‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦਾ ਰੌਸ਼ਨ ਸਿੰਘ ਸੋਢੀ ਆਖ਼ਰ ਘਰ ਪਰਤਿਆ
ਨਵੀਂ ਦਿੱਲੀ: ਟੀਵੀ ਸੀਰੀਅਲ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਣ ਵਾਲਾ ਅਦਾਕਾਰ ਗੁਰਚਰਨ ਸਿੰਘ ਜੋ ਲਾਪਤਾ ਹੋ ਗਿਆ ਸੀ, 25 ਦਿਨਾਂ ਬਾਅਦ ਆਪਣੇ ਘਰ ਪਰਤ ਆਇਆ ਹੈ। ਉਸ ਦੇ ਘਰ ਪਰਤਣ ਤੋਂ ਬਾਅਦ ਦਿੱਲੀ ਪੁਲੀਸ ਨੇ ਉਸ ਤੋਂ ਪੁੱਛ-ਗਿੱਛ ਕੀਤੀ ਤੇ ਸਥਾਨਕ ਅਦਾਲਤ ਵਿੱਚ ਬਿਆਨ ਦਰਜ ਕੀਤੇ। ਗੁਰਚਰਨ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਉਹ ਚਿੱਟੀ ਕਾਲੀ ਦਾੜ੍ਹੀ ਵਿੱਚ ਪੁਲੀਸ ਨਾਲ ਖੜ੍ਹਾ ਨਜ਼ਰ ਆ ਰਿਹਾ ਹੈ। ਅਦਾਕਾਰ ਨੇ ਪੁਲੀਸ ਨੂੰ ਦੱਸਿਆ ਕਿ ਉਹ ਪੰਜਾਬ ਵਿੱਚ ਗੁਰਦੁਆਰਿਆਂ ਦੇ ਦਰਸ਼ਨ ਕਰਨ ਗਿਆ ਸੀ ਤੇ ਉਹ ਅੰਮ੍ਰਿਤਸਰ ਤੇ ਲੁਧਿਆਣਾ ਦੇ ਗੁਰਦੁਆਰਿਆਂ ਵਿੱਚ ਵੀ ਰਿਹਾ। ਇਸ ਤੋਂ ਪਹਿਲਾਂ ਅਪਰੈਲ ਵਿੱਚ 51 ਸਾਲਾ ਅਦਾਕਾਰ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਲੜਕੇ ਨੇ 22 ਅਪਰੈਲ ਦੀ ਸ਼ਾਮ ਨੂੰ ਇੱਥੋਂ ਮੁੰਬਈ ਲਈ ਉਡਾਣ ਲੈਣੀ ਸੀ ਪਰ ਉਹ ਆਪਣੀ ਮੰਜ਼ਿਲ ’ਤੇ ਨਹੀਂ ਪਹੁੰਚਿਆ। ਗੁਰਚਰਨ ਦੇ ਲਾਪਤਾ ਹੋਣ ਤੋਂ ਬਾਅਦ ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਸ਼ਾਮਿਆਲ ਗੁਪਤਾ ਨੇ ਦਿੱਲੀ ਦੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਸੀ ਕਿ ਉਹ ਅਦਾਕਾਰ ਦੇ ਲਾਪਤਾ ਹੋਣ ਦੀ ਜਾਂਚ ਵਿਚ ਤੇਜ਼ੀ ਲਿਆਉਣ ਦੇ ਹੁਕਮ ਦੇਣ। ਇਸ ਤੋਂ ਇਲਾਵਾ ਸ੍ਰੀ ਗੁਪਤਾ ਨੇ ਇਕ ਵੀਡੀਓ ਵੀ ਜਾਰੀ ਕੀਤੀ ਸੀ ਜਿਸ ਵਿਚ ਫਿਲਮ ਸਨਅਤ ਦੇ ਗੁਰਚਰਨ ਦੇ ਪਰਿਵਾਰ ਨਾਲ ਖੜ੍ਹਨ ਦਾ ਸੁਨੇਹਾ ਦਿੱਤਾ ਗਿਆ ਸੀ। -ਏਐੱਨਆਈ