ਨਗਰ ਕੌਂਸਲ ਵੱਲੋਂ ਜਨਤਕ ਥਾਵਾਂ ’ਤੇ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ
ਪੱਤਰ ਪ੍ਰੇਰਕ
ਮਾਛੀਵਾੜਾ, 20 ਜੁਲਾਈ
ਨਗਰ ਕੌਂਸਲ ਮਾਛੀਵਾੜਾ ਵਲੋਂ ਸ਼ਹਿਰ ਦਾ ਵਾਤਾਵਰਨ ਸ਼ੁੱਧ ਰੱਖਣ ਲਈ ਅੱਜ ਵੱਖ-ਵੱਖ ਜਨਤਕ ਥਾਵਾਂ ’ਤੇ 1001 ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਸਥਾਨਕ ਗੁਰੂ ਰਵਿਦਾਸ ਪਾਰਕ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਅਤੇ ਕਾਰਜ ਸਾਧਕ ਅਫ਼ਸਰ ਗੁਰਪਾਲ ਸਿੰਘ ਨੇ ਸਾਂਝੇ ਰੂਪ ਵਿੱਚ ਪੌਦੇ ਲਗਾ ਕੇ ਕੀਤੀ। ਇਸ ਮੌਕੇ ਵਿਧਾਇਕ ਦਿਆਲਪੁਰਾ ਅਤੇ ਈਓ ਗੁਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਤਹਿਤ ਵਾਤਾਵਰਨ ਸ਼ੁੱਧਤਾ ਅਤੇ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਇਹ ਪੌਦੇ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦੀਆਂ ਪਾਰਕਾਂ, ਜਾਇਦਾਦਾਂ ਅਤੇ ਹੋਰਨਾਂ ਥਾਵਾਂ ’ਤੇ ਇਹ ਪੌਦੇ ਲਗਾਏ ਜਾਣਗੇ। ਵਿਧਾਇਕ ਦਿਆਲਪੁਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਵਿਚ ਸਹਿਯੋਗ ਦਿੰਦਿਆਂ ਇੱਕ ਪੌਦਾ ਜ਼ਰੂਰ ਲਗਾਉਣ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਪੌਦੇ ਲਗਾਉਣ ਦੇ ਨਾਲ-ਨਾਲ ਇਨ੍ਹਾਂ ਦੀ ਸਾਂਭ-ਸੰਭਾਲ ਵੀ ਜ਼ਰੂਰੀ ਹੈ।
ਬੂਟੇ ਲਗਾ ਕੇ ਵਾਤਾਵਰਨ ਦਿਵਸ ਮਨਾਇਆ
ਖੰਨਾ (ਨਿੱਜੀ ਪੱਤਰ ਪ੍ਰੇਰਕ): ਅੱਜ ਇਥੋਂ ਦੇ ਬੁੱਲ੍ਹੇਪੁਰ ਰੋਡ ਸਥਿਤ ਗੋਲਡਨ ਗ੍ਰੇਨ ਕਲੱਬ ਵਿੱਚ ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ (ਆਈਸਰਾ) ਨੇ ਵਨਿੋਦ ਵਸ਼ਿਸ਼ਟ ਦੀ ਪ੍ਰਧਾਨਗੀ ਹੇਠਾਂ ਵਾਤਾਵਰਨ ਦਿਵਸ ਮਨਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਬੂਟੇ ਲਾ ਕੇ ਪ੍ਰੋਗਰਾਮ ਦਾ ਅਰੰਭ ਕੀਤਾ। ਵਿਧਾਇਕ ਸੌਂਦ ਨੇ ਜ਼ਿੰਦਗੀ ਵਿਚ ਸਿਹਤਮੰਦ ਜੀਵਨ ਜਿਊਣ ਲਈ ਵਾਤਾਵਰਨ ਸ਼ੁੱਧਤਾ ਅਤੇ ਬੂਟੇ ਲਾਉਣ ਦੀ ਮਹੱਤਤਾ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟ੍ਰਾਈ ਸਿਟੀ ਵਾਂਗ ਖੰਨਾ ਸ਼ਹਿਰ ਅਤੇ ਇਸ ਦੇ ਆਲੇ ਦੁਆਲੇ ਵੱਡੀ ਗ੍ਰੀਨ ਬੈਲਟ ਦੀ ਲੋੜ ਹੈ। ਉਨ੍ਹਾਂ ਸਮਾਜ ਸੇਵੀ, ਧਾਰਮਿਕ, ਉਦਯੋਗਿਕ ਤੇ ਟ੍ਰੇਡਰਜ਼ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਇਸ ਕਾਰਜ ਲਈ ਉਹ ਜ਼ੋਰਦਾਰ ਹੰਭਲਾ ਮਾਰਨ। ਇਸ ਮੌਕੇ ਹਾਜ਼ਰ ਸੰਸਥਾਵਾਂ ਦੇ ਅਹੁਦੇਦਾਰਾਂ ਨੇ 500 ਦੇ ਕਰੀਬ ਬੂਟੇ ਗੋਲਡਰ ਗ੍ਰੇਨ ਕਲੱਬ ਦੇ ਪਾਰਕ, ਮਾਰਕਫੈੱਡ ਅਤੇ ਲਕਸ਼ਮੀ ਕੰਢੇ ਦੇ ਆਲੇ ਦੁਆਲੇ ਲਾਏ। ਇਸ ਮੌਕੇ ਸੁਨੀਲ ਅਗਰਵਾਲ, ਮੰਗਤ ਸਿੰਘ, ਸ਼ਾਮ ਲਾਲ ਕਪੂਰ, ਰਾਜ ਗੋਇਲ, ਅਨੁਰਾਗ ਗੁਪਤਾ, ਸੁਸ਼ੀਲ ਕੁਮਾਰ, ਅਸ਼ੋਕ ਅਗਰਵਾਲ, ਨਿਤਨਿ ਵਸ਼ਿਸ਼ਟ, ਹਰਭਜਨ ਸਿੰਘ ਭਾਟੀਆ, ਕਰਨ ਅਰੋੜਾ, ਅਸ਼ੋਕ ਢੰਡ, ਸ਼ਸ਼ੀ ਗੁਪਤਾ, ਗੌਰਵ ਜੈਨ, ਸਿਧਾਰਥ ਧਮੀਜਾ, ਰਜਨੀਸ਼ ਭਾਟੀਆ, ਸੁਸ਼ੀਲ ਸ਼ਰਮਾ, ਬ੍ਰਹਮਾ ਗੋਇਲ, ਰਾਕੇਸ਼ ਸ਼ਰਮਾ, ਹੇਮ ਰਾਜ ਸ਼ਰਮਾ, ਸੁਖਦੇਵ ਸ਼ਰਮਾ ਆਦਿ ਹਾਜ਼ਰ ਸਨ।