ਵਾਰਤਕ ਲੇਖਣ ਦਾ ਸੰਪੂਰਨ ਉਤਸਵ...
ਫਰਾਂਸੀਸੀ ਨਾਟਕਕਾਰ ਮੋਲੀਅਰ (Moliere) ਦੇ ਇੱਕ ਨਾਟਕ ਦਾ ਕਿਰਦਾਰ ਮੁਸੀਆਹ ਯੋਰਦਾਂ ਇੱਕ ਲੇਖਕ ਬਾਰੇ ਕਹਿੰਦਾ ਹੈ: ‘‘ਚੰਗਾ ਏ, ਉਹ ਕਵਿਤਾ ਨਹੀਂ ਵਾਰਤਕ ਲਿਖਦਾ ਏ। ਵਿਚਾਰਾਂ ਦਾ ਜਿੰਨਾ ਚੰਗਾ ਇਜ਼ਹਾਰ ਵਾਰਤਕ ਰਾਹੀਂ ਹੋ ਸਕਦਾ ਏ, ਹੋਰ ਕਿਸੇ ਮਾਧਿਅਮ ਰਾਹੀਂ ਨਹੀਂ।’’ ਇਹ ਕਥਨ ਗੁਰਬਚਨ ਹੁਰਾਂ ਉੱਪਰ ਪੂਰਾ ਢੁੱਕਦਾ ਹੈ। ਵਾਰਤਕ ਲੇਖਣ ਦਾ ਜੋ ਅਜ਼ੀਮ ਹੁਨਰ ਉਨ੍ਹਾਂ ਕੋਲ ਹੈ, ਉਹ ਕਿਸੇ ਹੋਰ ਸਮਕਾਲੀ ਪੰਜਾਬੀ ਅਦੀਬ ਦੇ ਹਿੱਸੇ ਨਹੀਂ ਆਇਆ। ਇਸ ਅਜ਼ਮਤ ਦਾ ਪ੍ਰਮਾਣ ਹੈ ਪੰਜ ਜਿਲਦਾਂ ਵਾਲਾ ਉਨ੍ਹਾਂ ਦਾ ਮਹਾਂ-ਸੰਗ੍ਰਹਿ ‘ਸੰਪੂਰਨ ਵਾਰਤਕ’ (ਕੈਲੀਬਰ ਪਬਲੀਕੇਸ਼ਨ, ਪਟਿਆਲਾ; ਹਰ ਜਿਲਦ: 675 ਰੁਪਏ)। ਉਨ੍ਹਾਂ ਦੀਆਂ ਸਾਰੀਆਂ ਕਿਤਾਬਾਂ ਤੇ ਲਿਖਤਾਂ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ। ਉਹ ਵੀ ਪੂਰੇ ਕਰੀਨੇ, ਤਰਤੀਬ ਤੇ ਸ਼ਾਇਸਤਗੀ ਦੇ ਨਾਲ। ਹਰ ਜਿਲਦ ਦੀ ਔਸਤ ਮੋਟਾਈ ਹੈ 400 ਪੰਨੇ। ਕਮਾਲ ਦੀ ਗੱਲ ਇਹ ਹੈ ਕਿ ਪੰਜ ਜਿਲਦਾਂ ਅੰਦਰਲੀ ਹਰ ਰਚਨਾ ਪੜ੍ਹਨਯੋਗ ਹੈ; ਵਾਰਤਕ ਅੰਦਰਲੇ ਕਥਾ-ਰਸ ਤੇ ਲੈਅਕਾਰੀ ਦਾ ਨਮੂਨਾ ਹੋਣ ਸਦਕਾ। ਗੁਰਬਚਨ ਹੁਰਾਂ ਦੀ ਵਿਦਵਤਾ, ਵਿਚਾਰਕ ਮੌਲਿਕਤਾ ਤੇ ਸਿਰਜਣਸ਼ੀਲਤਾ ਉਨ੍ਹਾਂ ਦੇ ਨਿਯਮਿਤ ਪਾਠਕਾਂ ਤੇ ਪ੍ਰਸ਼ੰਸਕਾਂ ਨੂੰ ਸਦੈਵ ਪ੍ਰਭਾਵਿਤ ਕਰਦੀ ਆਈ ਹੈ। ਹੁਣ ਇਹ ਮਹਾਂ-ਸੰਗ੍ਰਹਿ ਉਨ੍ਹਾਂ ਦੀ ਸਮੁੱਚੀ ਰਚਨਾਵਲੀ ਨੂੰ ਇਕੱਠਿਆਂ ਪੜ੍ਹਨ ਦਾ ਲੁਤਫ਼ ਪ੍ਰਦਾਨ ਕਰਦਾ ਹੈ। ਇਹ ਵੀ ਅਜਬ ਕਰਤਾਰੀ ਵਰਤਾਰਾ ਹੈ ਕਿ ਅੱਧੀ ਸਦੀ ਲੰਬੇ ਲੇਖਣ-ਕਾਲ ਦੌਰਾਨ ਨਾ ਉਨ੍ਹਾਂ ਦੇ ਵਿਚਾਰਾਂ ਦੀ ਧਾਰ ਖੁੰਢੀ ਹੋਈ ਅਤੇ ਨਾ ਹੀ ਇਸ ਵਿੱਚ ਬੌਧਿਕ ਨੀਰਸਤਾ ਦਾਖ਼ਲ ਹੋਈ। ਅਰਨੈਸਟ ਹੈਮਿੰਗਵੇ ਨੇ 1960 ਵਿੱਚ ਲਿਖਿਆ ਸੀ, ‘‘ਚੰਗਾ ਵਾਰਤਕ ਲੇਖਕ ਉਹ ਹੁੰਦਾ ਹੈ ਜਿਸ ਦੇ ਹਰ ਫ਼ਿਕਰੇ ਵਿੱਚ ਰਿਦਮ ਹੋਵੇ।’’ ਗੁਰਬਚਨ ਇਸ ਪੱਖੋਂ ਵਰੋਸਾਏ ਹੋਏ ਹਨ; ਉਨ੍ਹਾਂ ਦੇ ਫ਼ਿਕਰਿਆਂ ਵਿੱਚ ਤਾਲ ਵੀ ਹੈ, ਲੈਅ ਵੀ ਤੇ ਰਾਗਦਾਰਾਂ ਵਾਲੀ ਪਕੜ ਵੀ। ਇਹੋ ਤੱਤ ਉਨ੍ਹਾਂ ਦੇ ਲੇਖਣ ਨੂੰ ਨਿਵੇਕਲੀ ਛਬ ਪ੍ਰਦਾਨ ਕਰਦੇ ਹਨ। ਇਹ ਕੋਈ ਅਤਿਕਥਨੀ ਨਹੀਂ ਕਿ ‘ਸੰਪੂਰਨ ਵਾਰਤਕ’ ਇਸੇ ਛਬ ਨੂੰ ਦ੍ਰਿਸ਼ਮਾਨ ਕਰਦੀ ਹੈ।
ਪਹਿਲੀ ਜਿਲਦ ਵਿੱਚ ਤਿੰਨ ਕਿਤਾਬਾਂ ਨੂੰ ਤਿੰਨ ਅਨੁਭਾਗਾਂ ਦੇ ਰੂਪ ਵਿੱਚ ਸੰਜੋਇਆ ਗਿਆ ਹੈ। 413 ਪੰਨੇ ਹਨ ਇਸ ਦੇ। ਅਨੁਭਾਗ ਹਨ: ‘ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ’, ‘ਕਿਸ ਕਿਸ ਤਰ੍ਹਾਂ ਦੇ ਪਰਵਾਸ’ ਅਤੇ ‘ਪੰਜਾਬ ਪਰਵਾਸ ਪੰਜਾਬ’। ਪਹਿਲੇ ਦੋ ਅਨੁਭਾਗ ਗਲਪ ਜਾਂ ਸ਼ਬਦ-ਚਿੱਤਰਾਂ ਦੇ ਰੂਪ ਵਿੱਚ ਹਨ; ਤੀਜਾ ਅਨੁਭਾਗ ਪੰਜਾਬ ਤੇ ਪਰਵਾਸ ਨਾਲ ਜੁੜੀਆਂ ਵਿਸੰਗਤੀਆਂ ਤੇ ਉਨ੍ਹਾਂ ਦੇ ਪ੍ਰਸੰਗ ਵਿੱਚ ਪੰਜਾਬ ਦੀ ਦਸ਼ਾ ਤੇ ਦਿਸ਼ਾ ਅੰਦਰਲੇ ਅੰਤਰ-ਵਿਰੋਧਾਂ ਉੱਤੇ ਕੇਂਦ੍ਰਿਤ ਹੈ। ‘ਏਨ੍ਹਾਂ ਮੁੰਡਿਆਂ ਜਲਦੀ ਮਰ ਜਾਣਾ’ ਦੀ ਭੂਮਿਕਾ ਪਰਵਾਸ ਤੇ ਪਰਵਾਸੀਆਂ ਦੀ ਸਥਿਤੀ ਬਾਰੇ ਲਿਖਣ ਦੀ ਚਾਹਤ ਨੂੰ ਇੰਜ ਬਿਆਨ ਕਰਦੀ ਹੈ: ‘‘ਇਹ ਗਲਪ ਲੜੀ ਚੂਲੋਂ ਉੱਖੜ ਚੁੱਕੇ ਵਿਅਕਤੀਆਂ ਬਾਰੇ ਹੈ। ਉਹ ਚੂਲੋਂ ਕਿਉਂ ਉੱਖੜੇ ਹਨ, ਇਸ ਸੁਆਲ ਦਾ ਉੱਤਰ ਜੇ ਹੁੰਦਾ ਤਾਂ ਗਲਪ ਦੀ ਬਣਤ ਕਿਉਂ ਬਣਾਂਦਾ। ਇਹ ਮੇਰੀਆਂ ਘੁਮੱਕੜੀਆਂ ਦੀ ਉਪਜ ਹੈ। (ਪਰ) ਇਸ ਬਿਰਤਾਂਤ ਨੂੰ ਤਿਆਰ ਕਰਨਾ ਘੁੁਮੱਕੜੀ ਦਾ ਮਕਸਦ ਨਹੀਂ ਸੀ।’’ ਚਾਰ ਵਾਰ ਦੀਆਂ ਵਿਦੇਸ਼ੀ ਫੇਰੀਆਂ ਤੋਂ ਜਨਮੇ-ਹੰਢਾਏ ਅਨੁਭਵਾਂ ਦੀ ਪੈਦਾਇਸ਼ ਹੈ ਇਹ ਅਨੁਭਾਗ। ਤਲਖ਼ ਹਕੀਕਤਾਂ ਬਿਆਨ ਕਰਨ ਵਾਲਾ, ਉਹ ਵੀ ਬਿਨਾਂ ਪੋਚਾ-ਪਾਚੀ ਦੇ, ਜਿਵੇਂ ‘‘ਘਰ ਅਨੂਠੀ ਸਪੇਸ ਹੈ। ਇਹ ਸਪੇਸ ਔਰਤ-ਮਰਦ ਦੀ ਸਾਂਝ ’ਤੇ ਕਾਇਮ ਰਹਿੰਦੀ ਹੈ। ਇੰਡੀਆ ਵਿੱਚ ਮਰਦ ਖਦੇੜਿਆ ਜਾਵੇ ਤਦ ਵੀ ਔਰਤ ਘਰ ਦੀ ਖ਼ਾਤਰ ਆਪਣਾ ਵਜੂਦ ਖ਼ਰਚ ਦੇਂਦੀ ਹੈ। ਘਰ ਵਿੱਚ ਬੰਦੇ ਦਾ ਅੱਜ ਹੀ ਨਹੀਂ ਵੱਸਦਾ, ਭਵਿੱਖ ਦੀ ਬਣਤ ਵੀ ਤਿਆਰ ਹੁੰਦੀ ਹੈ। ਬੰਦਾ ਘਰ ਤੋਂ ਦੂਰ ਜਾਂਦਾ ਹੈ ਤਾਂ ਘਰ ਉਹਨੂੰ ਉਡੀਕਦਾ। ...ਬੰਦੇ ਨੂੰ ਪਤਾ ਹੋਵੇ ਘਰ ’ਚ ਕੋਈ ਉਡੀਕ ਕਰ ਰਿਹਾ ਹੈ ਤਾਂ ਤੰਤ ਊਰਜਤ ਹੋ ਉੱਠਦੇ ਨੇ। ... ਪੱਛਮੀ ਦੇਸ਼ਾਂ ’ਚ ਘਰ ਕਿਸੇ ਨੂੰ ਵੀ ਨਹੀਂ ਉਡੀਕਦਾ। ... ਬੰਗਲਿਆਂ ਵਰਗੇ ਮਕਾਨ ਨੇ, ਬਾਹਰ ਲਿਸ਼ਕੋਰ ਮਾਰਦੀਆਂ ਕਾਰਾਂ। ਘਰ ਜਿੰਨਾ ਸਾਫ਼, ਉੱਨਾ ਉਦਾਸ। ਘਰਾਂ ਅੰਦਰ ਨਾ ਮਨੁੱਖੀ ਆਵਾਜ਼ ਸੁਣਦੀ ਹੈ, ਨਾ ਚੁੱਪ। ਤੀਵੀਂ-ਮਰਦ ਨਾਤਾਹੀਣਾਂ ਦੀ ਤਰ੍ਹਾਂ ਸੌਣ ਘਰ ਆਉਂਦੇ ਨੇ, ਅਗਲੀ ਸਵੇਰ ਕੰਮ ’ਤੇ ਲੱਗਣ ਲਈ। ... ਘਰ ਪ੍ਰਸੰਗਹੀਣ ਹੋ ਜਾਏ ਤਾਂ ਔਰਤ-ਮਰਦ ਨੂੰ ਜੋੜਨ ਲਈ ਇੱਕੋ ਗੱਲ ਕਹਿ ਜਾਂਦੀ ਹੈ: ਸੈਕਸ। ਬਿਨਾਂ ਭਾਵੁਕ ਸਾਂਝ ਦੇ ਸੈਕਸ, ਮੰਡੀ ਦੀ ਵਸਤ ਹੈ। ਸੇਕ ਮੱਠਾ ਪੈ ਜਾਵੇ ਤਾਂ ਦੇਹ ਕੂੜੇ ਦਾ ਹਿੱਸਾ ਬਣ ਜਾਂਦੀ ਹੈ।’’ (ਪੰਨਾ 10)।
ਦਸ ਰਚਨਾਵਾਂ ਵਾਲੀ ਇਹ ਗਲਪ ਲੜੀ ਘਰ ਤੇ ਵਤਨ ਤੋਂ ਉਖੜੇ ਜੀਵਨ ਦੀਆਂ ਵਿਭਿੰਨ ਪਰਤਾਂ ਦਾ ਬਿਰਤਾਂਤ ਹੈ: ਸੂਖ਼ਮ, ਸੰਜੀਦਾ, ਮਾਰਮਿਕ ਤੇ ਨਾਲ ਹੀ ਤਲਖ਼। ਹਰ ਥਾਂ ਪਰਵਾਸੀ ਮਨੋ-ਅਵਸਥਾ ਇੱਕੋ ਜਿਹੀ ਹੈ; ਨਿਊਯੌਰਕ, ਐਮਸਟਰਡੌਮ, ਫਰੈਂਕਫਰਟ, ਲਾਸ ਏਂਜਲਸ, ਕੈਲਗਰੀ, ਸਾਂ ਫਰਾਂਸਿਸਕੋ ਜਾਂ ਵੈਨਕੂਵਰ ਤਾਂ ਨਾਮ ਹੀ ਹਨ ਥਾਵਾਂ ਦੇ। ਵਤਨੋਂ ਉੱਖੜੇ ਬੰਦੇ ਲਈ ਜ਼ਿੰਦਗੀ ਹਰ ਥਾਈਂ ਨੀਰਸ ਹੈ; ਵਿਸਥਾਪਨ ਦੀ ਪੀੜਾ ਨੂੰ ਦੌਲਤ ਦੀ ਕ੍ਰੀੜਾ ਨਾਲ ਬੇਅਸਰ ਬਣਾਉਣ ਦੀਆਂ ਮਸ਼ਕਾਂ ਵਿੱਚ ਜੁਟੀ ਹੋਈ ਜ਼ਿੰਦਗੀ। ਕੀ ਇਸ ਨੂੰ ਸੁਹਾਵਣਾ ਦੱਸਿਆ ਤੇ ਮੰਨਿਆ ਜਾ ਸਕਦਾ ਹੈ?
