ਮੁੱਖ ਮੰਤਰੀ ਅਤੇ ਰਾਜਪਾਲ ਵਿਚਾਲੇ ਟਕਰਾਅ ਪੰਜਾਬ ਲਈ ਘਾਤਕ ਐਲਾਨਿਆ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਅਗਸਤ
ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਪੰਜਾਬ ਸਰਕਾਰ ਅਤੇ ਰਾਜਪਾਲ ਦਰਮਿਆਨ ਚੱਲ ਰਹੀ ਕਸ਼ਮਕਸ਼ ਦਰਮਿਆਨ ਇਸ ਮੁੱਦੇ ’ਤੇ ਮੁੱਖ ਮੰਤਰੀ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਇਆ ਹੈ। ਦਲ ਦੇ ਬੁਲਾਰੇ ਅਤੇ ਜ਼ਿਲ੍ਹਾ ਬਠਿੰਡਾ (ਸ਼ਹਿਰੀ) ਦੇ ਪ੍ਰਧਾਨ ਭੋਲਾ ਸਿੰਘ ਗਿੱਲ ਪੱਤੀ ਨੇ ਕਿਹਾ ਕਿ ਪੰਜਾਬ ਨੇ ਬਹੁਤ ਲੰਮਾ ਸਮਾਂ ਰਾਸ਼ਟਰਪਤੀ ਰਾਜ ਦਾ ਦੁੱਖ ਝੱਲਿਆ ਹੈ। ਉਨ੍ਹਾਂ ਕਿਹਾ ਕਿ ਅਨਾੜੀ ਅਤੇ ਅੜੀਅਲ ਰਵੱਈਆ ਨਾ ਹੀ ਸਮਾਜ ਲਈ ਚੰਗਾ ਹੈ ਤੇ ਨਾ ਹੀ ਪਰਿਵਾਰ ਲਈ ਚੰਗਾ ਹੈ। ਉਨ੍ਹਾਂ ਕਿਹਾ ਕਿ ਜੋ ਮਸਲਾ ਰਾਜਪਾਲ ਵੱਲੋਂ ਉਭਾਰਿਆ ਗਿਆ ਹੈ, ਉਸ ਬਾਰੇ ਜੁਆਬ ਜਨਤਾ ਵੀ ਮੰਗਦੀ ਹੈ, ਸੋ ਉਹ ਦੇਣਾ ਹੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਕਾਸ ਪੱਖੋਂ, ਆਰਥਿਕ, ਰਾਜਨੀਤਕ ਤੇ ਸਮਾਜਿਕ ਪੱਖੋਂ ਦੂਜੇ ਸੂਬਿਆਂ ਪਛੜ ਗਿਆ ਹੈ। ਉਨ੍ਹਾਂ ਕਿਹਾ ਕਿ ਚਾਹੀਦਾ ਤਾਂ ਇਹ ਹੈ ਕਿ ਜੇ ਕੇਂਦਰ ਪੰਜਾਬ ਨਾਲ ਧੱਕਾ ਕਰ ਰਿਹਾ ਹੈ ਤਾਂ ਸਾਨੂੰ ਪੰਜਾਬ ਦੇ ਲੋਕਾਂ ਨੂੰ ਇਸ ਸਬੰਧੀ ਜਾਗਰੂਕ ਕਰਕੇ ਖੜ੍ਹੇ ਕਰਨਾ ਚਾਹੀਦਾ ਹੈ ਪਰ ਹੋ ਉਲਟ ਰਿਹਾ ਹੈ।
ਮਾਨਸਾ (ਪੱਤਰ ਪ੍ਰੇਰਕ): ਸੀਪੀਆਈ (ਐੱਮਐੱਲ)ਲਬਿਰੇਸ਼ਨ ਦੇ ਸੂਬਾਈ ਬੁਲਾਰੇ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮਾਨ ਸਰਕਾਰ ਦੀ ਕਾਰਗੁਜ਼ਾਰੀ ਨਾਲ ਵੱਡੀ ਅਸਹਿਮਤੀ ਰੱਖਣ ਦੇ ਬਾਵਜੂਦ ਵੀ ਪਾਰਟੀ ਸਮਝਦੀ ਹੈ ਕਿ ਸੂਬੇ ਦੇ ਰਾਜਪਾਲ ਵੱਲੋਂ ਭਾਰੀ ਬਹੁਗਿਣਤੀ ਨਾਲ ਸੱਤਾ ਵਿਚ ਆਈ ਸੂਬਾ ਸਰਕਾਰ ਨੂੰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਉਣ ਦੀਆਂ ਧਮਕੀਆਂ ਦੇਣਾ ਘੋਰ ਜਮਹੂਰੀਅਤ ਵਿਰੋਧੀ ਅਤੇ ਗ਼ੈਰ-ਸੰਵਿਧਾਨਕ ਕਾਰਵਾਈ ਹੈ।