ਸੀਤ ਲਹਿਰ ਨੇ ਠੱਲ੍ਹੀ ਜ਼ਿੰਦਗੀ ਦੀ ਰਫ਼ਤਾਰ
ਪੱਤਰ ਪ੍ਰੇਰਕ
ਬਨੂੜ, 12 ਜਨਵਰੀ
ਪਿਛਲੇ ਪੰਦਰਾਂ ਦਿਨਾਂ ਤੋਂ ਜਾਰੀ ਸੀਤ ਲਹਿਰ ਨੇ ਜਨਜੀਵਨ ਦੀ ਰਫ਼ਤਾਰ ਠੱਲ੍ਹ ਦਿੱਤੀ ਹੈ। ਲੋਕ ਠੰਢ ਤੋਂ ਬਚਣ ਲਈ ਅੱਗ ਦੀਆਂ ਧੂਣੀਆਂ ਸੇਕ ਰਹੇ ਹਨ ਅਤੇ ਸੜਕਾਂ ’ਤੇ ਆਵਾਜਾਈ ਵੀ ਘੱਟ ਹੈ। ਗਾਹਕ ਨਾ ਹੋਣ ਕਾਰਨ ਦੁਕਾਨਦਾਰ ਵੀ ਵਿਹਲੇ ਹਨ। ਉਧਰ, ਠੰਢ ਕਣਕ ਦੀ ਫ਼ਸਲ ਲਈ ਵਰਦਾਨ ਸਾਬਤ ਹੋ ਰਹੀ ਹੈ, ਜਦੋਂਕਿ ਆਲੂਆਂ ਦੀ ਫ਼ਸਲ ਵਿੱਚ ਜਿੱਥੇ ਭਾਅ ਦੀ ਮੰਦਹਾਲੀ ਹੈ, ਉੱਥੇ ਇਸ ਫ਼ਸਲ ਨੂੰ ਝੁਲਸ ਰੋਗ ਪੈਣ ਕਾਰਨ ਆਲੂ ਕਾਸ਼ਤਕਾਰ ਪ੍ਰੇਸ਼ਾਨ ਹਨ।
ਬਨੂੜ ਖੇਤਰ ਵਿੱਚ ਪਿਛਲੇ ਪੰਦਰਾਂ ਦਿਨਾਂ ਤੋਂ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੋਏ। ਬਜ਼ੁਰਗਾਂ ਅਤੇ ਬੱਚਿਆਂ ਨੂੰ ਸਾਂਭਣ ਲਈ ਪਰਿਵਾਰਾਂ ਨੂੰ ਪੂਰੀ ਸਾਵਧਾਨੀ ਵਰਤਣੀ ਪੈ ਰਹੀ ਹੈ। ਪਿੰਡਾਂ ਵਿੱਚ ਲੋਕ ਠੰਢ ਤੋਂ ਬਚਣ ਲਈ ਵਿਹੜਿਆਂ ਅੰਦਰ, ਸੱਥਾਂ ਵਿੱਚ ਅਤੇ ਸਾਂਝੀਆਂ ਥਾਂਵਾਂ ’ਤੇ ਲੱਕੜਾਂ ਬਾਲ਼ ਰਹੇ ਹਨ। ਪਸ਼ੂਆਂ ਨੂੰ ਵੀ ਅੱਗ ਬਾਲ ਕੇ ਗਰਮਾਇਸ਼ ਦਿੱਤੀ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਤਾਜ਼ਾ ਠੰਢ ਕਣਕ ਲਈ ਬੇਹੱਦ ਲਾਹੇਵੰਦ ਹੈ। ਉਨ੍ਹਾਂ ਦੱਸਿਆ ਕਿ ਇਸ ਵਰ੍ਹੇ ਕਣਕ ਦੀ ਬਿਜਾਈ ਅਗੇਤੀ ਹੋਣ ਕਾਰਨ ਜੇਕਰ ਇਹ ਠੰਢ ਨਾ ਪੈਂਦੀ ਤਾਂ ਕਣਕ ਦੀ ਸਮੁੱਚੀ ਫ਼ਸਲ ਨੇ ਨਿੱਸਰਨਾ ਆਰੰਭ ਹੋ ਜਾਣਾ ਸੀ, ਜਿਸ ਨੇ ਜਲਦੀ ਪੱਕ ਜਾਣਾ ਸੀ ਤੇ ਇਸ ਦਾ ਝਾੜ ਉੱਤੇ ਭਾਰੀ ਅਸਰ ਪੈਣਾ ਸੀ। ਕਿਸਾਨਾਂ ਨੇ ਆਲੂ ਤੇ ਹੋਰ ਸਬਜ਼ੀਆਂ ਅਤੇ ਚਾਰੇ ਵਾਲੀਆਂ ਫ਼ਸਲਾਂ ਲਈ ਤਾਜ਼ਾ ਠੰਢ ਨੂੰ ਨੁਕਸਾਨਦੇਹ ਦੱਸਿਆ। ਖੇਤੀ ਮਾਹਿਰਾਂ ਨੇ ਵੀ ਕੋਹਰਾ ਪੈਣ ਦੀ ਸੰਭਾਵਨਾ ਦੇ ਮੱਦੇਨਜ਼ਰ ਫ਼ਸਲਾਂ ਨੂੰ ਪਾਣੀ ਦੇਣ ਦੀ ਸਲਾਹ ਦਿੱਤੀ ਹੈ।
ਮੁੱਲਾਂਪੁਰ ਗ਼ਰੀਬਦਾਸ (ਪੱਤਰ ਪੇ੍ਰਕ): ਅੰਤਾਂ ਦੀ ਪੈ ਰਹੀ ਸੁੱਕੀ ਠੰਢ ਤੇ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ ਹੈ। ਕਈ ਦਿਨਾਂ ਤੋਂ ਧੁੱਪ ਵੀ ਨਹੀਂ ਨਿਕਲ ਰਹੀ। ਬਾਰਸ਼ ਨਾ ਹੋਣ ਕਾਰਨ ਪੈ ਰਹੀ ਸੁੱਕੀ ਠੰਢ ਤੋਂ ਬਚਾਅ ਲਈ ਲੋਕ ਧੂਣੀਆਂ ਬਾਲ਼ ਰਹੇ ਹਨ। ਹੈ। ਲੋਕਾਂ ਨੂੰ ਘਰਾਂ ਵਿੱਚੋਂ ਨਿਕਲਣਾ ਮੁਸ਼ਕਲ ਹੈ। ਠੰਢ ਕਾਰਨ ਦੁਧਾਰੂ ਮੱਝਾਂ, ਗਾਵਾਂ ਪਹਿਲਾਂ ਨਾਲੋਂ ਦੁੱਧ ਘੱਟ ਗਈਆਂ ਹਨ।
ਠੰਢ ਤੋਂ ਰਾਹਤ ਦੇ ਆਸਾਰ ਨਹੀਂ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ ਹੈ। ਅੱਜ ਦੁਪਹਿਰ ਹਲਕੀ ਧੁੱਪ ਨਿਕਲਣ ਦੇ ਬਾਵਜੂਦ ਸ਼ਹਿਰ ਦੇ ਤਾਪਮਾਨ ਵਿੱਚ ਕੋਈ ਖਾਸ ਅੰਤਰ ਨਹੀਂ ਆਇਆ। ਦਿਨ ਵੇਲੇ ਹਲਕੀ ਧੁੱਪ ਨਿਕਲ ਤੋਂ ਬਾਅਦ ਸ਼ਾਮ ਨੂੰ ਠੰਢੀਆਂ ਹਵਾਵਾਂ ਕਾਰਨ ਸ਼ਹਿਰ ਦੇ ਤਾਪਮਾਨ ’ਤੇ ਕੋਈ ਬਹੁਤਾ ਅਸਰ ਨਹੀਂ ਪਿਆ। ਚੰਡੀਗੜ੍ਹ ਵਿੱਚ ਅੱਜ ਵੱਧ ਤੋਂ ਵੱਧ ਤਾਪਮਾਨ 15 ਡਿਗਰੀ ਸੈਲਸੀਅਸ ਅਤੇ ਘਟੋ-ਘੱਟ ਚਾਰ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਤਾਪਮਾਨ ਵਿੱਚ ਕੋਈ ਖਾਸ ਫ਼ਰਕ ਨਹੀਂ ਪਵੇਗਾ। ਆਉਣ ਵਾਲੇ ਦਿਨਾਂ ਵਿੱਚ ਧੁੰਦ ਲੋਕਾਂ ਦੀਆਂ ਮੁਸ਼ਕਲਾਂ ਵਧਾ ਸਕਦੀ ਹੈ ਅਤੇ ਦਿਨ ਦੌਰਾਨ ਕੁਝ ਸਮੇਂ ਲਈ ਹਲਕੇ ਬੱਦਲ ਵੀ ਛਾਏ ਰਹਿ ਸਕਦੇ ਹਨ। ਹਾਲਾਂਕਿ ਕੁਝ ਸਮੇਂ ਲਈ ਧੁੱਪ ਨਿਕਲਣ ਦੀ ਵੀ ਸੰਭਾਵਨਾ ਹੈ।