ਵਿਕਾਸ ਅਤੇ ਲੋਕਰਾਜ ਦਾ ਦਵੰਦ
ਨੀਰਾ ਚੰਡੋਕ
ਅਗਲੇ ਮਹੀਨੇ ਜੀ20 ਦੇ ਮੈਂਬਰ ਮੁਲਕਾਂ ਦੀ ਨਵੀਂ ਦਿੱਲੀ ’ਚ ਮੀਟਿੰਗ ਹੋਵੇਗੀ। ਬਿਨਾ ਸ਼ੱਕ, ਇਸ ਮੌਕੇ ਗਲੋਬਲ ਸਾਊਥ (ਵਿਕਾਸਸ਼ੀਲ ਦੇਸ਼) ਦੇ ਆਗੂ ਆਪੋ-ਆਪਣੇ ਮੁਲਕਾਂ ਵਿਚ ਵਿਕਾਸ ਦੇ ਰੋਣੇ ਰੋਣਗੇ ਅਤੇ ਰਿਆਇਤਾਂ ਦੇ ਵਾਸਤੇ ਪਾਉਣਗੇ। ਵਿਕਾਸ ਟੇਢਾ ਸ਼ਬਦ ਹੈ ਤੇ ਇਹ ਆਪਣੇ ਨਾਲ ਤਰਾਸਦੀ ਵੀ ਲੈ ਕੇ ਆਉਂਦਾ ਹੈ।
ਅਪਰੈਲ ਮਹੀਨੇ ਰਾਜਸਥਾਨ ਦੇ ਅਲਵਰ ਜਿ਼ਲੇ ਵਿਚ ‘ਵੰਦੇ ਭਾਰਤ’ ਰੇਲਗੱਡੀ ਨੇ ਗਾਂ ਨੂੰ ਟੱਕਰ ਮਾਰ ਦਿੱਤੀ ਸੀ ਜੋ 30 ਮੀਟਰ ਪਰ੍ਹੇ ਜਾ ਕੇ ਡਿੱਗੀ ਅਤੇ ਜੰਗਲ-ਪਾਣੀ ਬੈਠੇ ਬੰਦੇ ਵਿਚ ਵੱਜੀ। ਸਾਡੇ ਮੁਲਕ ਵਿਚ ਕਈ ਥਾਈਂ ਗਰੀਬ ਲੋਕ ਰੇਲ ਪਟੜੀਆਂ ਦੇ ਆਸੇ ਪਾਸੇ ਹੀ ਜੰਗਲ-ਪਾਣੀ ਜਾਂਦੇ ਹਨ। ਇਸ ਘਟਨਾ ਵਿਚ ਗਾਂ ਦੇ ਨਾਲ ਨਾਲ ਉਹ ਬੰਦਾ ਵੀ ਮਾਰਿਆ ਗਿਆ। ਪਿਛਲੇ ਸਾਲ ਅਕਤੂਬਰ ਮਹੀਨੇ ਮੁੰਬਈ-ਗਾਂਧੀਨਗਰ ਮਾਰਗ ’ਤੇ ਵੰਦੇ ਭਾਰਤ ਰੇਲਗੱਡੀ ਦੇ ਮੂਹਰਲੇ ਨੁਕੀਲੇ ਹਿੱਸੇ (ਨੋਜ਼ ਪੈਨਲ) ਨੇ ਚਾਰ ਮੱਝਾਂ ਨੂੰ ਟੱਕਰ ਮਾਰੀ। ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਿਚ ਮਾਰੀਆਂ ਗਈਆਂ ਮੱਝਾਂ ਤੁਰਤ-ਫੁਰਤ ਪਟੜੀ ਤੋਂ ਹਟਾ ਦਿੱਤੀਆਂ ਗਈਆਂ। ਜਦੋਂ ਵਿਕਾਸ ਸਰਕਾਰਾਂ ਲਈ ਸਿਰਮੌਰ ਮੰਤਰ ਬਣ ਗਿਆ ਹੋਵੇ ਤਾਂ ਇਸ ਕਾਜ ਲਈ ਇੱਦਾਂ ਦੀਆਂ ਇੱਕਾ ਦੁੱਕਾ ਮੌਤਾਂ ਕੀ ਮਾਇਨੇ ਰੱਖਦੀਆਂ ਹਨ?