ਇਸੇ ਜਿਲਦ ਦੇ ਦੂਜੇ ਅਨੁਭਾਗ ‘ਕਿਸ ਕਿਸ ਤਰ੍ਹਾਂ ਦੇ ਪਰਵਾਸ’ ਵਿੱਚ ਸ਼ਬਦ-ਚਿੱਤਰ ਹਨ: ਬੇਗ਼ਾਨੇ ਮੁਲਕਾਂ ’ਚ ਹਾਸਿਲ ਕੀਤੀ ਬੁਲੰਦਗੀ ਦੀਆਂ ਕਥਾਵਾਂ ਵੀ ਬਿਆਨ ਕਰਨ ਵਾਲੇ ਤੇ ਨਾਕਾਮਯਾਬੀਆਂ ਤੋਂ ਉਪਜੀਆਂ ਕੁੰਠਾਵਾਂ ਤੇ ਵਿਅਥਾਵਾਂ ਨੂੰ ਵੀ ਰੇਖਾਂਕਿਤ ਕਰਨ ਵਾਲੇ। ਕਈ ਕੁਝ ਹੈ ਬੇਗ਼ਾਨੇ ਬੋਹੜ ਦੀ ਛਾਂ ਦਾ ਨਜ਼ਾਰਾ ਪੇਸ਼ ਕਰਨ ਵਾਲਾ ਅਤੇ ਬੜਾ ਕੁਝ ਹੈ ਇਸ ਛਾਂ ਤੋਂ ਵਿਹੂਣਿਆਂ ਦੇ ਮਰਮ ਦੇ ਦਰਸ ਦਿਖਾਉਣ ਵਾਲਾ। ਇਸ ਬਾਰੇ ਗੁਰਬਚਨ ਦਾ ਮੱਤ ਹੈ: ‘‘ਬੇਵਤਨੇ ਹੋਣਾ ਨਾਮੁਰਾਦ ਹਾਦਸਾ ਹੈ। ਇਸ ਹਾਦਸੇ ਪਿੱਛੇ ਸਿਆਸੀ/ਸਮਾਜਿਕ ਕਾਰਣ ਹਨ। ਕੋਈ ਸਥਿਤੀ ਹਵਾ ’ਚੋਂ ਪੈਦਾ ਨਹੀਂ ਹੁੰਦੀ। ਪੰਜਾਬੀ ਬੰਦਾ ਇੱਕ ਸਦੀ ਤੋਂ ਵੱਧ ਸਮੇਂ ਤੋਂ ਆਪਣੀ ਧਰਤੀ ਤੋਂ ਟੁੱਟ ਕੇ ਵਿਦੇਸ਼ਾਂ ’ਚ ਰੁਲਣ ਲਈ ਤਿਆਰ ਰਹਿੰਦਾ ਹੈ। ਇਹ ਆਪਣੇ ਆਪ ਵਿੱਚ ਗਹਿਰਾ ਸੰਕਟ ਹੈ। ਵਿਦੇਸ਼ਾਂ ਵਿੱਚ ਇਹ ਸਭਿਆਚਾਰਕ/ਬੌਧਿਕ ਪੱਧਰ ’ਤੇ ਸਾਹਸੱਤਹੀਣ ਵੀ ਹੁੰਦਾ ਜਾ ਰਿਹਾ ਹੈ।’’ (ਪੰਨਾ 220)। ਇਸੇ ਅਨੁਭਾਗ ਵਿੱਚ ਹਾਇਕੂਕਾਰ ਪਰਮਿੰਦਰ ਸੋਢੀ ਦਾ ਸ਼ਬਦ-ਚਿੱਤਰ ਸਿਰਜਣਸ਼ੀਲਤਾ ਤੇ ਵਿਚਾਰਵਾਨਤਾ ਦੀ ਮਿਸਾਲ ਹੈ: ‘‘ਰਚਨਾਤਮਿਕ ਜੱਦੋਜਹਿਦ ਕਰਦਾ ਬੰਦਾ ਇਕੱਲਾ ਹੁੰਦਾ। ਇਕੱਲਤਾ, ਜੱਦੋਜਹਿਦ, ਕਵਿਤਾ- ਤਿੰਨੋਂ ਸਕੀਆਂ ਭੈਣਾਂ ਹਨ। ਚੁੱਪ ਤੇ ਕੁਦਰਤ ਇੱਕੋ ਬੀਜ ਤੋਂ ਉਪਜੀਆਂ ਹਨ। ਭੀੜ ਕਵਿਤਾ ਨੂੰ ਰੌਂਦਦੀ ਹੈ। ਸ਼ੋਰ ’ਚ ਪੰਛੀ ਤੜਪਦੇ ਹਨ ਤੇ ਜਾਨਵਰ ਭੈਭੀਤ ਹੁੰਦੇ ਹਨ। ਸ਼ੋਰ ਵਿੱਚ ਮਨੁੱਖ ਦੇ ਗੀਤ ਫੌਤ ਹੋ ਜਾਂਦੇ ਨੇ ਤੇ ਭਾਵਾਂ ਦੀ ਪਾਕੀਜ਼ਗੀ ਪਸਤ ਹੋ ਜਾਦੀ ਹੈ। ... ਪੂੰਜੀ ਸ਼ੋਰ ਦਾ ਮਹਾਤਮ ਸਿਰਦੀ ਹੈ। ਪੂੰਜੀ ਦਾ ਦੂਜਾ ਨਾਂ ਵਸਤਾਂ ਦੀ ਖਪਤ ਨਾਲ ਪ੍ਰਣਾਅ ਕੇ ਬੰਦਾ ਆਪ ਖ਼ਤਮ ਹੋਣ ਲੱਗਦਾ। ... ਸਮਾਂ ਬਦਲਦਾ ਤੇ ਸੋਢੀ ਇੱਕ ਤੋਂ ਬਾਅਦ ਇੱਕ- ਪੰਜ ਰੈਸਤੋਰਾਂ ਦਾ ਮਾਲਕ ਬਣ ਜਾਂਦਾ ਹੈ। ਦਿਨ ਭਰ ਦੀ ਇਕੱਠੀ ਕੀਤੀ ਪੂੰਜੀ ਸ਼ਾਮ ਨੂੰ ਬੈਂਕ ’ਚ ਪੁੱਜਦੀ ਹੈ ਤੇ ਇਹਦੀ ਚੁੱਪ ਨੂੰ ਨਿਗਲ ਜਾਂਦੀ ਹੈ। ਇਹਦਾ ਕਵਿਤਾ ਨਾਲ ਮੋਹ ਘਟਦਾ ਤੇ ਇੰਡੀਆ ਵਿੱਚ ਬਣੇ ਟਾਊਟਾਂ ਨਾਲ ਮੋਹ ਜਾਗਣ ਲੱਗਦਾ ਹੈ।’’ (ਪੰਨਾ 262)।
14 ਸ਼ਬਦ ਚਿੱਤਰ ਹਨ ਇਸ ਅਨੁਭਾਗ ਵਿੱਚ। ਸਾਰੇ ਹੀ ਇਕੋ ਜਿਹੇ ਥਿਰਕਵੇਂ। ਪਾਤਰਾਂ ਦੇ ਵਜੂਦ ਦਾ ਪੂਰੀ ਵਜਦ ਨਾਲ ਵਰਣਨ ਕਰਨ ਵਾਲੇ। ਕੁਝ ਪ੍ਰਮੁੱਖ ਨਾਮ ਹਨ: ਕਰਤਾਰ ਢਿੱਲੋਂ, ਸੁਰਜਨ ਜ਼ੀਰਵੀ, ਗੁਰਚਰਨ ਰਾਮਪੁਰੀ, ਤਰਸੇਮ ਨੀਲਗਿਰੀ, ਵੀਨਾ ਵਰਮਾ, ਡਾ. ਸਾਧੂ ਸਿੰਘ। ਸਾਰਿਆਂ ਦੀਆਂ ਖ਼ੂਬੀਆਂ-ਖ਼ਾਮੀਆਂ ’ਤੇ ਉਂਗਲ ਧਰਨ ਪੱਖੋਂ ਇੱਕੋ ਜਿਹੀ ਇਨਾਇਤਕੀਤੀ ਗਈ ਹੈ।
ਤੀਜਾ ਅਨੁਭਾਗ ‘ਪੰਜਾਬ ਪਰਵਾਸ ਪੰਜਾਬ’ ਵਿਅਕਤੀਆਂ ਦੀ ਥਾਂ ਵਰਤਾਰਿਆਂ ਉੱਤੇ ਕੇਂਦ੍ਰਿਤ ਹੈ। ਇਹ ਸਿਧਾਂਤਵਾਦੀ ਚਿੰਤਨ ਨਾਲ ਸਰਾਬੋਰ ਹੈ। ਯੂਨੀਵਰਸਿਟੀ ਅਧਿਆਪਕੀ ਸ਼ੈਲੀ ਵਾਲਾ ਉਲਝਾਉਵਾਦੀ ਚਿੰਤਨ ਨਹੀਂ ਇਹ, ਪਾਠਕ ਅੰਦਰ ਸੂਝ ਜਗਾਉਣ ਵਾਲਾ ਚਿੰਤਨ ਹੈ ਇਹ। ਇੱਕ ਮਿਸਾਲ: ‘‘ਪਰਵਾਸ ਦਾ ਵਰਤਾਰਾ ਪੰਜਾਬ ਵਿੱਚ ਉਤਪੰਨ ਹੋਣ ਵਾਲੀ ਸਮਾਜਿਕ/ਸਿਆਸੀ ਸਥਿਤੀ ਨਾਲ ਅੰਤਰ-ਨਾਤੇ ਵਿੱਚ ਬੱਝਾ ਹੋਇਆ ਹੈ। ਤਦ ਪੰਜਾਬ ਦੇ ਸਿਆਸੀ/ਆਰਥਿਕ ਪ੍ਰਸੰਗ ਅਗਰ-ਭੂਮੀ ਵਿੱਚ ਆ ਜਾਂਦੇ ਹਨ। ਸੱਤਾਵਾਨ ਸਿਆਸਤ ਦੀ ਅਲਗਰਜ਼ੀ ਪੰਜਾਬੀ ਬੰਦੇ ਨੂੰ ਲਾਚਾਰੀ-ਵੱਸ ਆਪਣੀ ਭੋਇੰ ਨੂੰ ਛੱਡਣ ਲਈ ਤਿਆਰ ਕਰਦੀ ਹੈ। ਇਸ ਬੰਦੇ ਕੋਲ ਉਹ ਤੰਤ ਨਹੀਂ ਰਹੇ ਜੋ ਇਹਦੀ ਲਾਚਾਰੀ ਨੂੰ ਸਿਆਸੀ ਪ੍ਰਤੀਰੋਧ ਵਿੱਚ ਤਬਦੀਲ ਕਰ ਸਕੇ। ਬਿਨਾਂ ਬੌਧਿਕ ਜੁਗਤਾਂ ਦੇ ਇਹਦਾ ਵਿਦਰੋਹ ਵਿਸਫੋਟੀ ਪੱਧਰ ਦਾ ਹੋ ਕੇ ਰਹਿ ਜਾਂਦਾ ਹੈ। ਇਹ ਬੌਧਿਕਤਾ ਨੂੰ ਵਰਤੇ ਜਾਣ ਵਾਲਾ ਹਥਿਆਰ ਨਹੀਂ ਸਮਝਦਾ।’’ (ਪੰਨਾ 324)। ਇੱਕ ਦਰਜਨ ਨਿਬੰਧ ਹਨ ਇਸ ਅਨੁਭਾਗ ਵਿੱਚ। ਸਾਰੇ ਮੌਲਿਕਤਾ ਦੀ ਚਾਸ਼ਨੀ ਵਿੱਚ ਗੜੁੱਚ।
