ਮੁਹਾਲੀ ਤੇ ਖਰੜ ਦੇ ਪਿੰਡਾਂ ਦੀਆਂ ਸੜਕਾਂ ਦੀ ਹਾਲਤ ਖ਼ਸਤਾ
ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ (ਮੁਹਾਲੀ), 24 ਅਗਸਤ
ਮਾਰਕੀਟ ਕਮੇਟੀ ਖਰੜ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਅੱਜ ਮੁਹਾਲੀ ਦੇ ਈਡੀਸੀ (ਜਨਰਲ) ਵਿਰਾਜ਼ ਸਿਆਮਕਰਨ ਤਿੜਗੇ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਉਨ੍ਹਾਂ ਵਿਧਾਨ ਸਭਾ ਹਲਕਾ ਮੁਹਾਲੀ ਅਤੇ ਖਰੜ ਦੀਆਂ ਦਰਜਨਾਂ ਪੇਂਡੂ ਸੰਪਰਕ ਸੜਕਾਂ ਦੀ ਖਸਤਾ ਹਾਲਤ ਨੂੰ ਤੁਰੰਤ ਠੀਕ ਕਰਾਏ ਜਾਣ ਦੀ ਮੰਗ ਕੀਤੀ।
ਉਨ੍ਹਾਂ ਲਿਖਿਆ ਕਿ ਇਤਿਹਾਸਿਕ ਪਿੰਡ ਚੱਪੜਚਿੜੀ ਦੇ ਫਤਹਿ ਬੁਰਜ ਤੱਕ ਜਾਂਦੀ ਸੜਕ ਦੀ ਹਾਲਤ ਨਰਕ ਵਰਗੀ ਹੋ ਚੁਕੀ ਹੈ ਜਿਸ ਦੀ ਪ੍ਰਸ਼ਾਸਨ ਵੱਲੋਂ ਉਕਾ ਹੀ ਸਾਰ ਨਹੀਂ ਲਈ ਜਾ ਰਹੀ। ਇਸ ਤੋਂ ਇਲਾਵਾ ਪਿੰਡ ਸਵਾੜਾ, ਸੈਦਪੁਰ, ਗਿੱਦੜਪੁਰ ਤੋਂ ਚਡਿਆਲਾ ਸੂਦਾਂ ਨੂੰ ਜਾਂਦੀ ਸੜਕ, ਪਿੰਡ ਜਗਤਪੁਰਾ ਤੋਂ ਕੰਡਾਲਾ, ਨੰਡਿਆਲੀ, ਸਫੀਪੁਰ ਤੋਂ ਬਾਕਰਪੁਰ ਨੂੰ ਜਾਂਦੀ ਸੜਕ, ਮੁਹਾਲੀ ਸ਼ਹਿਰ ਤੋਂ ਚੱਪੜਚਿੜੀ ਖੁਰਦ ਤੇ ਚੱਪੜਚਿੜੀ ਕਲਾਂ ਨੂੰ ਜਾਂਦੀ ਸੜਕ, ਪਿੰਡ ਕੁਰੜਾ, ਕੁਰੜੀ ਤੇ ਬੜੀ ਨੂੰ ਐਰੋਸਿਟੀ ਨਾਲ ਜੋੜਦੀ ਸੜਕ, ਪਿੰਡ ਮਨੌਲੀ ਤੋਂ ਸੈਕਟਰ-82 ਮੁਹਾਲੀ ਨੂੰ ਆਉਂਦੀ ਸੜਕ ਆਦਿ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸੜਕਾਂ ਦੀ ਖਸਤਾ ਹਾਲਤ ਕਾਰਨ ਮੁਹਾਲੀ, ਚੰਡੀਗੜ੍ਹ, ਖਰੜ ਆਦਿ ਨੂੰ ਜਾਂਦੇ ਵੱਡੀ ਗਿਣਤੀ ਰਾਹਗੀਰ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਬਰਸਾਤ ਕਾਰਨ ਸੜਕੀ ਟੋਇਆਂ ਵਿਚ ਪਾਣੀ ਭਰਨ ਕਾਰਨ ਰੋਜ਼ਾਨਾ ਕੋਈ ਨਾ ਕੋਈ ਹਾਦਸਾ ਵੀ ਵਾਪਰ ਰਿਹਾ ਹੈ। ਉਨ੍ਹਾਂ ਕਿਹਾ ਕਿ ਖਰਾਬ ਸੜਕਾਂ ਕਾਰਨ ਕਈ ਪਿੰਡਾਂ ਨੂੰ ਚੱਲਦੀਆਂ ਬੱਸਾਂ ਵੀ ਬੰਦ ਪਈਆਂ ਹਨ। ਕਿਸਾਨਾਂ ਨੂੰ ਆਪਣੀਆਂ ਜਿਣਸਾਂ ਮੰਡੀਆਂ ਵਿਚ ਲਿਜਾਉਣ ਲਈ ਦਿੱਕਤ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਬਿਨਾਂ ਕਿਸੇ ਦੇਰੀ ਤੋਂ ਸਾਰੀਆਂ ਸੜਕਾਂ ਦੀ ਹਾਲਤ ਸੰਵਾਰੀ ਜਾਵੇ।