ਇਹ ਆਮ ਧਾਰਨਾ ਬਣ ਗਈ ਹੈ ਕਿ ਵਿਕਾਸ ਨਾਲ ਸਮਾਜ ਦੀ ਬਿਹਤਰੀ ਹੁੰਦੀ ਹੈ ਜੋ ਇਤਿਹਾਸ ਦਾ ਬਹੁਤ ਵੱਡਾ ਮਜ਼ਾਕ ਹੈ। ਵਿਕਾਸ ਨਾਲ ਖੁਦ-ਬ-ਖੁਦ ਲੋਕਰਾਜ ਜਾਂ ਦੌਲਤ ਦੀ ਪੁਨਰ ਵੰਡ ਨਹੀਂ ਹੁੰਦੀ।
ਇਸ ਸਾਲ ਜਨਵਰੀ ਮਹੀਨੇ ਅਜਿਹੀ ਖ਼ਬਰ ਆਈ ਜਿਸ ਨੂੰ ਸੁਣ ਕੇ ਸਹੀ ਸੋਚ ਵਾਲਾ ਹਰ ਭਾਰਤੀ ਨਾਗਰਿਕ ਹਲੂਣਿਆ ਗਿਆ। ਨਾ-ਬਰਾਬਰੀ ਬਾਰੇ ਔਕਸਫੈਮ ਇੰਡੀਆ ਦੀ ਰਿਪੋਰਟ ਤੋਂ ਸਾਨੂੰ ਪਤਾ ਲੱਗਿਆ ਕਿ 5 ਫ਼ੀਸਦ ਭਾਰਤੀ ਦੇਸ਼ ਦੀ 60 ਫ਼ੀਸਦ ਤੋਂ ਵੱਧ ਧਨ ਦੌਲਤ ਦੇ ਮਾਲਕ ਬਣੇ ਬੈਠੇ ਹਨ। ਹੇਠਲੇ 50 ਫ਼ੀਸਦ ਲੋਕਾਂ ਕੋਲ ਸਿਰਫ਼ 3 ਫ਼ੀਸਦ ਦੌਲਤ ਹੈ। ਇਸ ਸਿਸਟਮ ਵਿਚ ਸਿਰਫ਼ ਅਮੀਰਾਂ ਦੀ ਜੈ-ਜੈਕਾਰ ਹੁੰਦੀ ਹੈ ਅਤੇ ਮਹਿਰੂਮ ਤਬਕੇ ਇਸ ਵਿਚ ਹਮੇਸ਼ਾ ਸੰਤਾਪ ਹੰਢਾਉਂਦੇ ਰਹਿੰਦੇ ਹਨ। ਕੀ ਇਸੇ ਨੂੰ ਵਿਕਾਸ ਕਿਹਾ ਜਾਂਦਾ ਹੈ?
1970ਵਿਆਂ ਤੋਂ ਲੈ ਕੇ ਵਿਦਵਾਨਾਂ ਨੇ ਵਿਕਾਸ ਦੀ ਇਸ ਧਾਰਨਾ ਦੀ ਨੁਕਤਾਚੀਨੀ ਕੀਤੀ ਹੈ ਜੋ ਹਰ ਜਗ੍ਹਾ ਪੂੰਜੀਵਾਦੀ ਸਮਾਜਾਂ ਵਲੋਂ ਅਪਣਾਏ ਜਾਂਦੇ ਸਨਅਤੀਕਰਨ, ਜਿਣਸੀਕਰਨ ਅਤੇ ਇਕੱਤਰੀਕਰਨ ਨੂੰ ਲਾਗੂ ਕਰਨਾ ਲੋਚਦੀ ਹੈ। ਇਹ ਗੱਲ ਭੁਲਾ ਦਿੱਤੀ ਗਈ ਹੈ ਕਿ ਸਨਅਤੀ ਤੌਰ ’ਤੇ ਵਿਕਸਤ ਅਰਥਚਾਰਿਆਂ ਨੇ ਬਸਤੀਵਾਦ ਦਾ ਖੂਬ ਲਾਹਾ ਲਿਆ ਸੀ ਕਿਉਂਕਿ ਉਨ੍ਹਾਂ ਗਲੋਬਲ ਸਾਊਥ ਦੇ ਕੁਦਰਤੀ ਸਾਧਨਾਂ ਅਤੇ ਕਿਰਤ ਦੀ ਲੁੱਟ-ਖਸੁੱਟ ਕੀਤੀ ਸੀ। ਨਿਰਭਰਤਾ ਦੇ ਸਿਧਾਂਤ ਦੇ ਰਚੇਤਾ ਆਂਦਰੇ ਗੁੰਡਰ ਫਰੈਂਕ ਨੇ ਲਿਖਿਆ ਸੀ ਕਿ ਵਿਕਾਸ ਅਤੇ ਅ-ਵਿਕਾਸ ਇਕੋ ਸਿੱਕੇ ਦੇ ਦੋ ਪਾਸੇ ਹਨ। ਪੱਛਮੀ ਦੇਸ਼ ਇਸ ਕਾਰਨ ਵਿਕਸਤ ਹੋ ਗਏ ਕਿਉਂਕਿ ਇਸ ਪ੍ਰਕਿਰਿਆ ਦੀ ਕੀਮਤ ਬਸਤੀਆਂ (ਗੁਲਾਮ ਦੇਸ਼ਾਂ) ਨੂੰ ਅਦਾ ਕਰਨੀ ਪਈ ਸੀ। ਸਾਨੂੰ ਵਿਕਸਤ ਜਗਤ ਦੇ ਬਰਾਬਰ ਪਹੁੰਚਣ ਲਈ ਜੇ ਸਦੀਆਂ ਨਹੀਂ ਤਾਂ ਦਹਾਕੇ ਜ਼ਰੂਰ ਲੱਗਣਗੇ।
1990ਵਿਆਂ ਵਿਚ ਆਰਟੋਰੋ ਐਸਕੋਬਾਰ, ਗੁਸਤਾਵੋ ਐਸਤੀਵਾ, ਇਵਾਨ ਇਲਿਚ, ਅਸ਼ੀਸ਼ ਨੰਦੀ ਅਤੇ ਵੰਦਨਾ ਸ਼ਿਵਾ ਜਿਹੇ ਨਾਮਵਰ ਵਿਦਵਾਨਾਂ ਵਲੋਂ ਵਿਕਾਸ ਦੀ ਪੁਰਜ਼ੋਰ ਆਲੋਚਨਾ ਦਾ ਪ੍ਰਸਾਰ ਸ਼ੁਰੂ ਹੋ ਗਿਆ ਸੀ। ਵੁਲਫਗੈਂਗ ਸੈਕਜ਼ ਵਲੋਂ ਸੰਪਾਦਤ ‘ਦਿ ਡਿਵੈਲਪਮੈਂਟ ਡਿਕਸ਼ਨਰੀ: ਏ ਗਾਈਡ ਟੂ ਨਾਲਿਜ ਐਜ਼ ਪਾਵਰ’ (2009) ਨੇ ਇਸ ਵਿਚ ਬਹੁਤ ਜਿ਼ਆਦਾ ਯੋਗਦਾਨ ਪਾਇਆ ਸੀ। ਹਰ ਵਿਦਵਾਨ ਦਾ ਆਪੋ-ਆਪਣਾ ਤਰੀਕਾ ਸੀ ਅਤੇ ਵੱਖੋ-ਵੱਖਰੀ ਪਹੁੰਚ ਸੀ ਪਰ ਉਨ੍ਹਾਂ ਸਾਰਿਆਂ ਦਾ ਇਹ ਮੰਨਣਾ ਸੀ ਕਿ ਵਿਕਾਸ ਪੱਛਮ ਦੇ ਗਿਆਨ ਦੇ ਸਿਧਾਂਤ ਉਪਰ ਗਲਬੇ ’ਤੇ ਆਧਾਰਿਤ ਹੈ। ਗਲੋਬਲ ਸਾਉੂਥ ਆਤਮ-ਨਿਰਭਰਤਾ ਹਾਸਲ ਕਰਨ ਤੋਂ ਕੋਹਾਂ ਦੂਰ ਹੈ ਅਤੇ ਇਹ ਵਿਕਸਤ ਪੂੰਜੀਵਾਦੀ ਜਗਤ ਦਾ ਕਲੋਨ ਬਣਨਾ ਚਾਹੁੰਦਾ ਹੈ।
