ਟੁੱਟੀ ਹੋਈ ਬਿਜਲੀ ਦੀ ਤਾਰ ਦੀ ਲਪੇਟ ਵਿਚ ਆਉਣ ਕਾਰਨ ਬੱਚਾ ਝੁਲਸਿਆ
ਲਾਜਵੰਤ ਸਿੰਘ
ਨਵਾਂਸ਼ਹਿਰ, 4 ਅਗਸਤ
ਪਿੰਡ ਮੁਜ਼ੱਫਰਪੁਰ ਵਿਖੇ ਪਾਵਰਕੌਮ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਕਥਿੱਤ ਅਣਗਹਿਲੀ ਕਾਰਨ 10 ਸਾਲਾ ਬੱਚਾ ਲਵਪ੍ਰੀਤ ਸਿੰਘ ਕਰੰਟ ਲੱਗਣ ਕਾਰਨ ਝੁਲਸ ਗਿਆ। ਲਵਪ੍ਰੀਤ ਨੂੰ ਪਿੰਡ ਵਾਸੀਆਂ ਵਲੋਂ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਹੈ ਜਿੱਥੇ ਕਿ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਸਰਪੰਚ ਪਿਆਰਾ ਸਿੰਘ ਅਤੇ ਕਿਸਾਨ ਆਗੂ ਸੁਰਿੰਦਰ ਸਿੰਘ ਬੈਂਸ ਨੇ ਆਖਿਆ ਕਿ ਪਾਵਰਕੌਮ ਦੀ ਇਕ ਹਾਈ ਵੋਲਟੇਜ ਤਾਰ ਦੇ ਟੁੱਟੇ ਹੋਣ ਸਬੰਧੀ ਸ਼ਿਕਾਇਤ ਉਹਨਾਂ ਵਲੋਂ 31 ਜੁਲਾਈ ਨੂੰ ਪਟਿਆਲਾ ਸਥਿੱਤ ਕੰਪਲੇਂਟ ਸੈਂਟਰ ਵਿਚ ਕਰ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਇਸ ਦੀ ਮੁਰੰਮਤ ਕਰਨ ਲਈ ਨਾ ਪੁੱਜਾ। ਇਕ ਅਗਸਤ ਕਰੀਬ 12:30 ਵਜੇ ਲਵਪ੍ਰੀਤ ਉਕਤ ਤਾਰ ਦੀ ਲਪੇਟ ਵਿਚ ਆਉਣ ਕਰਕੇ ਬੁਰੀ ਤਰਾਂ ਝੁਲਸ ਗਿਆ। ਉਹਨਾਂ ਦੋਸ਼ ਲਾਇਆ ਕਿ ਪਾਵਰਕੌਮ ਦੇ ਅਧਿਕਾਰੀ ਜਾਂ ਮੁਲਾਜ਼ਮਾਂ ਨੇ ਪੀੜਤ ਬੱਚੇ ਦੀ ਸਾਰ ਲੈਣੀ ਵੀ ਮੁਨਾਸਬਿ ਨਹੀਂ ਸਮਝੀ ਜਿਸ ਕਾਰਨ ਉਹਨਾਂ ਵਿਚ ਰੋਸ ਹੈ। ਦੂਸਰੇ ਪਾਸੇ ਐਕਸੀਅਨ ਨਵਾਂਸ਼ਹਿਰ ਨੇ ਕਿਹਾ ਕਿ ਜੋ ਸ਼ਿਕਾਇਤ ਆਨਲਾਈਨ ਕੀਤੀ ਗਈ ਉਹ ਸਵੇਰੇ 5:54 ਵਜੇ ਦੀ ਹੈ ਉਸ ਵਿਚ ਸਿਰਫ ਵੋਲਟੇਜ ਘੱਟ ਆਉਣ ਸਬੰਧੀ ਦੱਸਿਆ ਗਿਆ ਹੈ।