For the best experience, open
https://m.punjabitribuneonline.com
on your mobile browser.
Advertisement

ਘੁੱਗੀ ਦਾ ਫ਼ਿਕਰ

08:31 AM May 04, 2024 IST
ਘੁੱਗੀ ਦਾ ਫ਼ਿਕਰ
Advertisement

ਇਕਬਾਲ ਸਿੰਘ ਹਮਜਾਪੁਰ

Advertisement

ਘੁੱਗੀ ਦੇ ਚਿਤ-ਚੇਤੇ ਵੀ ਨਹੀਂ ਸੀ ਕਿ ਇਹ ਦਿਨ ਵੀ ਵੇਖਣੇ ਪੈਣਗੇ। ਘੁੱਗੀ ਨੇ ਛੱਪੜ ਦੇ ਕੰਢੇ ਪਿੱਪਲ ਉੱਪਰ ਆਲ੍ਹਣਾ ਬਣਾਇਆ ਸੀ। ਛੱਪੜ ਦੇ ਕੰਢੇ ’ਤੇ ਰਹਿਣ ਦੇ ਬਾਵਜੂਦ ਹੁਣ ਘੁੱਗੀ ਪਾਣੀ ਲਈ ਭਟਕਦੀ ਫਿਰਦੀ ਸੀ।
‘‘ਛੱਪੜ ਦੇ ਕੋਲ ਵਸਣ ਦਾ ਸੁੱਖ ਇਹ ਹੋਵੇਗਾ ਕਿ ਗਰਮੀ ਤੇ ਔੜ ਵਿੱਚ ਵੀ ਮੈਨੂੰ ਪਾਣੀ ਲਈ ਏਧਰ ਓਧਰ ਭਟਕਣਾ ਨਹੀਂਂ ਪਵੇਗਾ।’’ ਆਲ੍ਹਣਾ ਬਣਾਉਣ ਵੇਲੇ ਘੁੱਗੀ ਨੇ ਸੋਚਿਆ ਸੀ।
ਛੱਪੜ ਦਾ ਪਾਣੀ ਅਜੇ ਤੱਕ ਖ਼ਤਮ ਨਹੀਂ ਹੋਇਆ ਸੀ ਪਰ ਘੁੱਗੀ ਛੱਪੜ ਦਾ ਪਾਣੀ ਪੀਣਾ ਨਹੀਂ ਚਾਹੁੰਦੀ ਸੀ ਕਿਉਂਕਿ ਛੱਪੜ ਦਾ ਪਾਣੀ ਗੰਦਾ ਹੋ ਗਿਆ ਸੀ। ਲੋਕਾਂ ਨੇ ਛੱਪੜ ਵਿੱਚ ਕੂੜਾ ਸੁੱਟ-ਸੁੱਟ ਕੇੇ ਪਾਣੀ ਨੂੰ ਗੰਦਾ ਕਰ ਦਿੱਤਾ ਸੀ। ਲੋਕਾਂ ਨੇ ਆਪੋ ਆਪਣੇ ਘਰਾਂ ਦਾ ਗੰਦਾ ਪਾਣੀ ਵੀ ਛੱਪੜ ਵਿੱਚ ਹੀ ਕੱਢਣਾ ਸ਼ੁਰੂ ਕਰ ਦਿੱਤਾ ਸੀ। ਉਹ ਛੱਪੜ ਵਿਚਲਾ ਗੰਦਾ ਪਾਣੀ ਪੀ ਕੇ ਬਿਮਾਰ ਨਹੀਂ ਪੈਣਾ ਚਾਹੁੰਦੀ ਸੀ।