ਉੱਤਰ ਵਿਕਾਸ ਸਿਧਾਂਤਕਾਰਾਂ ਦਾ ਵਿਕਾਸ ਬਾਰੇ ਵਿਚਾਰ ਬਹੁਤ ਨੁਕਸਦਾਰ ਸਨ। ਇਹ ਇਸ ਧਾਰਨਾ ’ਤੇ ਟਿਕਿਆ ਹੋਇਆ ਸੀ ਕਿ ਆਦਮੀ ਤਕਨਾਲੋਜੀ ਦੇ ਜ਼ਰੀਏ ਕੁਦਰਤ ਨੂੰ ਜਿੱਤ ਸਕਦਾ ਹੈ। ਹਿਟਲਰ ਦੇ ਜਰਮਨੀ ਤੇ ਸਟਾਲਿਨ ਦੇ ਸੋਵੀਅਤ ਸੰਘ ਵਿਚ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰਨ ਲਈ ਅਤੇ ਸੂਹੀਆ ਰਾਜ ਕਾਇਮ ਕਰਨ ਲਈ, ਵਾਤਾਵਰਨ ਦੀ ਬਰਬਾਦੀ ਕਰਨ ਅਤੇ ਜਲਵਾਯੂ ਤਬਦੀਲੀ ਦਾ ਮੁੱਢ ਬੰਨ੍ਹਣ ਲਈ ਤਕਨਾਲੋਜੀ ਦਾ ਹੀ ਇਸਤੇਮਾਲ ਕੀਤਾ ਗਿਆ ਸੀ। ਇਸ ਨਾਲ ਹਥਿਆਰਾਂ ਦੇ ਜ਼ਖੀਰੇ ਕਾਇਮ ਕਰਨ, ਖਾਨਾਜੰਗੀਆਂ ਕਰਵਾਉਣ ਅਤੇ ਤਬਾਹਕੁਨ ਪਰਮਾਣੂ ਸ਼ਕਤੀ ਹਾਸਲ ਕਰਨ ਦੀ ਹੋੜ ਸ਼ੁਰੂ ਹੋਈ। ਇਹ ਤਕਨਾਲੋਜੀ ਸਿਰਫ਼ ਤਾਨਾਸ਼ਾਹੀ ਲਈ ਸਹਾਈ ਹੋ ਸਕਦੀ ਹੈ; ਇਹ ਕਰੋੜਾਂ ਭੁੱਖਣ-ਭਾਣੇ ਲੋਕਾਂ ਨੂੰ ਖਾਣਾ ਨਹੀਂ ਦੇ ਸਕਦੀ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਹੀਂ ਦਿੰਦੀ ਜਾਂ ਲੋਕਾਂ ਨੂੰ ਬਿਹਤਰ ਜਿ਼ੰਦਗੀ ਮੁਹੱਈਆ ਨਹੀਂ ਕਰਵਾ ਸਕਦੀ।
ਅਜੇ ਤਾਈਂ ਇਹ ਨਿਤਾਰਾ ਨਹੀਂ ਹੋ ਸਕਿਆ ਕਿ ਕੀ ਉੱਤਰ-ਵਿਕਾਸਵਾਦੀਆਂ ਕੋਲ ਆਲਮੀ ਅਦਾਰਿਆਂ ਵਲੋਂ ਪ੍ਰਚਾਰੇ ਜਾਂਦੇ ਵਿਕਾਸ ਦੇ ਮਾਡਲ ਦਾ ਕੋਈ ਠੋਸ ਬਦਲ ਹੈ। ਆਮ ਤੌਰ ’ਤੇ ਇਹ ਵਿਕੇਂਦਰੀਕਰਨ, ਸਹਿਭਾਗਤਾ ਅਤੇ ਬਹੁਵਾਦ ਦੇ ਸਤਿਕਾਰ ’ਤੇ ਆਧਾਰਿਤ ਗਾਂਧੀਵਾਦੀ ਬਦਲ ਹੈ। ਬਹੁਤ ਸਾਰੇ ਵਿਦਵਾਨਾਂ ਦਾ ਵਿਸ਼ਵਾਸ ਹੈ ਕਿ ਸਮਾਜਿਕ ਲਹਿਰਾਂ ਵਲੋਂ ਪੇਸ਼ ਕੀਤੇ ਜਾਂਦੇ ਬਦਲ ਵਿਸ਼ੇਸ਼ ਖਿੱਤਿਆਂ ਅਤੇ ਉਨ੍ਹਾਂ ਦੀਆਂ ਵਿਸ਼ੇਸ਼ ਲੋੜਾਂ ਲਈ ਮਾਡਲ ਹੋ ਸਕਦੇ ਹਨ। ਇਹ ਬਦਲ ਵਿਕਾਸ ਵਲੋਂ ਲੋਕਰਾਜ ਦੇ ਕੀਤੇ ਗਏ ਨੁਕਸਾਨ ਦੀ ਭਰਪਾਈ ਕਰਨ ਦਾ ਦਮ ਭਰਦਾ ਹੈ। ਸਰਕਾਰ ਵਿਕਾਸ ਦੇ ਨਾਂ ’ਤੇ ਕਬਾਇਲੀ ਭਾਈਚਾਰਿਆਂ ਦੀ ਜ਼ਮੀਨ, ਦਰਿਆ ਅਤੇ ਜੰਗਲ ਲੈ ਸਕਦੀ ਹੈ ਜਿਨ੍ਹਾਂ ਸਰੋਤਾਂ ਦੇ ਆਸਰੇ ਉਹ ਜਿਊਂਦੇ ਹਨ। ਦਰਿਆਵਾਂ ਵਿਚ ਸਨਅਤੀ ਕਚਰਾ ਪਾ ਕੇ ਪਾਣੀ ਪਲੀਤ ਕਰ ਦਿੱਤਾ ਗਿਆ ਹੈ ਅਤੇ ਸੜਕਾਂ ਤੇ ਰਾਜਮਾਰਗ ਬਣਾ ਕੇ ਹਿਮਾਲਿਆਈ ਖਿੱਤੇ ਦਾ ਨਾਜ਼ੁਕ ਵਾਤਾਵਰਨਕ ਸੰਤੁਲਨ ਵਿਗਾੜ ਦਿੱਤਾ ਗਿਆ ਹੈ। ਇਸ ਖਿੱਤੇ ਵਿਚ ਹੜ੍ਹ ਅਤੇ ਭੂਚਾਲ ਆ ਰਹੇ ਹਨ, ਘਰ ਢਹਿ ਰਹੇ ਹਨ ਅਤੇ ਲੋਕ ਬੇਘਰ ਹੋ ਗਏ ਹਨ। ਦੂਨ ਵਾਦੀ ਅੰਦਰ ਹਜ਼ਾਰਾਂ ਦਰਖ਼ਤ ਕੱਟ ਕੇ ਦੇਵ ਅਸਥਾਨ ਦੇ ਦਰਸ਼ਨਾਂ ਲਈ ਤੇਜ਼ ਰਫ਼ਤਾਰ ਲਾਂਘਾ ਬਣਾ ਦਿੱਤਾ ਗਿਆ ਹੈ ਜਿਸ ਕਰ ਕੇ ਪਿੱਛੇ ਹੁਣ ਬੰਜਰ ਤੇ ਖੁਸ਼ਕ ਪਹਾੜ ਰਹਿ ਗਏ ਹਨ। ਸਰਕਾਰ ਸਾਡੀਆਂ ਸ਼ਹਿਰੀ ਆਜ਼ਾਦੀਆਂ ਵੀ ਖੋਹ ਸਕਦੀ ਹੈ ਕਿਉਂਕਿ ਇਹ ਵਿਕਾਸ ਦੇ ਰਾਹ ਦਾ ਰੋੜਾ ਬਣ ਰਹੀਆਂ ਹਨ। ਇਸ ਅਖੌਤੀ ਵਿਕਾਸ ਵਲੋਂ ਲੋਕਰਾਜ ਦੀ ਲਗਾਤਾਰ ਅਧੋਗਤੀ ਕੀਤੀ ਜਾ ਰਹੀ ਹੈ।
ਵਿਕਾਸ ਦਾ ਸੰਕਲਪ ਨਿਰਾਰਥਕ ਹੈ। ਇਹ ਮੰਨਦਾ ਹੈ ਕਿ ਸਮਾਜ ਇਕ ਨੁਕਤੇ ਤੋਂ ਸਿੱਧੀ ਰੇਖਾ ਵਿਚ ਇਕ ਖਾਸ ਨੁਕਤੇ ’ਤੇ ਪਹੁੰਚਦੇ ਹਨ। ਵਿਕਾਸ ਦੇ ਅਲੰਬਰਦਾਰ ਇਸ ਸਾਧਾਰਨ ਤੱਥ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਕਿਸੇ ਟੀਚੇ ’ਤੇ ਪਹੁੰਚਣ ਲਈ ਸਮਾਜਾਂ ਨੂੰ ਕਈ ਵਿੰਗ ਵਲੇਵਿਆਂ, ਉਤਰਾਅ ਚੜ੍ਹਾਵਾਂ, ਪਗਡੰਡੀਆਂ ਅਤੇ ਵਾਦੀਆਂ ’ਚੋਂ ਲੰਘਣਾ ਪੈਂਦਾ ਹੈ ਅਤੇ ਕਈ ਵਾਰ ਯੂ-ਟਰਨ ਵੀ ਲੈਣਾ ਪੈਂਦਾ ਹੈ। ਗ੍ਰੀਕ ਮਿਥਹਾਸ ਵਿਚ ਸਿਸਿਪਸ ਨੂੰ ਦੇਵਤਿਆਂ ਵਲੋਂ ਇਕ ਵੱਡਾ ਪੱਥਰ ਧੱਕ ਕੇ ਪਹਾੜ ’ਤੇ ਚੜ੍ਹਾਉਣ ਦੀ ਸਜ਼ਾ ਦਿੱਤੀ ਗਈ ਸੀ। ਦੇਵਤੇ ਗੁਰੂਤਾ ਦੇ ਨੇਮ ਬਾਰੇ ਜ਼ਰੂਰ ਜਾਣਦੇ ਹੋਣਗੇ ਜਿਸ ਕਰ ਕੇ ਪੱਥਰ ਲਗਾਤਾਰ ਮੈਦਾਨੀ ਧਰਤੀ ਵੱਲ ਰਿੜ੍ਹਦੇ ਰਹਿੰਦੇ ਹਨ। ਇਤਿਹਾਸ ਦਾ ਚਲਨ ਵੀ ਸਿੱਧਾ ਸਤੋਰ ਨਹੀਂ ਹੁੰਦਾ। ਮਾਰਕਸ ਨੇ ਭਵਿੱਖਬਾਣੀ ਕੀਤੀ ਸੀ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਪਹਿਲੀ ਵਾਰ ਤਰਾਸਦੀ ਦੇ ਰੂਪ ਵਿਚ ਅਤੇ ਦੂਜੀ ਵਾਰ ਮਜ਼ਾਕ ਦੇ ਰੂਪ ਵਿਚ। ਦੋਵੇਂ ਸੂਰਤਾਂ ਵਿਚ ਤਾਕਤ ਵਿਕਾਸ ਦੀ ਹੁੰਦੀ ਹੈ - ਕੁਦਰਤੀ ਸਾਧਨਾਂ ’ਤੇ ਤਾਕਤ, ਆਦਮਜਾਤ ’ਤੇ ਤਾਕਤ ਅਤੇ ਸਿਰਫ਼ ਤਾਕਤ ਲਈ ਤਾਕਤ। ਹੈਰਾਨੀ ਦੀ ਗੱਲ ਹੈ ਕਿ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਵਿਚ ਵੀ ਅੰਗਰੇਜ਼ੀ ਦਾ ਸ਼ਬਦ ‘ਡਿਵੈਲਪਮੈਂਟਲ’ ਭਾਵ ਵਿਕਾਸਸ਼ੀਲਤਾ ਸ਼ਾਮਲ ਕੀਤਾ ਗਿਆ ਹੈ। ਕੀ ਇਹ ਸ਼ਬਦ ‘ਡਿਵੈਲਪਮੈਂਟ’ ਦੀ ਜਗ੍ਹਾ ‘ਡੈਮੋਕਰੇਸੀ’ ਭਾਵ ਲੋਕਰਾਜ ਨਹੀਂ ਹੋ ਸਕਦਾ ਸੀ?
*ਲੇਖਕ ਸਿਆਸੀ ਟਿੱਪਣੀਕਾਰ ਹੈ।