For the best experience, open
https://m.punjabitribuneonline.com
on your mobile browser.
Advertisement

ਮੁਹਾਲੀ ਵਿੱਚ ਸਾਫ਼-ਸਫ਼ਾਈ ਦੀ ਹਾਲਤ ਬਦਤਰ

07:30 AM Jun 11, 2024 IST
ਮੁਹਾਲੀ ਵਿੱਚ ਸਾਫ਼ ਸਫ਼ਾਈ ਦੀ ਹਾਲਤ ਬਦਤਰ
ਜਨਤਾ ਮਾਰਕੀਟ ਦੇ ਐਂਟਰੀ ਪੁਆਇੰਟ ’ਤੇ ਫੈਲੀ ਗੰਦਗੀ।
Advertisement

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 10 ਜੂਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਸਫ਼ਾਈ ਵਿਵਸਥਾ ਬਦਤਰ ਹੋਣ ਕਾਰਨ ਆਈਟੀ ਸਿਟੀ ’ਚ ਗੰਦਗੀ ਮੁਸੀਬਤ ਬਣ ਗਈ ਹੈ। ਸ਼ਹਿਰ ਵਿੱਚ ਕਾਫ਼ੀ ਥਾਵਾਂ ’ਤੇ ਗੰਦਗੀ ਫੈਲੀ ਹੋਈ ਹੈ। ਇੱਥੋਂ ਤੱਕ ਕਿ ਕੂੜੇਦਾਨ ਦੇ ਬਾਹਰ ਵੀ ਦੂਰ-ਦੂਰ ਤੱਕ ਕੂੜਾ-ਕਰਕਟ ਖਿੱਲਰਿਆ ਰਹਿੰਦਾ ਹੈ। ਕਈ ਮਾਰਕੀਟਾਂ ਦਾ ਵੀ ਅਜਿਹਾ ਹਾਲ ਹੈ। ਜਨਤਾ ਮਾਰਕੀਟ ਦੇ ਐਂਟਰੀ ਪੁਆਇੰਟ ’ਤੇ ਫੈਲੀ ਗੰਦਗੀ ਬਿਮਾਰੀਆਂ ਨੂੰ ਸੱਦਾ ਦੇ ਰਹੀ ਹੈ ਤੇ ਸੜਕ ਵਿੱਚ ਪਏ ਖੱਡਿਆਂ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ।
ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਵੀ ਸਫ਼ਾਈ ਵਿਵਸਥਾ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਕਮਿਸ਼ਨਰ ਨਵਜੋਤ ਕੌਰ ਨੂੰ ਪੱਤਰ ਲਿਖ ਕੇ ਮਕੈਨੀਕਲ ਸਵੀਪਿੰਗ ਸ਼ੁਰੂ ਨਾ ਕਰਨ ਕਾਰਨ ਗਲੋਬਲ ਵੇਸਟ ਮੈਨੇਜਮੈਂਟ ਕੰਪਨੀ ਨੂੰ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਹੈ। ਨਾਲ ਡਿਪਟੀ ਮੇਅਰ ਨੇ ‘ਏ’ ਅਤੇ ‘ਬੀ’ ਸੜਕਾਂ ਦੀ ਮੈਨੂਅਲ ਸਫ਼ਾਈ ਨਾ ਹੋਣ ਅਤੇ ਲੇਬਰ ਦੀ ਘਾਟ ਕਾਰਨ ਸਬੰਧਤ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਸਾਬਕਾ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਕਿਹਾ ਕਿ ਨਗਰ ਨਿਗਮ ਅਤੇ ਗਮਾਡਾ ਸ਼ਹਿਰ ਦੇ ਵਿਕਾਸ ਵੱਲ ਹੀ ਧਿਆਨ ਨਹੀਂ ਦੇ ਰਿਹਾ ਹੈ। ਇਸ ਕਾਰਨ ਲੋਕ ਬਹੁਤ ਸਾਰੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਜਨਤਾ ਮਾਰਕੀਟ ਦੇ ਐਂਟਰੀ ਪੁਆਇੰਟ ’ਤੇ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ। ਸੜਕ ’ਤੇ ਪਏ ਖੱਡਿਆਂ ਵਿੱਚ ਪਾਣੀ ਖੜ੍ਹਾ ਰਹਿੰਦਾ ਹੈ। ਇਸ ਕਾਰਨ ਇੱਥੇ ਬਿਮਾਰੀ ਫੈਲਣ ਦਾ ਖ਼ਦਸ਼ਾ ਹੈ ਅਤੇ ਸੜਕ ਵਿੱਚ ਖੱਡਿਆਂ ਕਾਰਨ ਰਾਹਗੀਰ ਔਖੇ ਹਨ। ਮਾਰਕੀਟ ਦੇ ਨਾਲ ਹੀ ਗੁਰਦੁਆਰਾ ਰਾਮਗੜ੍ਹੀਆ ਸਾਹਿਬ ਤੇ ਮੰਦਰ ਬਣਿਆ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਉਂਦੇ ਹਨ।
ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਸ਼ਹਿਰ ਦੀਆਂ ਮੁੱਖ ‘ਏ’ ਅਤੇ ‘ਬੀ’ ਸੜਕਾਂ ਉੱਤੇ ਕੂੜੇ ਦੇ ਢੇਰ ਲੱਗੇ ਹਨ। ਟੈਂਡਰ ਅਨੁਸਾਰ ਠੇਕੇਦਾਰ ਵੱਲੋਂ ਲੇਬਰ ਮੁਹੱਈਆ ਨਹੀਂ ਕਰਵਾਈ ਜਾ ਰਹੀ। ਨਿਗਮ ਕੋਲ ਪਹਿਲਾਂ ਹੀ ਲੇਬਰ ਦੀ ਘਾਟ ਹੈ ਅਤੇ ਕਰਮਚਾਰੀ ਯੂਨੀਅਨ ‘ਏ’ ਅਤੇ ‘ਬੀ’ ਸੜਕਾਂ ਦੀ ਸਫ਼ਾਈ ਕਰਨ ਤੋਂ ਇਨਕਾਰੀ ਹੈ ਜਿਸ ਕਾਰਨ ਸਫ਼ਾਈ ਵਿਵਸਥਾ ਬਦਤਰ ਹੋ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਠੇਕੇਦਾਰ ਖ਼ਿਲਾਫ਼ ਕਾਰਵਾਈ ਕਰਨ ਦੇ ਨਾਲ-ਨਾਲ ਬਦਲਵੇਂ ਪ੍ਰਬੰਧ ਕੀਤੇ ਜਾਣ ਕਿਉਂਕਿ ਬਰਸਾਤ ਦਾ ਮੌਸਮ ਵਿੱਚ ਸਾਰੀਆਂ ਗਲੀਆਂ ਬੰਦ ਹੋਣ ਜਾਣਗੀਆਂ।
ਸ੍ਰੀ ਬੇਦੀ ਨੇ ਕਿਹਾ ਕਿ 27 ਫਰਵਰੀ 2024 ਨੂੰ ਸ਼ਹਿਰ ਦੀਆਂ ਮੁੱਖ ਸੜਕਾਂ ਦੀ ਮਕੈਨੀਕਲ ਸਵੀਪਿੰਗ ਦਾ ਠੇਕਾ ਦਿੱਤਾ ਗਿਆ ਸੀ ਅਤੇ ਸਬੰਧਤ ਠੇਕੇਦਾਰ ਵੱਲੋਂ 90 ਦਿਨਾਂ ਵਿੱਚ ਕੰਮ ਸ਼ੁਰੂ ਕੀਤਾ ਜਾਣਾ ਸੀ ਪਰ ਹਾਲੇ ਮਸ਼ੀਨੀ ਸਫ਼ਾਈ ਦਾ ਕੰਮ ਸ਼ੁਰੂ ਹੋਣ ਦੀ ਕੋਈ ਉਮੀਦ ਨਹੀਂ ਦਿੱਖ ਰਹੀ। ਉਨ੍ਹਾਂ ਕਿਹਾ ਕਿ ਠੇਕੇਦਾਰ ਨੂੰ ਨੋਟਿਸ ਜਾਰੀ ਕਰਕੇ ਜਵਾਬਤਲਬੀ ਕੀਤੀ ਜਾਵੇ।

Advertisement

Advertisement
Author Image

Advertisement
Advertisement
×