ਉਹ ਕਿੰਨੀ ਦੇਰ ਪਾਣੀ ਦੀ ਭਾਲ ਵਿੱਚ ਏਧਰ ਓਧਰ ਭਟਕਦੀ ਰਹੀ। ਉਸ ਨੂੰ ਕਿਧਰੋਂ ਮੂੰਹ ਗਿੱਲਾ ਕਰਨ ਜੋਗਾ ਪਾਣੀ ਵੀ ਨਾ ਲੱਭਾ। ਉਹ ਨਿਰਾਸ਼ ਜਿਹੀ ਹੋ ਕੇ ਵਾਪਸ ਆਪਣੇ ਆਲ੍ਹਣੇ ਵਿੱਚ ਆ ਗਈ। ਉਸ ਕੋਲ ਪਾਣੀ ਦੀ ਭਾਲ ਵਿੱਚ ਕਿਧਰੇ ਹੋਰ ਜਾਣ ਦੀ ਹਿੰਮਤ ਨਹੀਂ ਸੀ ਪਰ ਢੇਰੀ ਢਾਹ ਕੇ ਬਹਿਣ ਨਾਲ ਉਸ ਦਾ ਸਰਨਾ ਨਹੀਂਂ ਸੀ ਕਿਉਂਕਿ ਪਾਣੀ ਬਿਨਾਂ ਉਸ ਦਾ ਬੁਰਾ ਹਾਲ ਸੀ।
‘‘ਇਸ ਵੇਲੇ ਮੈਨੂੰ ਪਾਣੀ ਕਿੱਥੋਂ ਲੱਭ ਸਕਦਾ ਹੈ?’’ ਘੁੱਗੀ ਸੋਚਣ ਲੱਗੀ।
ਉਸ ਨੇ ਪਿੱਪਲ ਦੀ ਸਿਖਰਲੀ ਟਾਹਣੀ ’ਤੇ ਬਹਿ ਕੇ ਚਾਰ-ਚੁਫ਼ੇਰੇ ਨਿਗ੍ਹਾ ਮਾਰੀ। ਵਾਹਵਾ ਦੂਰ ਇੱਕ ਹੌਜ ਉਸ ਦੀ ਨਜ਼ਰ ਪਿਆ। ਘੁੱਗੀ ਡਿੱਗਦੀ-ਢਹਿੰਦੀ ਹੌਜ ਵੱਲ ਤੁਰ ਪਈ। ਉਹ ਮਸਾਂ ਹੀ ਹੌਜ ਤਕ ਪਹੁੰਚੀ। ਉਹ ਹੌਜ ਦੇ ਕੰਢੇ ’ਤੇ ਬਹਿ ਕੇ ਪਾਣੀ ਪੀਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਸ ਦੀ ਚੁੰਝ ਪਾਣੀ ਤੱਕ ਨਾ ਪਹੁੰਚੀ। ਹੌਜ ਵਿੱਚ ਪਾਣੀ ਹੇਠਾਂ ਤੇ ਥੋੜ੍ਹਾ ਸੀ। ਉਹ ਕਿੰਨੀ ਦੇਰ ਪਾਣੀ ਪੀਣ ਦੀ ਕੋਸ਼ਿਸ਼ ਕਰਦੀ ਰਹੀ ਪਰ ਉਹ ਪਾਣੀ ਨਾ ਪੀ ਸਕੀ। ਘੁੱਗੀ ਡਰਦੀ ਵੀ ਸੀ ਕਿ ਕਿਧਰੇ ਉਹ ਹੌਜ ਵਿੱਚ ਹੀ ਨਾ ਡਿੱਗ ਪਵੇ।
ਉਹ ਹੌਜ ਵਿੱਚੋਂ ਪਾਣੀ ਪੀਣ ਦਾ ਕੋਈ ਹੋਰ ਢੰਗ ਸੋਚਣ ਲੱਗੀ। ਉਸ ਨੂੰ ਕਾਂ ਦਾ ਖ਼ਿਆਲ ਆਇਆ। ਇਸੇ ਤਰ੍ਹਾਂ ਇੱਕ ਵਾਰ ਕਾਂ ਨੂੰ ਪਿਆਸ ਲੱਗੀ ਸੀ। ਕਾਂ ਨੂੰ ਵੀ ਕਿਧਰੋਂ ਪਾਣੀ ਨਹੀਂ ਮਿਲਿਆ ਸੀ। ਕਾਂ ਨੂੰ ਇੱਕ ਘੜੇ ਵਿੱਚ ਥੋੜ੍ਹਾ ਜਿਹਾ ਪਾਣੀ ਮਿਲਿਆ ਸੀ। ਘੜੇ ਦੇ ਮੂੰਹ ’ਤੇ ਬਹਿ ਕੇ ਕਾਂ ਪਾਣੀ ਨਹੀਂ ਪੀ ਸਕਦਾ ਸੀ। ਕਾਂ ਨੇ ਆਪਣੀ ਚੁੰਝ ਨਾਲ ਘੜੇ ਵਿੱਚ ਵੱਟੇ ਪਾ ਪਾ ਕੇ ਪਾਣੀ ਨੂੰ ਉੱਪਰ ਲੈ ਆਂਦਾ ਸੀ ਤੇ ਪਾਣੀ ਪੀ ਲਿਆ ਸੀ।