* * *
‘ਸੰਪੂਰਨ ਵਾਰਤਕ’ ਦੀ ਦੂਜੀ ਜਿਲਦ ਆਦਿ ਤੋਂ ਅੰਤ ਤੱਕ 2015 ਵਾਲੀ ‘ਮਹਾਂਯਾਤਰਾ’ ਹੈ। 360 ਪੰਨਿਆਂ ਵਿੱਚ ਫੈਲੀ ਹੋਈ। 30 ਵਰ੍ਹਿਆਂ ਦੀਆਂ ਵਿਦੇਸ਼ ਫੇਰੀਆਂ ਦਾ ਬਿਰਤਾਂਤ, ਪਰ ਰਵਾਇਤੀ ‘ਸਫ਼ਰਨਾਮਾ’ ਤਰਜ਼ ਵਾਲਾ ਨਹੀਂ। ਰਵਾਇਤ ਗੁਰਬਚਨ ਹੁਰਾਂ ਦੇ ਸੁਭਾਅ ’ਚ ਨਹੀਂ ਰਚੀ ਹੋਈ। ਜਦੋਂ ਕਦੇ ਰਵਾਇਤ ’ਚ ਬੱਝੇ ਵੀ ਤਾਂ ਘੋਰ ਮਜਬੂਰੀਵੱਸ। ਯਾਤਰਾਵਾਂ (ਉਨ੍ਹਾਂ ਦੇ ਸ਼ਬਦਾਂ ’ਚ ਲਟੋਰੀਆਂ) ਦਾ ਧਰਾਤਲ ਬਹੁਤ ਵਿਆਪਕ ਹੈ: ਫਰਾਂਸ, ਸਕੌਟਲੈਂਡ, ਇੰਗਲੈਂਡ, ਇਟਲੀ, ਹੌਲੈਂਡ, ਜਰਮਨੀ, ਜਾਪਾਨ ਅਤੇ ਕੈਨੇਡਾ/ਅਮਰੀਕਾ। ਇਹ ਵਿਦੇਸ਼ਾਂ ਵਿੱਚ ‘‘ਪੰਜਾਬੀ ਬੰਦੇ ਦੀ ਹਯਾਤੀ ਦੇ ਰਾਹ-ਰਸਤੇ... ਉਸ ਦੀ ਜੱਦੋਜਹਿਦ’’ ਦਾ ਅੱਖੀਂ ਡਿੱਠਾ ਬਿਆਨ ਹੈ, ਪੂਰੀ ਬੌਧਿਕ ਲੈਅ ਤੇ ਸੁਰਬੰਦੀਆਂ ਵਾਲਾ। ਇੱਕ ਮਿਸਾਲ: ‘‘ਪੰਜਾਬੀ ਪਰਵਾਸ ਜ਼ਿਆਦਾਤਰ ਭੋਇੰਮੁਖੀ ਬੰਦੇ ’ਤੇ ਕੇਂਦ੍ਰਿਤ ਰਿਹਾ ਹੈ। ਪਿਛਾਂਹ ਪਿੰਡ ਦੀ ਥਿਰਤਾ ਤੋਂ ਪੱਛਮ ਦੀ ਗਤੀਮਾਨ ਆਧੁਨਿਕਤਾ ਵੱਲ ਦੇ ਸਫ਼ਰ ਨੇ ਪੇਚੀਦਗੀਆਂ ਪੈਦਾ ਕਰਨੀਆਂ ਹੀ ਸਨ। ... ਇਸ ਬੰਦੇ ਲਈ ਪੱਛਮ ਦੀ ਵਿਰਾਟ ਸਮਾਜਿਕਤਾ/ ਸਭਿਆਚਾਰਕਤਾ ਨਾਲ ਅੰਤਰ-ਨਾਤੇ ਵਿੱਚ ਬੱਝਣਾ ਲਗਪਗ ਅਸੰਭਵ ਹੈ।’’ (ਪੰਨਾ 11) ਇਹ ਮਹਾਂਯਾਤਰਾ ‘ਪੈਰਿਸ ਵਿੱਚ ਇੱਕ ਦਿਨ’ ਤੋਂ ਸ਼ੁਰੂ ਹੋ ਕੇ ‘ਪੋਸਟ ਮਾਡਰਨ ਨਿਊਯੌਰਕ’ ਤਕ ਫੈਲੀ ਹੋਈ ਹੈ। ਚੁਸਤ ਫ਼ਿਕਰਿਆਂ ਤੇ ਆਤਿਸ਼ੀ ਕਿਣਕਿਆਂ ਨਾਲ ਲੈੱਸ ਜਿਵੇਂ, ‘‘...ਜੌਹਲ ਦੀ ਉਮਰ ਸੱਤਰ ਸਾਲਾਂ ਤੋਂ ਕਿਤੇ ਜ਼ਿਆਦਾ ਹੈ। ਚਿਹਰਾ ਲਾਲ ਹੈ। ਗੱਲ ਕਰਨ ਦੇ ਸਟਾਈਲ ਤੋਂ ਲੱਗਦਾ ਹੈ ਜਿਵੇਂ ਮੁੱਛ ਉੱਚੀ ਤੇ ਮੱਤ ਨੀਵੀਂ ਹੋਵੇ।’’ (ਪੰਨਾ 136)।
* * *
