕਰੀਬ ਜਹਾਜ਼ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਤਰਿਆ ਤੇ ਨਾਲ ਹੀ ਕੈਪਟਨ ਨੇ ਜਹਾਜ਼ ’ਚ ਪੈਟਰੋਲ ਭਰਨ ਲਈ ਬੇਨਤੀ ਕੀਤੀ।
- ਇਸ ਤੋਂ ਪਹਿਲਾਂ ਜਦੋਂ ਪੰਜਾਬ ਦੇ ਤਤਕਾਲੀ ਪੁਲੀਸ ਮੁਖੀ ਆਈਪੀਐੱਸ ਸਰਬਜੀਤ ਸਿੰਘ ਨੂੰ ਟੈਲੀਵਿਜ਼ਨ ’ਤੇ ਖ਼ਬਰਾਂ ਦੇਖਦਿਆਂ ਅਗਵਾ ਕਾਂਡ ਬਾਰੇ ਪਤਾ ਲੱਗਿਆ ਤੇ ਉਨ੍ਹਾਂ ਨੇ ਸਾਵਧਾਨੀ ਵਜੋਂ ਕਮਾਂਡੋਜ਼ ਦੀਆਂ ਦੋ ਕੰਪਨੀਆਂ ਹਵਾਈ ਅੱਡੇ ’ਤੇ ਤਾਇਨਾਤ ਕਰਨ ਦਾ ਹੁਕਮ ਦਿੱਤਾ। ਉਦੋਂ ਤੱਕ ਇਹ ਪਤਾ ਨਹੀਂ ਸੀ ਕਿ ਜਹਾਜ਼ ਇੱਥੇ ਲੈਂਡ ਕਰੇਗਾ।
- ਇਸ ਦੌਰਾਨ ਅਗਵਾਕਾਰਾਂ ਨੇ ਧਮਕੀਆਂ ਦਿੱਤੀਆਂ ਕਿ ਜੇ ਛੇਤੀ ਪੈਟਰੋਲ ਨਾ ਦਿੱਤਾ ਗਿਆ ਤਾਂ ਉਹ ਮੁਸਾਫ਼ਰਾਂ ਨੂੰ ਮਾਰ ਦੇਣਗੇ। ਉਨ੍ਹਾਂ ਨੇ ਇੱਕ ਮੁਸਾਫ਼ਰ ਨੂੰ ਚਾਕੂ ਮਾਰ ਕੇ ਜ਼ਖ਼ਮੀ ਵੀ ਕਰ ਦਿੱਤਾ। ਇਸ ਦੌਰਾਨ ਦਿੱਲੀ ’ਚ ਕਰਾਈਸਸ ਮੈਨੇਜਮੈਂਟ ਗਰੁੱਪ ਅਤੇ ਪੰਜਾਬ ਪੁਲੀਸ ਮੁਖੀ ਦਰਮਿਆਨ ਲਗਾਤਾਰ ਸੰਪਰਕ ਬਣਿਆ ਰਿਹਾ, ਪਰ ਸਪਸ਼ਟ ਕਾਰਵਾਈ ਦੇ ਨਿਰਦੇਸ਼ ਨਾ ਦਿੱਤੇ ਗਏ ਕਿਉਂਕਿ ਗੋਲੀਬਾਰੀ ਹੋਣ ’ਤੇ ਮੁਸਾਫ਼ਰਾਂ ਦੇ ਮਾਰੇ ਜਾਣ ਦਾ ਖ਼ਤਰਾ ਸੀ।
- ਸਮਾਂ ਗੁਜ਼ਰਦਾ ਗਿਆ ਅਤੇ ਜਦੋਂ ਪੈਟਰੋਲ ਵਾਲਾ ਟੈਂਕਰ ਜਹਾਜ਼ ਵੱਲ ਵਧਿਆ ਤਾਂ ਅਗਵਾਕਾਰਾਂ ਨੂੰ ਕੁਝ ਸ਼ੱਕ ਹੋ ਗਿਆ। ਇਹ ਟੈਂਕਰ ਜਹਾਜ਼ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਨਵੇਅ ’ਤੇ ਰੁਕ ਗਿਆ।