ਘੁੱਗੀ ਵੀ ਹੌਜ ਵਿੱਚ ਵੱਟੇ ਪਾਉਣ ਬਾਰੇ ਸੋਚਣ ਲੱਗੀ ਪਰ ਉਹ ਆਪਣੀ ਨਿੱਕੀ ਜਿਹੀ ਚੁੰਝ ਨਾਲ ਵੱਟੇ ਨਹੀਂ ਚੁੱਕ ਸਕਦੀ ਸੀ। ਉਂਜ ਵੀ ਵੱਟੇ ਪਾਉਣ ਨਾਲ ਘੜੇ ਵਿਚਲਾ ਪਾਣੀ ਤਾਂ ਉੱਪਰ ਆ ਸਕਦਾ ਸੀ, ਹੌਜ ਵਿਚਲਾ ਨਹੀਂ। ਹੌਜ ਵੱਡਾ ਸੀ। ਹੌਜ ਵਿੱਚ ਬਹੁਤ ਸਾਰੇ ਵੱਟੇ ਪਾਉਣੇ ਪੈਣੇ ਸਨ। ਉਹ ਭਾਵੇਂ ਹੌਜ ਵਿੱਚੋਂ ਪਾਣੀ ਨਹੀਂ ਪੀ ਸਕੀ ਸੀ। ਫਿਰ ਵੀ ਉਸ ਨੇ ਆਸ ਨਹੀਂ ਛੱਡੀ ਸੀ।
‘‘ਮੈਂ ਬੱਤਾ ਪੀਣ ਵਾਲੀ ਕਿਸੇ ਪਾਈਪ ਨਾਲ ਹੌਜ ਵਿੱਚੋਂ ਪਾਣੀ ਪੀ ਸਕਦੀ ਹਾਂ।’’ ਘੁੱਗੀ ਨੂੰ ਖ਼ਿਆਲ ਆਇਆ।
ਹੌਜ ਦੇ ਨੇੜੇ ਹੀ ਕੂੜਾ ਪਿਆ ਸੀ। ਘੁੱਗੀ ਨੂੰ ਕੂੜੇ ਦੇ ਢੇਰ ਵਿੱਚੋਂ ਬੱਤਾ ਪੀਣ ਵਾਲੀ ਪਾਈਪ ਲੱਭ ਲਈ। ਉਹ ਪਾਈਪ ਨਾਲ ਪਾਣੀ ਪੀਣ ਦੀ ਕੋਸ਼ਿਸ਼ ਕਰਨ ਲੱਗੀ। ਹੌਜ ਜ਼ਿਆਦਾ ਡੂੰਘਾ ਨਹੀਂ ਸੀ। ਘੁੱਗੀ ਦੇ ਮੂੰਹ ਵਿਚਲੀ ਪਾਈਪ ਪਾਣੀ ਤੱਕ ਪਹੁੰਚ ਗਈ ਸੀ। ਉਹ ਪਾਈਪ ਮੂੰਹ ਵਿੱਚ ਪਾ ਕੇ ਸਾਹ ਪਿੱਛੇ ਨੂੰ ਖਿੱਚਣ ਲੱਗੀ। ਪਾਈਪ ਰਾਹੀਂ ਸਾਹ ਪਿੱਛੇ ਨੂੰ ਖਿੱਚਣ ਨਾਲ ਹੀ ਪਾਣੀ ਆਉਣਾ ਸੀ ਪਰ ਪਾਣੀ ਨਾ ਆਇਆ। ਘੁੱਗੀ ਦਾ ਸਾਹ ਏਨਾ ਲੰਮਾ ਨਹੀਂ ਸੀ ਕਿ ਉਹ ਪਾਣੀ ਖਿੱਚ ਸਕਦੀ। ਉਹ ਪਾਈਪ ਨਾਲ ਵੀ ਹੌਜ ਵਿੱਚੋਂ ਪਾਣੀ ਨਾ ਪੀ ਸਕੀ ਸੀ ਪਰ ਉਹ ਇੱਥੋਂ ਪਾਣੀ ਪੀ ਕੇ ਹੀ ਜਾਣਾ ਚਾਹੁੰਦੀ ਸੀ। ਉਸ ਨੂੰ ਹੋਰ ਕਿਧਰੇ ਪਾਣੀ ਮਿਲਣ ਦੀ ਉਮੀਦ ਨਹੀਂ ਸੀ। ਉਹ ਹੌਜ ਵਿੱਚੋਂ ਪਾਣੀ ਪੀਣ ਦਾ ਕੋਈ ਹੋਰ ਢੰਗ ਸੋਚਣ ਲੱਗੀ।
