ਭਰੇ ਗੱਚ ਦਾ ਸਕੂਨ
ਪਾਲੀ ਰਾਮ ਬਾਂਸਲ
“ਆਹ ਕਰ ਕੋਈ ਹੀਲਾ ਇਹਦਾ। ਬਾਪ ਦੀ ਮੌਤ ਤੋਂ ਬਾਅਦ ਵਿਚਾਰੇ ਦੀ ਮਾਲੀ ਹਾਲਤ ਮਾੜੀ ਹੋ ਗਈ।” ਬੈਂਕ ਦੀ ਕਰਜ਼ੇ ਵਾਲੀ ਕਾਪੀ ਮੈਨੂੰ ਫੜਾਉਂਦਿਆਂ ਮੇਰੇ ਮਿੱਤਰ ਤੇ ਸਹਿਪਾਠੀ ਰਹੇ ਕਰਮਜੀਤ ਨੇ ਕਿਹਾ।
“ਇਹ ਤਾਂ ਪੁੰਨ ਵਾਲਾ ਕੰਮ ਹੀ ਐ। ਗਊ ਗਾਰ ’ਚੋਂ ਕੱਢਣ ਵਾਲਾ ਕੰਮ ਐ ਵੀਰੇ।” ਨਾਲ ਆਏ ਰਿਟਾਇਰਡ ਸੀਨੀਅਰ ਅਫਸਰ ਹਰਮਿੰਦਰ ਸਿੰਘ ਨੇ ਕਰਮਜੀਤ ਦੀ ਕਹੀ ਗੱਲ ਦੀ ਪ੍ਰੋੜਤਾ ਕੀਤੀਾ।
“ਕੋਈ ਗੱਲ ਨਹੀਂ, ਦੇਖਦਾਂ ਕੀ ਮਦਦ ਕਰ ਸਕਦਾਂ ਮੈਂ ਇਹਦੀ। ਵੈਸੇ ਰਿਟਾਇਰਮੈਂਟ ਤੋਂ ਬਾਅਦ ਕਿਸੇ ਦੀ ਆਪਣੇ ਮਹਿਕਮੇ ’ਚ ਉਹ ਗੱਲ ਤਾਂ ਨ੍ਹੀਂ ਰਹਿੰਦੀ ਜੋ ਨੌਕਰੀ ਦੌਰਾਨ ਹੁੰਦੀ ਐ ਪਰ ਮੈਂ ਕੋਸ਼ਿਸ਼ ਪੂਰੀ ਕਰਦਾਂ।” ਰਿਟਾਇਰਮੈਂਟ ਤੋਂ ਬਾਅਦ ਕਿਸੇ ਵੀ ਮਹਿਕਮੇ ਵਿੱਚ ਸੁਣਵਾਈ ਘਟ ਜਾਣ ਦੀ ਅਸਲੀਅਤ ਵੀ ਮੈਂ ਉਨ੍ਹਾਂ ਨੂੰ ਦੱਸ ਦਿੱਤੀ।
“ਗੁਰੂ ਜੀ, ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ। ਸਾਰੀ ਸਰਵਿਸ ਦੌਰਾਨ ਤੁਸੀਂ ਮੁਲਾਜ਼ਮ ਹਿੱਤਾਂ ਲਈ ਲੜਦੇ ਰਹੇ ਓ। ਆਪਣੇ ਨੁਕਸਾਨ ਦੀ ਵੀ ਕਦੀ ਪ੍ਰਵਾਹ ਨ੍ਹੀਂ ਕੀਤੀ। ਮੈਨੂੰ ਤਾਂ ਲਗਦਾ ਨਹੀਂ ਕਿ ਅੱਜ ਵੀ ਤੁਹਾਨੂੰ ਕੋਈ ਕੰਮ ਨੂੰ ਜਵਾਬ ਦੇਵੇਗਾ।” ਹੁਣ ਬੋਲਣ ਦੀ ਵਾਰੀ ਕਰਮਜੀਤ ਹੁਰਾਂ ਨਾਲ ਆਏ ਗੁਰਮੀਤ ਗੀਤੀ ਦੀ ਸੀ।