- ਇਸ ’ਤੇ ਅਗਵਾਕਾਰਾਂ ਨੇ ਕੈਪਟਨ ’ਤੇ ਦੁਬਾਰਾ ਉਡਾਣ ਭਰਨ ਲਈ ਦਬਾਅ ਪਾਇਆ ਜਦੋਂਕਿ ਜਹਾਜ਼ ’ਚ ਕੇਵਲ 7 ਤੋਂ 9 ਮਿੰਟ ਦੀ ਉਡਾਨ ਭਰਨ ਜੋਗਾ ਪੈਟਰੋਲ ਹੀ ਸੀ।
- ਅਗਵਾਕਾਰਾਂ ਦੇ ਦਬਾਅ ਅੱਗੇ ਝੁਕਦਿਆਂ ਕੈਪਟਨ ਨੇ ਜਹਾਜ਼ ਨੂੰ ਦੁਬਾਰਾ ਉਡਾਣ ਲਈ ਤਿਆਰ ਕੀਤਾ ਤੇ ਕਰੀਬ 47 ਮਿੰਟ ਰਨਵੇਅ ’ਤੇ ਰਹਿਣ ਮਗਰੋਂ ਇਸ ਨੇ 7.49 ’ਤੇ ਮੁੜ ਉਡਾਣ ਭਰ ਲਈ।
- ਜਹਾਜ਼ ਜਦੋਂ ਲਾਹੌਰ ਉੱਪਰ ਪਹੁੰਚਿਆ ਤਾਂ ਏਟੀਸੀ ਨੇ ਉਤਰਨ ਦੇਣ ਤੋਂ ਇਨਕਾਰ ਕਰਦਿਆਂ ਹਵਾਈ ਅੱਡੇ ਦੀਆਂ ਲਾਈਟਾਂ ਬੰਦ ਕਰ ਦਿੱਤੀਆਂ।
- ਕੈਪਟਨ ਦੇਵੀ ਸ਼ਰਨ ਨੇ ਏਟੀਸੀ ਨੂੰ ਦੱਸਿਆ ਕਿ ਪੈਟਰੋਲ ਖ਼ਤਮ ਹੋਣ ਕਾਰਨ ਉਹ ਹਾਈਵੇਅ ’ਤੇ ਜਹਾਜ਼ ਉਤਾਰ ਰਹੇ ਹਨ ਤਾਂ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਉਤਰਨ ਦੀ ਆਗਿਆ ਦੇ ਦਿੱਤੀ ਗਈ ਤੇ ਸ਼ਾਮ 8.07 ਵਜੇ ਜਹਾਜ਼ ਲਾਹੌਰ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ।
- ਇੱਥੇ ਜਹਾਜ਼ ’ਚ ਪੈਟਰੋਲ ਭਰ ਦਿੱਤਾ ਗਿਆ ਅਤੇ ਇੱਥੋਂ ਜਹਾਜ਼ ਅੱਗੇ ਓਮਾਨ ਵੱਲ ਵਧਿਆ, ਪਰ ਉੱਥੇ ਵੀ ਉਤਰਨ ਦੀ ਆਗਿਆ ਨਾ ਮਿਲੀ ਤੇ ਫਿਰ ਜਹਾਜ਼ ਰਾਤ ਕਰੀਬ ਤਿੰਨ ਵਜੇ ਦੁਬਈ ਦੇ ਹਵਾਈ ਅੱਡੇ ’ਤੇ ਉਤਾਰਿਆ ਗਿਆ।
- ਇੱਥੇ ਅਗਵਾਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹ ਅੰਤ ਬੱਚਿਆਂ ਤੇ ਔਰਤਾਂ ਸਮੇਤ 26 ਮੁਸਾਫ਼ਰਾਂ ਨੂੰ ਰਿਹਾਅ ਕਰਨ ਲਈ ਮੰਨ ਗਏ ਜਿਨ੍ਹਾਂ ਨੂੰ ਫੇਰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਿਆਂਦਾ ਗਿਆ।