ਤੀਜੀ ਜਿਲਦ 1995 ਵਿੱਚ ਪ੍ਰਕਾਸ਼ਿਤ ‘ਸਾਹਿਤ ਦੇ ਸਿਕੰਦਰਾਂ’ ਵਾਲੀ ਹੈ। ਸਿਕੰਦਰਾਂ ਦੀਆਂ ਸਫ਼ਾਂ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ, ਸੰਤ ਸਿੰਘ ਸੇਖੋਂ, ਬਲਵੰਤ ਗਾਰਗੀ, ਹਰਿਭਜਨ ਸਿੰਘ, ਦੇਵਿੰਦਰ ਸਤਿਆਰਥੀ, ਮਹਿੰਦਰ ਸਿੰਘ ਸਰਨਾ, ਸੁਖਬੀਰ, ਦਲੀਪ ਕੌਰ ਟਿਵਾਣਾ, ਹਰਨਾਮ ਤੇ ਪਾਸ਼ ਆਉਂਦੇ ਹਨ। ਸੁਰਜੀਤ ਪਾਤਰ ਬਾਰੇ ਤਿੰਨ ਰਚਨਾਵਾਂ ਹਨ; ਪਾਸ਼ ਬਾਰੇ ਦੋ, ਹਰਿਭਜਨ ਸਿੰਘ ਬਾਰੇ ਡੇਢ ਤੇ ਲਾਲ ਸਿੰਘ ਗਿੱਲ ਬਾਰੇ ਦੋ। ਚੈਖਵ, ਸਤੀ ਕੁਮਾਰ ਤੇ ਸਆਦਤ ਹਸਨ ਮੰਟੋ ਵੀ ਸਿਕੰਦਰਾਂ ਵਿੱਚ ਸ਼ੁਮਾਰ ਹਨ। ਕਿਤਾਬ ਦਾ ਇੱਕ ਅਨੁਭਾਗ ਫਿਲਮੀ ਸਿਕੰਦਰਾਂ ਬਾਰੇ ਹੈ। ਇਸ ਵਿੱਚ ਦੇਵ ਆਨੰਦ, ਮਧੂ ਬਾਲਾ, ਗੀਤਾ ਬਾਲੀ, ਸੁਰੱਈਆ, ਖਵਾਜਾ ਅਹਿਮਦ ਅੱਬਾਸ ਤੋਂ ਇਲਾਵਾ ਥੀਏਟਰ ਨਾਲ ਜੁੜੀਆਂ ਹਸਤੀਆਂ- ਪ੍ਰਿਥਵੀ ਰਾਜ ਕਪੂਰ, ਹਬੀਬ ਤਨਵੀਰ ਤੇ ਉਤਪਲ ਦੱਤ ਮੌਜੂਦ ਹਨ। ਰਵਾਇਤੀ ਕਿਸਮ ਦੇ ਨਹੀਂ ਹਨ ਇਹ ਪੋਰਟਰੇਟ। ਤਾਰੀਫ਼ ਦੇ ਨਾਲੋ ਨਾਲ ਡੰਗਾਂ-ਚੋਭਾਂ ਨਾਲ ਵੀ ਲਬਰੇਜ਼। ਗੁਰਬਖਸ਼ ਸਿੰਘ ਪ੍ਰਤੀਲੜੀ ਦੇ ਪੋਰਟਰੇਟ ਵਿੱਚੋਂ ਲਈ ਇੱਕ ਮਿਸਾਲ: ‘‘ਉਹਦਾ ਪੁੱਤਰ ਨਵਤੇਜ ਸਿੰਘ ਜ਼ਹੀਨ ਮਨੁੱਖ ਸੀ। ਉਹਦਾ ਰਹਿਣ-ਢੰਗ ਪਿਤਾ ਦੇ ਉਲਟ ਸੀ, ਜਿਵੇਂ ਉਹ ਆਪਣੀ ਦਿੱਖ, ਮੋਟੇ ਢਿੱਡ, ਢਿਲਕੀ ਪੈਂਟ ਤੇ ਬੇਤਰਤੀਬ ਪੱਗ ਅਤੇ ਮਲੰਗਾਂ ਵਰਗੀ ਚਾਲ-ਢਾਲ ਰਾਹੀਂ ਪਿਉ ਦੇ ਸਿਰਜੇ ਸੁਹਣੀ ਸੁਨੱਖੀ ਸ਼ਖ਼ਸੀਅਤ ਬਾਰੇ ਬਿੰਬ ਦੀ ਯਹੀਤਹੀ ਫੇਰ ਰਿਹਾ ਹੋਵੇ। ਫਿਰ ਵੀ ਪਿਤਾ ਸ਼ਿਰੀ ਤੇ ‘ਪ੍ਰੀਤ ਲੜੀ’ ਰਾਹੀਂ ਜੋ ਭੁਲਾਵੀਂ ਦੁਨੀਆ ਸਿਰਜੀ ਜਾ ਚੁੱਕੀ ਸੀ, ਉਸ ਦੇ ਜਾਦੂ ਅਸਰ ਤੋਂ ਨਵਤੇਜ ਬਚ ਨਹੀਂ ਸਕਿਆ। ... ਉਹ ਗੁਰਬਖਸ਼ ਸਿੰਘ ਦਾ ਪੁੱਤਰ ਐਲਾਨੇ ਜਾਣ ਦੀ ਸ਼ਾਨ ਬਗ਼ੈਰ ਰਹਿ ਵੀ ਨਹੀਂ ਸੀ ਸਕਦਾ। ਉਹ ਪਿਤਾ ਸ਼ਿਰੀ ਦਾ ਫਰਜ਼ੰਦ ਹੀ ਨਹੀਂ ਸੀ, ‘ਪ੍ਰੀਤ ਲੜੀ’ ਦਾ ਜਾਂਨਸ਼ੀਨ ਵੀ ਸੀ।’’ (ਪੰਨਾ 23)।
* * *