“ਕੋਈ ਗੱਲ ਨਹੀਂ, ਮੈਂ ਹੁਣੇ ਕਰਦਾਂ ਗੱਲ। ਮੌਜੂਦਾ ਮੈਨੇਜਰ ਮੇਰਾ ਅਜ਼ੀਜ਼ ਈ ਐ। ਮੁੰਡਾ ਵੀ ਵਧੀਆ ਐ।” ਮੈਂ ਸਬੰਧਿਤ ਬਰਾਂਚ ਦੇ ਮੈਨੇਜਰ ਨੂੰ ਨੰਬਰ ਡਾਇਲ ਕਰਦੇ-ਕਰਦੇ ਕਿਹਾ। ਅੱਗਿਓਂ ਮੈਨੇਜਰ ਨੇ ਫੋਨ ਚੁੱਕਦਿਆਂ ਆਦਰ ਜ਼ਾਹਿਰ ਕੀਤਾ, “ਸਤਿ ਸ੍ਰੀ ਅਕਾਲ ਸਰ। ਹੋਰ ਸਭ ਠੀਕ-ਠਾਕ ਐ। ਕਦੇ ਗੇੜਾ ਹੀ ਨਹੀਂ ਮਾਰਿਆ ਬ੍ਰਾਂਚ ’ਚ। ਆਜੋ ਕਦੇ ਚਾਹ ਦਾ ਕੱਪ ਸਾਂਝਾ ਕਰਦੇ ਹਾਂ।”
“ਓਏ ਭਰਾ ਮੇਰੇ, ਅਸੀਂ ਹੋਏ ਹੁਣ ਵਿਹਲੇ ਬੰਦੇ। ਜੇ ਤੁਹਾਡੇ ਕੋਲ ਆ ਕੇ ਬੈਠਣ ਲੱਗ ਪਏ ਤਾਂ ਤੁਸੀਂ ਹੀ ਕਿਹਾ ਕਰਨੈ ਕਿ ਰਿਟਾਇਰਮੈਂਟ ਤੋਂ ਬਾਅਦ ਇਹ ਆਪ ਤਾਂ ਵਿਹਲੇ ਨੇ, ਸਾਡਾ ਟਾਈਮ ਖਰਾਬ ਕਰਨ ਆ ਜਾਂਦੇ ਨੇ।” ਮੈਂ ਮੈਨੇਜਰ ਨੂੰ ਮਿੱਠੀ ਜਿਹੀ ਟਕੋਰ ਮਾਰੀ।
“ਨਹੀਂ ਸਰ, ਤੁਸੀ ਤਾਂ ਗੁਰੂ ਹੋ ਸਾਡੇ। ਤੁਹਾਡੇ ਲਈ ਹਮੇਸ਼ਾ ਹੀ ਸਤਿਕਾਰ ਰਹੇਗਾ।” ਮੈਨੇਜਰ ਨੇ ਸਤਿਕਾਰ ਜਤਾਇਆ।
“ਅੱਛਾ! ਹੁਣ ਜਦੋਂ ਗੁਰੂ ਕਹਿ ਹੀ ਰਿਹੈਂ ਤਾਂ ਇੱਕ ਗੱਲ ਸੁਣ... ਆਹ ਖਾਤਾ ਨੰਬਰ ਨੋਟ ਕਰ ਤੇ ਦੱਸ ਕਿ ਬੈਂਕ ਦੀ ਸਕੀਮ ਮੁਤਾਬਕ ਕਿੰਨੇ ਪੈਸੇ ਭਰ ਕੇ ਖਾਤਾ ਬੰਦ ਹੁੰਦੈ।” ਮੈਂ ਝੱਟ ਅਸਲੀ ਮੁੱਦੇ ਦੀ ਗੱਲ ਕੀਤੀ।
“ਸਰ, ਇਨ੍ਹਾਂ ਨੂੰ ਕੁੱਲ 3 ਲੱਖ ਕਿਹਾ ਸੀ।” ਮੈਨੇਜਰ ਨੇ ਜਵਾਬ ਦਿੱਤਾ।
“ਛੋਟੇ ਵੀਰ, ਰਕਮ ਭਰਵਾ ਤਾਂ ਜਿੰਨੀ ਮਰਜ਼ੀ ਲੈ ਪਰ ਇਹ ਸਮਝ ਕੇ ਭਰਵਾਈਂ ਕਿ ਜੋ ਰਕਮ ਭਰਵਾਉਣੀ ਐ ਨਾ, ਉਹ ਮੇਰੀ ਜੇਬ ਚੋਂ ਹੀ ਜਾਣੀ ਐ। ਗੁਰੂ ਦਾ ਮਾਨ ਰੱਖਣਾ ਐ ਫਿਰ।” ਮੈਂ ਥੋੜ੍ਹਾ ਜਜ਼ਬਾਤੀ ਲਹਿਜ਼ੇ ਵਿੱਚ ਕਿਹਾ।
