ਕਾਂਗਰਸ ਦਾ ਮੈਨੀਫੈਸਟੋ ਖੂਬਸੂਰਤ ਦਸਤਾਵੇਜ਼: ਗਹਿਲੋਤ
ਅਹਿਮਦਾਬਾਦ, 7 ਅਪਰੈਲ
ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਅੱਜ ਕਿਹਾ ਕਿ ਕਾਂਗਰਸ ਦਾ ਲੋਕ ਸਭਾ ਚੋਣਾਂ ਲਈ ਮੈਨੀਫੈਸਟੋ ਇੱਕ ਖੂਬਸੂਰਤ ਦਸਤਾਵੇਜ਼ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਭਰਮਾਉਣ ਦੇ ਮਕਸਦ ਨਾਲ ਇਸ ਦੀ ਆਲੋਚਨਾ ਲਈ ਇਕ ‘ਜੁਮਲਾ’ ਉਛਾਲ ਰਹੇ ਹਨ। ਪ੍ਰਧਾਨ ਮੰਤਰੀ ਨੇ ਅੱਜ ਬਿਹਾਰ ਦੇ ਨਵਾਦਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਮੈਨੀਫੈਸਟੋ ’ਤੇ ਮੁਸਲਿਮ ਲੀਗ ਦੀ ਛਾਪ ਦਿਖਾਈ ਦੇਣ ਦਾ ਦਾਅਵਾ ਕੀਤਾ ਸੀ।
ਕਾਂਗਰਸ ਦੇ ਸੀਨੀਅਰ ਆਗੂ ਗਹਿਲੋਤ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਇਹ ਇੰਨਾ ਖੂਬਸੂਰਤ ਮੈਨੀਫੈਸਟੋ ਹੈ ਕਿ ਪ੍ਰਧਾਨ ਮੰਤਰੀ ਇਸ ਦੀ ਆਲੋਚਨਾ ਲਈ ਇੱਕ ਸ਼ਬਦ ਵੀ ਨਹੀਂ ਲੱਭ ਸਕੇ। ਇਸ ਲਈ ਉਨ੍ਹਾਂ ਇੱਕ ਰਾਹ ਲੱਭਿਆ ਅਤੇ ਲੋਕਾਂ ਨੂੰ ਭਰਮਾਉਣ ਲਈ ਮੁਸਲਿਮ ਲੀਗ ਦਾ ‘ਜੁਮਲਾ’ ਉਛਾਲਣ ਦੀ ਸੋਚੀ।’ ਉਨ੍ਹਾਂ ਕਿਹਾ, ‘ਅਸੀਂ ਖੁਦ ਵੀ ਹੈਰਾਨ ਹਾਂ ਕਿ ਮੁਸਲਿਮ ਲੀਗ ਵਿੱਚ ਕਿੱਥੋਂ ਆ ਗਈ?’ ਉਨ੍ਹਾਂ ਕਿਹਾ ਕਿ ਕਾਂਗਰਸ ਦਾ ਮੈਨੀਫੈਸਟੋ ‘ਇਤਿਹਾਸਕ’ ਦਸਤਾਵੇਜ਼ ਹੈ ਅਤੇ ਰਾਹੁਲ ਗਾਂਧੀ ਆਪਣੀ ਭਾਰਤ ਜੋੜੋ ਯਾਤਰਾ ਤੇ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਜਿਨ੍ਹਾਂ ਲੱਖਾਂ ਲੋਕਾਂ ਨੂੰ ਮਿਲੇ, ਉਨ੍ਹਾਂ ਦੇ ਸੁਝਾਵਾਂ ਦੇ ਆਧਾਰ ’ਤੇ ਇਹ ਤਿਆਰ ਕੀਤਾ ਗਿਆ ਹੈ। ਕਾਂਗਰਸ ਨੇ ਲੰਘੇ ਸ਼ੁੱਕਰਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣਾ ਮੈਨੀਫੈਸਟੋ ਜਾਰੀ ਕੀਤਾ ਸੀ। ਗਹਿਲੋਤ ਪਾਰਟੀ ਦੇ ਲੋਕ ਸਭਾ ਉਮੀਦਵਾਰਾਂ ਲਈ ਪ੍ਰਚਾਰ ਮੁਹਿੰਮ ਤਹਿਤ ਗੁਜਰਾਤ ’ਚ ਰਹਿੰਦੇ ਰਾਜਸਥਾਨ ਦੇ ਲੋਕਾਂ ਨੂੰ ਮਿਲਣ ਲਈ ਇੱਥੇ ਆਏ ਹੋਏ ਸਨ। ਗੁਜਰਾਤ ਦੀਆਂ ਸਾਰੀਆਂ 26 ਲੋਕ ਸਭਾ ਸੀਟਾਂ ’ਤੇ 7 ਮਈ ਨੂੰ ਤੀਜੇ ਗੇੜ ’ਚ ਵੋਟਾਂ ਪੈਣਗੀਆਂ। ਭਾਜਪਾ ਨੇ 2014 ਤੇ 2019 ’ਚ ਸੂਬੇ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਸਨ। -ਪੀਟੀਆਈ