ਘੁੱਗੀ ਨੇ ਵੇਖਿਆ। ਹੌਜ ਵਿੱਚ ਇੱਕ ਇੱਟ ਪਈ ਸੀ। ਇੱਟ, ਪਾਣੀ ਵਿੱਚ ਪੂਰੀ ਡੁੱਬੀ ਨਹੀਂ ਸੀ। ਉਹ ਉਡਾਰੀ ਮਾਰ ਕੇ ਇੱਟ ਉੱਪਰ ਜਾ ਬੈਠੀ। ਇੱਟ ਉੱਪਰ ਬਹਿ ਕੇ ਉਸ ਨੇ ਜੀਅ ਭਰ ਕੇ ਪਾਣੀ ਪੀਤਾ।
‘‘ਅੱਜ ਤਾਂ ਮੈਨੂੰ ਪਾਣੀ ਲਈ ਬੇਹੱਦ ਭਟਕਣਾ ਪਿਆ ਹੈ। ਮੈਂ ਬੜੀ ਮੁਸ਼ਕਿਲ ਨਾਲ ਪਾਣੀ ਪੀਤਾ ਹੈ। ਕੱਲ੍ਹ ਨੂੰ ਜਦੋਂ ਪਾਣੀ ਹੋਰ ਘਟ ਜਾਵੇਗਾ, ਮੇਰੇ ਲਈ ਹੋਰ ਵੱਡੀ ਮੁਸੀਬਤ ਖੜ੍ਹੀ ਹੋ ਜਾਵੇਗੀ। ਸਿਰਫ਼ ਮੇਰੇ ਲਈ ਹੀ ਨਹੀਂ, ਹੋਰਾਂ ਪੰਛੀਆਂ, ਜਾਨਵਰਾਂ ਤੇ ਮਨੁੱਖਾਂ ਲਈ ਵੀ ਮੁਸੀਬਤ ਖੜ੍ਹੀ ਹੋਵੇਗੀ।’’ ਘੁੱਗੀ ਸੋਚਣ ਲੱਗੀ।
‘‘ਮੈਂ ਤਾਂ ਇੱਕ ਉੱਚੇ ਰੁੱਖ ’ਤੇ ਬਹਿ ਕੇ ਦੂਰ ਨਿਗ੍ਹਾ ਮਾਰ ਲਈ ਸੀ। ਪਾਣੀ ਲੱਭ ਲਿਆ ਸੀ ਤੇ ਉਡਾਰੀ ਮਾਰ ਕੇ ਪਾਣੀ ਕੋਲ ਪਹੁੰਚ ਗਈ ਸਾਂ। ਜਿਹੜੇ ਰੁੱਖ ’ਤੇ ਨਹੀਂ ਚੜ੍ਹ ਸਕਦੇ ਅਤੇ ਜਿਨ੍ਹਾਂ ਨੇ ਤੁਰ ਕੇ ਆਉਣਾ ਹੋਵੇਗਾ, ਉਨ੍ਹਾਂ ਦਾ ਕੀ ਹਾਲ ਹੋਵੇਗਾ।’’ ਘੁੱਗੀ ਨੂੰ ਖ਼ਿਆਲ ਆਇਆ। ਘੁੱਗੀ ਨੇ ਉਸੇ ਵੇਲੇ ਫ਼ੈਸਲਾ ਕਰ ਲਿਆ ਕਿ ਪਾਣੀ ਸੰਭਾਲਣ ਤੇ ਬਚਾਉਣ ਲਈ ਕੁਝ ਕਰਨਾ ਪਵੇਗਾ। ਪਾਣੀ ਬਚਾਉਣ ਤੇ ਸੰਭਾਲਣ ਲਈ ਮਨੁੱਖ ਨੂੰ ਸਮਝਾਉਣਾ ਪਵੇਗਾ।
ਸੰਪਰਕ: 94165-92149

Advertisement
Author Image

joginder kumar

View all posts

Advertisement
Advertisement
×