“ਸਰ, ਮੈਂ ਵਾਪਸ ਫੋਨ ਕਰਦਾਂ ਤੁਹਾਨੂੰ ਸਾਰਾ ਹਿਸਾਬ ਲਾ ਕੇ।” ਮੈਨੇਜਰ ਨੇ ਕਹਿ ਕੇ ਫੋਨ ਬੰਦ ਕਰ ਦਿੱਤਾ।
ਹਰਮਿੰਦਰ ਨੇ ਮੇਰੀ ਪਿੱਠ ਥਾਪੜੀ, “ਵੀਰ, ਕੰਮ ਹੋਵੇ ਜਾਂ ਨਾ ਹੋਵੇ ਪਰ ਠੋਸ ਗੱਲ ਤੇ ਦਿਲੋਂ ਸਿਫਾਰਸ਼ ਕਰ ਕੇ ਸਵਾਦ ਲਿਆ’ਤਾ।”
ਗੱਲਾਂ-ਬਾਤਾਂ ਕਰਦਿਆਂ ਨੂੰ ਮੈਨੇਜਰ ਦਾ ਫੋਨ ਆਇਆ, “ਸਰ, ਸਕੀਮ ਮੁਤਾਬਕ ਡੇਢ ਲੱਖ ਨਾਲ ਖਾਤਾ ਬੰਦ ਹੋਜੂ।”
“ਓਕੇ, ਥੈਂਕਸ।” ਕਹਿੰਦਿਆਂ ਮੈਂ ਫੋਨ ਕੱਟ ਦਿੱਤਾ ਤੇ ਆਏ ਸੱਜਣਾਂ ਨੂੰ ਕਿਹਾ ਕਿ ਕੱਲ੍ਹ ਡੇਢ ਲੱਖ ਭਰ ਕੇ ਜ਼ਮੀਨ ਦਾ ਫੱਕ ਸਰਟੀਫਿਕੇਟ ਲੈ ਲਿਓ ਬੈਂਕ ’ਚੋਂ।
ਦੂਜੇ ਦਿਨ ਮੇਰੇ ਫੋਨ ਦੀ ਘੰਟੀ ਖੜਕੀ, “ਸਤਿ ਸ੍ਰੀ ਅਕਾਲ ਅੰਕਲ ਜੀ, ਮੈਂ ਮਲਕੀਤ ਗੱਗੜਪੁਰ ਵਾਲੇ ਦਾ ਮੁੰਡਾ ਬੋਲਦਾਂ... ਕੰਮ ਹੋ ਗਿਆ ਬੈਂਕ ਵਾਲਾ ਤੇ ਫੱਕ ਸਰਟੀਫਿਕੇਟ ਵੀ ਮਿਲ ਗਿਆ। ਬਹੁਤ ਬਹੁਤ ਧੰਨਵਾਦ ਜੀ।” ਉਹਨੇ ਬੈਂਕ ਵਿੱਚ ਡੇਢ ਲੱਖ ਰੁਪਏ ਨਾਲ ਆਪਣੇ ਪਿਤਾ ਦਾ ਕਰਜ਼ੇ ਵਾਲਾ ਖਾਤਾ ਬੰਦ ਕਰਾਉਣ ਤੋਂ ਬਾਅਦ ਮੈਨੂੰ ਫੋਨ ਕੀਤਾ ਸੀ। ਮੈਂ ਨੋਟ ਕੀਤਾ, ਉਸ ਦਾ ਗੱਚ ਭਰਿਆ ਹੋਇਆ ਸੀ। ਲਗਦਾ ਸੀ, ਗੱਚ ਜਜ਼ਬਾਤ ਭਰਪੂਰ ਖੁਸ਼ੀ ਨਾਲ ਭਰਿਆ ਸੀ।
“ਕੋਈ ਗੱਲ ਨ੍ਹੀਂ ਪੁੱਤਰਾ। ਜੇ ਮੇਰੇ ਇੱਕ ਫੋਨ ਨਾਲ ਤੇਰਾ ਡੇਢ ਲੱਖ ਦਾ ਫਾਇਦਾ ਹੋ ਗਿਆ ਤਾਂ ਮੈਨੂੰ ਤਾਂ ਡਾਢੀ ਖੁਸ਼ੀ ਐ।” ਉਸ ਦੇ ਗੱਚ ਭਰੇ ਬੋਲ ਪਤਾ ਨਹੀਂ ਕਿੰਨੀ ਦੇਰ ਕੰਨਾਂ ’ਚ ਗੂੰਜਦੇ ਰਹੇ ਤੇ ਮੈਨੂੰ ਸਕੂਨ ਭਰਿਆ ਆਨੰਦ ਮਹਿਸੂਸ ਕਰਾਉਂਦੇ ਰਹੇ।
ਸੰਪਰਕ: 81465-80919