ਚੌਥੀ ਜਿਲਦ (408 ਪੰਨੇ) ਸਵੈ-ਜੀਵਨੀ ‘ਉਨ੍ਹਾਂ ਦਿਨਾਂ ਵਿੱਚ’ ਨਿਬੰਧ ਸੰਗ੍ਰਹਿ ‘ਤਬਸਰਾ’ ਦਾ ਸੁਮੇਲ ਹੈ। ਸਵੈ-ਜੀਵਨੀ ਜਾਂ ਆਤਮਕਥਾ ਵਰਗੇ ਸ਼ਬਦ ਗੁਰਬਚਨ ਦੀ ਸੋਚ-ਪਰਿਧੀ ’ਚੋਂ ਖਾਰਿਜ ਸ਼ਬਦ ਹਨ, ਪਰ ਸਵੈ ਬਾਰੇ ਲੇਖਣ ਨੂੰ ਹੋਰ ਕੀ ਕਹੀਏ? ਇਹ ਸਮੀਖਿਅਕ ਇੱਥੇ ਕੁਝ ਮਿਸਾਲਾਂ ਦੇਣੀਆਂ ਚਾਹੁੰਦਾ ਸੀ, ਪਰ ਅਖ਼ਬਾਰੀ ਲਿਖਤਾਂ ਦੀਆਂ ਆਪਣੀਆਂ ਸੀਮਾਵਾਂ ਹੁੰਦੀਆਂ ਹਨ। ਉਨ੍ਹਾਂ ਅੰਦਰ ਸਪੇਸ ਦੀ ਲੋੜੋਂ ਵੱਧ ਖਪਤ ਦਾ ਲਚੀਲਾਪਣ ਨਹੀਂ ਹੁੰਦਾ।
ਪੰਜਵੀਂ ਜਿਲਦ (424 ਪੰਨੇ) ਸੈਮੀਨਾਰੀ ਪਰਚਿਆਂ ਤੇ ਉਸੇ ਤਰਜ਼ ਦੇ ਮਜ਼ਮੂਨਾਂ ਦਾ ਸੰਗ੍ਰਹਿ ਹੈ। ਪਰਚੇ ਮਾਰਕਸੀ ਚਿੰਤਨ ਤੇ ਚਿੰਤਕਾਂ, ਸੰਰਚਨਾਵਾਦ ਤੇ ਚਿਹਨ ਵਿਗਿਆਨ, ਕਵਿਤਾ ਤੇ ਕਾਵਿ ਬਾਰੇ ਹਨ। 14 ਕਿਤਾਬਾਂ ਬਾਰੇ ਸਮਾਲੋਚਨਾਤਮਿਕ ਲੇਖ ਹਨ ਅਤੇ ਸਾਹਿਤ ਤੇ ਸਾਹਿਤਕਾਰਾਂ ਬਾਰੇ ਨਿੱਕ-ਸੁੱਕ ਹੈ। ਬਹੁਤੀਆਂ ਰਚਨਾਵਾਂ ਕੁਸੈਲੇ ਸੱਚ ਬਿਆਨਦੀਆਂ ਹਨ, ਜਿਵੇਂ: ‘‘ਸਮਝੌਤਾ ਬਿਰਤੀ ਨੂੰ ਲੁਪਤ ਰੱਖਣ ਵਿੱਚ ‘ਸਫਲਤਾ’ ਪ੍ਰਾਪਤ ਕਰਨ ਵਾਲਾ ਸਿਰਫ਼ ਸੁਰਜੀਤ ਪਾਤਰ ਹੀ ਨਹੀਂ ਹੈ। ਉਸ ਤੋਂ ਪਹਿਲਾਂ ਹਰਿਭਜਨ ਸਿੰਘ ਦੇ ਕਾਵਿ ਵਿੱਚ ਵੀ ਇਹ ਬਿਰਤੀ ਦਿਖਾਈ ਦੇਂਦੀ ਹੈ। ਪੰਜਾਬੀ ਦੇ ਬਹੁਤੇ ਪ੍ਰਤਿਭਾਸ਼ਾਲੀ ਕਵੀ ਦਵੰਦ-ਮੁਕਤ ਦ੍ਰਿਸ਼ਮੁਖਤਾ ਤੱਕ ਸੀਮਤ ਰਹਿੰਦੇ ਹਨ।... ਸਾਡੇ ਕਵੀਆਂ ਦਾ ਕਿਸੇ ਵੀ ਸੱਤਾਧਾਰੀ ਧਿਰ ਵੱਲੋਂ ਪੁਰਸਕ੍ਰਿਤ/ਆਭੂਸ਼ਿਤ ਹੋਣਾ ਜਾਂ ਇਹਦੀ ਖ਼ਾਤਰ ਯਤਨ ਕਰਨਾ ਇਸ ਬਿਰਤੀ ਦਾ ਵੱਡਾ ਪ੍ਰਮਾਣ ਹੈ।’’ (ਪੰਨਾ 249-50)
ਨੋਬੇਲ ਪੁਰਸਕਾਰ ਵਿਜੇਤਾ ਜੌਹਨ ਸਟੇਨਬੈਕ ਨੇ 1942 ਵਿੱਚ ਲਿਖਿਆ ਸੀ, ‘‘ਬੰਦਾ ਜੇ ਥੋੜ੍ਹਾ-ਬਹੁਤ ਵੀ ਪੜ੍ਹਿਆ-ਲਿਖਿਆ ਹੈ ਤਾਂ ਉਸ ਨੂੰ ਆਪਣੇ ਦਿਮਾਗ਼ ’ਤੇ ਕਾਈ ਨਹੀਂ ਜੰਮਣ ਦੇਣੀ ਚਾਹੀਦੀ।’’ ਗੁਰਬਚਨ ਹੁਰਾਂ ਦਾ ਪੰਜ ਜਿਲਦਾਂ ਵਾਲਾ ਮਹਾਂ-ਗਰੰਥ ਦਿਮਾਗ਼ ਨੂੰ ਕਾਈ ਤੋਂ ਬਚਾਉਣ ਦਾ ਵੀ ਬਿਹਤਰੀਨ ਵਸੀਲਾ ਹੈ ਅਤੇ ਜੰਮੀ ਕਾਈ ਹਟਾਉਣ ਦਾ ਵੀ।