ਥੀਏਟਰ ਫੈਸਟੀਵਲ: ਨਾਟਕ ‘ਏਕ ਔਰ ਦਰੋਣਾਚਾਰਿਆ’ ਖੇਡਿਆ
ਪੱਤਰ ਪ੍ਰੇਰਕ
ਬਠਿੰਡਾ, 25 ਨਵੰਬਰ
ਬਲਵੰਤ ਗਾਰਗੀ ਆਡੀਟੋਰੀਅਮ ਬਠਿੰਡਾ ’ਚ ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਤੇ ਸੱਭਿਆਚਾਰ ਮੰਤਰਾਲਾ ਭਾਰਤ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ 13ਵੇਂ ਨਾਟਿਅਮ ਨੈਸ਼ਨਲ ਥੀਏਟਰ ਫੈਸਟੀਵਲ ਦੇ 11ਵੇਂ ਦਿਨ ਡਾ. ਸ਼ੰਕਰ ਸ਼ੇਸ਼ ਦਾ ਲਿਖਿਆ ਨਾਟਕ ‘ਏਕ ਔਰ ਦਰੋਣਾਚਾਰਿਆ’ ਖੇਡਿਆ ਗਿਆ।
ਸੰਵਾਦ ਥੀਏਟਰ ਗਰੁੱਪ ਚੰਡੀਗੜ੍ਹ ਵੱਲੋਂ ਖੇਡੇ ਇਸ ਨਾਟਕ ਦਾ ਨਿਰਦੇਸ਼ਨ ਮੁਕੇਸ਼ ਸ਼ਰਮਾ ਨੇ ਕੀਤਾ। ਨਾਟਕ ਵਿੱਚ ਮਿਥਿਹਾਸ ਦੇ ਗੁਰੂ ਦਰੋਣਾਚਾਰਿਆ ਨੂੰ ਅਜੋਕੇ ਸਮੇਂ ਦੇ ਗੁਰੂ ਦੇ ਰੂਪਕ ਵਜੋਂ ਪੇਸ਼ ਕੀਤਾ ਗਿਆ। ਨਾਟਕ ਵਿੱਚ ਦਰਸਾਇਆ ਗਿਆ ਕਿ ਕਿਸ ਤਰ੍ਹਾਂ ਅੱਜ ਦਾ ਗੁਰੂ ਵੀ ਮਿਥਿਹਾਸ ਦੇ ਗੁਰੂ ਵਾਂਗ ਜਬਰ ਅਤੇ ਜ਼ੁਲਮ ਅੱਗੇ ਸਿਰਫ਼ ਮੂਕ ਦਰਸ਼ਕ ਬਣ ਕੇ ਰਹਿ ਗਿਆ ਹੈ। ਨਾਟਕ ਨੇ ਦਰਸ਼ਕਾਂ ਨੂੰ ਮੁੱਢ ਤੋਂ ਅਖੀਰ ਤੱਕ ਬੰਨ੍ਹੀ ਰੱਖਿਆ। ਗਿਆਰਵੇਂ ਦਿਨ ਮੁੱਖ ਮਹਿਮਾਨ ਗੁਰਮੀਤ ਸਿੰਘ ਧਾਲ਼ੀਵਾਲ, ਐੱਮ.ਡੀ. ਬਾਬਾ ਫ਼ਰੀਦ ਗਰੁੱਪ ਆਫ ਇੰਸਟੀਚਿਊਸ਼ਨਜ਼ ਬਠਿੰਡਾ ਨੇ ਕਿਹਾ ਕਿ ਉਹ ਨਾਟਿਅਮ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਨ।ਉੱਤਰ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵੱਲੋਂ ਪ੍ਰੋਗਰਾਮ ਅਫ਼ਸਰ ਰਵਿੰਦਰ ਸ਼ਰਮਾ ਅਤੇ ਭੁਪਿੰਦਰ ਸਿੰਘ ਸਤਿਕਾਰਿਤ ਮਹਿਮਾਨਾਂ ਵਜੋਂ ਸ਼ਾਮਲ ਹੋਏ। ਨਾਟਿਅਮ ਦੇ ਸਰਪ੍ਰਸਤ ਡਾ. ਕਸ਼ਿਸ਼ ਗੁਪਤਾ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਨਾਟਿਅਮ ਡਾਇਰੈਕਟਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਮਹਿਮਾਨਾਂ ਤੇ ਦਰਸ਼ਕਾਂ ਦਾ ਧੰਨਵਾਦ ਕੀਤਾ।