- ਰਿਹਾਅ ਹੋਏ ਮੁਸਾਫ਼ਰਾਂ ਨੇ ਦੱਸਿਆ ਕਿ ਅਗਵਾਕਾਰਾਂ ਦੀ ਗਿਣਤੀ ਪੰਜ ਹੈ; ਉਨ੍ਹਾਂ ਦੇ ਨਾਂ ਚੀਫ਼, ਡਾਕਟਰ, ਸ਼ੰਕਰ, ਭੋਲਾ ਤੇ ਬਰਗਰ ਹਨ। ਬਾਅਦ ’ਚ ਪਤਾ ਲੱਗਿਆ ਕਿ ਇਹ ਫਰਜ਼ੀ ਨਾਂ ਸਨ।
- ਇੱਥੇ ਇੱਕ ਦਿਨ ਲੰਘ ਗਿਆ। ਮੁਸਾਫ਼ਰਾਂ ਦੀ ਹਾਲਤ ਖ਼ਰਾਬ ਹੋਣ ਲੱਗੀ। ਪਾਣੀ ਤੇ ਭੋਜਨ ਦੀ ਘਾਟ ਹੋ ਗਈ।
- ਅਗਲੇ ਦਿਨ 26 ਦਸੰਬਰ ਸਵੇਰੇ ਇਸ ਜਹਾਜ਼ ਨੇ ਦੁਬਾਰਾ ਉਡਾਣ ਭਰੀ ਤੇ ਫਿਰ ਕਰੀਬ 8 ਵਜੇ ਇਹ ਕੰਧਾਰ ਦੇ ਹਵਾਈ ਅੱਡੇ ’ਤੇ ਉਤਰਿਆ ਜਿੱਥੇ ਤਾਲਿਬਾਨ ਦਾ ਰਾਜ ਸੀ। ਅਗਲੇ ਛੇ ਦਿਨ ਫਿਰ ਜਹਾਜ਼ ਇੱਥੇ ਹੀ ਖੜ੍ਹਾ ਰਿਹਾ।
- ਭਾਰਤ ਵੱਲੋਂ ਆਪਣੇ ਵਾਰਤਾਕਾਰਾਂ ਦੀ ਟੀਮ ਭੇਜੀ ਗਈ। ਅਗਵਾਕਾਰਾਂ ਨੇ ਪਹਿਲਾਂ ਦੋ ਸੌ ਮਿਲੀਅਨ ਡਾਲਰ ਤੇ 36 ਅਤਿਵਾਦੀਆਂ ਦੀ ਰਿਹਾਈ ਦੀ ਮੰਗ ਕੀਤੀ ਜੋ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਸਨ।
- ਅਖ਼ੀਰ ਮੁਸਾਫ਼ਰਾਂ ਦੀ ਸਲਾਮਤੀ ਨੂੰ ਦੇਖਦਿਆਂ ਭਾਰਤ ਸਰਕਾਰ ਤਿੰਨ ਅਤਿਵਾਦੀਆਂ ਮੌਲਾਨਾ ਅਜ਼ਹਰ ਮਸੂਦ, ਉਮਰ ਸ਼ੇਖ ਤੇ ਮੁਸ਼ਤਾਕ ਜਰਗਰ ਨੂੰ ਰਿਹਾਅ ਕਰਨ ਲਈ ਮੰਨ ਗਈ ਜਿਨ੍ਹਾਂ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਕੰਧਾਰ ਲਿਜਾਇਆ ਗਿਆ ਅਤੇ ਮੁਸਾਫ਼ਰਾਂ ਦੀ ਰਿਹਾਈ ਸੰਭਵ ਹੋਈ।