ਫ਼ਤਹਿਗੜ੍ਹ ਪੰਜਤੂਰ-ਧਰਮਕੋਟ ਮੁੱਖ ਸੜਕ ਦੀ ਹਾਲਤ ਖਸਤਾ
ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 19 ਸਤੰਬਰ
ਫ਼ਤਿਹਗੜ੍ਹ ਪੰਜਤੂਰ-ਧਰਮਕੋਟ ਮੁੱਖ ਸੜਕ ਦੀ ਹਾਲਤ ਖਸਤਾ ਹੋ ਚੁੱਕੀ ਹੈ। ਮਰਹੂਮ ਸੰਸਦ ਮੈਂਬਰ ਜ਼ੋਰਾ ਸਿੰਘ ਮਾਨ ਨੇ ਆਪਣੇ ਦੂਸਰੇ ਕਾਰਜਕਾਲ ਦੌਰਾਨ ਧਰਮਕੋਟ ਤੋਂ ਜੋਗੇ ਵਾਲਾ ਤੱਕ ਇਸ ਸੜਕ ਦਾ ਨਵ-ਨਿਰਮਾਣ ਕਰਵਾਇਆ ਸੀ। ਇਹ ਸੜਕ ਦੋ ਜ਼ਿਲ੍ਹਿਆਂ ਮੋਗਾ ਤੇ ਫਿਰੋਜ਼ਪੁਰ ਨੂੰ ਜੋੜਦੀ ਹੈ। ਜ਼ਿਲ੍ਹਾ ਫਿਰੋਜ਼ਪੁਰ ਵਾਲੇ ਹਿੱਸੇ ਦਾ ਤਾਂ ਵਿਧਾਇਕ ਨਰੇਸ਼ ਕਟਾਰੀਆ ਦੇ ਯਤਨਾਂ ਸਦਕਾ ਮੁਰੰਮਤ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਪਰ ਮੋਗਾ ਵਾਲੇ ਹਿੱਸੇ ’ਚ ਸੜਕ ਮੁਰੰਮਤ ਨਹੀਂ ਹੋਈ। ਥੋੜ੍ਹਾ ਸਮਾਂ ਪਹਿਲਾਂ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਦੇ ਯਤਨਾਂ ਸਦਕਾ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਇਸ ਸੜਕ ਦੇ ਨਵੀਨੀਕਰਨ ਦਾ ਧਰਮਕੋਟ ਵਿੱਚ ਨੀਹ ਪੱਥਰ ਰੱਖਿਆ ਗਿਆ ਸੀ। ਉਦੋਂ ਵਿਧਾਇਕ ਨੇ ਆਖਿਆ ਕਿ ਸੀ ਕਿ ਲੋਕ ਸਭਾ ਚੋਣਾਂ ਦਾ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸੜਕ ਦੀ ਮੁਰੰਮਤ ਚੋਣਾਂ ਤੋਂ ਬਾਅਦ ਕਰਵਾਈ ਜਾਵੇਗੀ। ਇਸ ਸੜਕ ਦੀ ਮੁਰੰਮਤ ਲਈ ਫੰਡ ਵਿਭਾਗ ਕੋਲ ਪੁੱਜਣ ਦਾ ਵੀ ਦਾਅਵਾ ਕੀਤਾ ਗਿਆ ਸੀ ਪਰ ਹੁਣ ਤੱਕ ਇਸ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਨਹੀਂ ਹੋਇਆ। ਸੜਕ ਦੀ ਖ਼ਸਤਾ ਹਾਲਤ ਕਾਰਨ ਰੋਜ਼ਾਨਾ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਜਦੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨਾਲ ਗੱਲਬਾਤ ਕਰਨੀ ਚਾਹੀ ਪਰ ਉਨ੍ਹਾਂ ਮੋਬਾਈਲ ਫੋਨ ਨਹੀਂ ਚੁੱਕਿਆ। ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਵਿਧਾਇਕ ਢੋਸ ਦੇ ਹਵਾਲੇ ਨਾਲ ਦੱਸਿਆ ਕਿ ਇਸ ਸੜਕ ਦਾ ਟੈਂਡਰ ਹੋ ਚੁੱਕਾ ਹੈ। ਬਾਰਸ਼ਾਂ ਕਾਰਨ ਕੰਮ ਸ਼ੁਰੂ ਨਹੀਂ ਹੋ ਸਕਿਆ ਸੀ ਪਰ ਜਲਦ ਹੀ ਸੜਕ ਦੀ ਮੁਰੰਮਤ ਦਾ ਅਮਲ ਸ਼ੁਰੂ ਹੋ ਜਾਵੇਗਾ। ਦੂਸਰੇ ਪਾਸੇ ਪੰਜਾਬ ਸਿਹਤ ਨਿਗਮ ਦੇ ਸਾਬਕਾ ਚੇਅਰਮੈਨ ਅਤੇ ਸੀਨੀਅਰ ਅਕਾਲੀ ਆਗੂ ਮੱਖਣ ਬਰਾੜ ਨੇ ਕਿਹਾ ਕਿ ਆਪ ਸਰਕਾਰ ਵਿਕਾਸ ਦੇ ਨਾਂ ’ਤੇ ਲੋਕਾਂ ਨੂੰ ਗੁਮਰਾਹ ਕਰ ਰਹੀ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਇਸ ਸੜਕ ਦੇ ਮਾਮਲੇ ਵਿੱਚ ਵੀ ਹਲਕਾ ਵਿਧਾਇਕ ਦਾ ਦਾਅਵਾ ਗਲਤ ਸਾਬਤ ਹੋ ਸਕਦਾ ਹੈ।