Chandigarh Breaking: ਚੰਡੀਗੜ੍ਹ ਨਗਰ ਨਿਗਮ House ਦੀ ਮੀਟਿੰਗ ਵਿੱਚ ਭਾਰੀ ਹੰਗਾਮਾ
ਮੁਕੇਸ਼ ਕੁਮਾਰ
ਚੰਡੀਗੜ੍ਹ, 24 ਦਸੰਬਰ
Chandigarh News: ਚੰਡੀਗੜ੍ਹ ਨਗਰ ਨਿਗਮ (Municipal Corporation of Chandigarh) ਦੇ ਹਾਊਸ ਦੀ ਮੰਗਲਵਾਰ ਨੂੰ ਮੀਟਿੰਗ ਸ਼ੁਰੂ ਹੁੰਦਿਆਂ ਹੀ ਜ਼ੋਰਦਾਰ ਹੰਗਾਮਾ ਹੋ ਗਿਆ। ਮੀਟਿੰਗ ਸ਼ੁਰੂ ਹੁੰਦਿਆਂ ਹੀ 'ਇੰਡੀਆ' ਗੱਠਜੋੜ (INDIA block) ਦੇ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਨਾਲ ਸਬੰਧਤ ਕੌਂਸਲਰਾਂ ਨੇ ਸੰਸਦ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ (Dr BR Ambedkar) 'ਤੇ ਕੀਤੀ ਗਈ ਟਿੱਪਣੀ ਅਤੇ ਚੰਡੀਗੜ੍ਹ 'ਚ ਬਿਜਲੀ ਦੇ ਨਿੱਜੀਕਰਨ ਸਬੰਧੀ ਪਾਸ ਕੀਤੇ ਮਤੇ ਵਿਰੁੱਧ ਮੋਦੀ ਸਰਕਾਰ ਅਤੇ ਭਾਜਪਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸੇ ਦੌਰਾਨ ਕਾਂਗਰਸ ਦੇ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਇਸ ਸਾਲ ਮੇਅਰ ਚੋਣਾਂ ਵਿੱਚ ਚੋਣ ਅਧਿਕਾਰੀ ਬਣਾਏ ਗਏ ਨਾਮਜ਼ਦ ਕੌਂਸਲਰ ਅਨਿਲ ਮਸੀਹ ’ਤੇ ਲੱਗੇ ਦੋਸ਼ਾਂ ਸਬੰਧੀ ਸਦਨ ਵਿੱਚ ਇੱਕ ਸੋਸ਼ਲ ਮੀਡੀਆ ਪੋਸਟ ਦਿਖਾਈ। ਇਸ ਦੌਰਾਨ ਨਾਮਜ਼ਦ ਕੌਂਸਲਰ ਸਤਿੰਦਰ ਸਿੰਘ ਸਿੱਧੂ ਨੇ ‘ਆਪ’ ਮੁਖੀ ਅਰਵਿੰਦ ਕੇਜਰੀਵਾਲ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ‘ਕੇਜਰੀਵਾਲ ਦੀ ਪੂਰੀ ਟੀਮ ਵੀ ਚੋਰ ਹੈ’, ਤਕਰੀਬਨ ਸਾਰੇ ਆਗੂ ਜ਼ਮਾਨਤ ’ਤੇ ਹਨ। ਇਸ ਲਈ ਉਹ ਦੂਜਿਆਂ ’ਤੇ ਦੋਸ਼ ਕਿਵੇਂ ਲਗਾ ਸਕਦੇ ਹਨ।
ਦੂਜੇ ਪਾਸੇ ਭਾਜਪਾ ਕੌਂਸਲਰ ਕੁਲਦੀਪ ਸਿੰਘ ਸੰਧੂ ਅਤੇ ਗੁਰਪ੍ਰੀਤ ਸਿੰਘ ਗਾਬੀ ਵਿਚਕਾਰ ਤਿੱਖੀ ਬਹਿਸ ਹੋਈ ਅਤੇ ਕੁਲਜੀਤ ਸਿੰਘ ਸੰਧੂ ਨੇ ਗਾਬੀ ਦੇ ਹੱਥ ਵਿੱਚ ਫੜਿਆ ਪੋਸਟਰ ਪਾੜ ਦਿੱਤਾ, ਜਿਸ ਤੋਂ ਬਾਅਦ ਹੰਗਾਮਾ ਹੋ ਗਿਆ ਅਤੇ ਕਾਫੀ ਦੇਰ ਤੱਕ ਭਾਰੀ ਸ਼ੋਰ-ਸ਼ਰਾਬਾ ਹੁੰਦਾ ਰਿਹਾ।
ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਮੇਅਰ ਕੁਲਦੀਪ ਕੁਮਾਰ (Chandigarh Mayor Kuldeep Kumar) ਨੇ ਸਦਨ ਦੀ ਮੀਟਿੰਗ 10 ਮਿੰਟ ਲਈ ਮੁਲਤਵੀ ਕਰ ਦਿੱਤੀ।
ਖ਼ਬਰ ਲਿਖੇ ਜਾਣ ਤੱਕ ਸਦਨ ਦੀ ਮੀਟਿੰਗ ਦੁਬਾਰਾ ਸ਼ਾਂਤੀਪੂਰਨ ਢੰਗ ਨਾਲ ਸ਼ੁਰੂ ਹੋ ਗਈ ਸੀ, ਜਿਸ ਦੌਰਾਨ ਸਵਾਲਾਂ-ਜਵਾਬਾਂ ਦਾ ਸਿਲਸਿਲਾ ਜਾਰੀ ਸੀ। ਇਸ ਦੌਰਾਨ ਵੱਖ-ਵੱਖ ਕੌਂਸਲਰਾਂ ਵੱਲੋਂ ਵੱਖ-ਵੱਖ ਮੁੱਦਿਆਂ ਉਤੇ ਸਵਾਲ ਪੁੱਛੇ ਜਾ ਰਹੇ ਸਨ।