ਮੁੱਖ ਮੰਤਰੀ ਦੀ ਪਤਨੀ ਨੇ ਪਤੀ ਲਈ ਵੋਟਾਂ ਮੰਗੀਆਂ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 11 ਸਤੰਬਰ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਪਤਨੀ ਸੁਮਨ ਸੈਣੀ ਨੇ ਅੱਜ ਬਾਬੈਨ ਇਲਾਕੇ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰਕੇ ਆਪਣੇ ਪਤੀ ਨਾਇਬ ਸਿੰਘ ਸੈਣੀ ਲਈ ਵੋਟਾਂ ਮੰਗੀਆਂ।ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਲਾਡਵਾ ਦੇ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਆਪਣੇ ਉਮੀਦਵਾਰ ਵਜੋਂ ਮੁੱਖ ਮੰਤਰੀ ਦਾ ਚਿਹਰਾ ਮਿਲਿਆ ਹੈ ਜੋ ਹਰ ਸਮੇਂ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨਾਲ ਹਰ ਵੇਲੇ ਖੜ੍ਹਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਦੀ ਰਿਹਾਇਸ਼ ਦੇ ਬੂਹੇ ਰਾਤ ਦੋ ਵਜੇ ਤੱਕ ਵੀ ਖੁੱਲੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ’ਤੇ ਸਾਰੀਆਂ 24 ਫਸਲਾਂ ਖਰੀਦਣ ਵਾਲਾ ਹਰਿਆਣਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ ਤੇ ਕਿਸਾਨਾਂ ਨੂੰ ਵਾਜਬ ਭਾਅ ਦੇਣ ਦੀ ਗਾਰੰਟੀ ਦਿੱਤੀ ਗਈ ਹੈ। ਇਸ ਮੌਕੇ ਉਨ੍ਹਾਂ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਨੇ ਕਾਂਗਰਸ ਦੇ ਰਾਜ ਦੌਰਾਨ ਦਹਿਸ਼ਤ ਦਾ ਮਾਹੌਲ ਵੀ ਦੇਖਿਆ ਹੈ। ਉਨ੍ਹਾਂ ਲੋਕਾਂ ਨੂੰ ਹਰਿਆਣਾ ਵਿੱਚ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ। ਇਸ ਮੌਕੇ ਲਾਡਵਾ ਨਗਰ ਪਾਲਿਕਾ ਪ੍ਰਧਾਨ ਸਾਕਸ਼ੀ ਖੁਰਾਣਾ, ਰਾਜ ਬਾਲਾ ਸੈਣੀ, ਅਨੂੰ ਮਲਿਆਣ, ਸਰਪੰਚ ਸੁਮਨ ਸੈਣੀ ਪ੍ਰਹਿਲਾਦਪੁਰ, ਰਿਸ਼ੀ ਪਾਲ, ਨਰਿੰਦਰ ਦਬਖੇੜਾ, ਗੁਰਦੇਵ ਸ਼ਰਮਾ, ਗੁਰੂ ਦੱਤ ਸ਼ਰਮਾ ਮੌਜੂਦ ਸਨ।