ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣਾਂ ਵਿੱਚ ਹੋਈ ਹਾਰ ਦਾ ‘ਮੰਥਨ’ ਕਰਨਗੇ ਮੁੱਖ ਮੰਤਰੀ

06:04 AM Jun 06, 2024 IST

* ਭਗਵੰਤ ਮਾਨ ਨੇ ਖ਼ੁਫ਼ੀਆ ਵਿੰਗ ਤੋਂ ਰਿਪੋਰਟ ਮੰਗੀ
* ਭਲਕ ਤੋਂ ਵਿਧਾਇਕਾਂ ਤੇ ਪ੍ਰਮੁੱਖ ਅਹੁਦੇਦਾਰਾਂ ਨਾਲ ਮੀਟਿੰਗਾਂ ਸ਼ੁਰੂ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 5 ਜੂਨ
ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਮਿਲੀ ਹਾਰ ਦਾ ‘ਮੈਗਾ ਮੰਥਨ’ ਕਰਨਗੇ। 7 ਜੂਨ ਤੋਂ ਮੁੱਖ ਮੰਤਰੀ ਲੋਕ ਸਭਾ ਹਲਕਾਵਾਰ ਆਪਣੇ ਵਿਧਾਇਕਾਂ ਅਤੇ ਪ੍ਰਮੁੱਖ ਅਹੁਦੇਦਾਰਾਂ ਸਮੇਤ ਚੇਅਰਮੈਨਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਨ। ਅਹਿਮ ਸੂਤਰ ਦੱਸਦੇ ਹਨ ਕਿ ‘ਆਪ’ ਸਰਕਾਰ ਨੇ ਆਪਣੇ ਖ਼ੁਫ਼ੀਆ ਵਿੰਗ ਤੋਂ ਲੋਕ ਸਭਾ ਚੋਣਾਂ ਦੌਰਾਨ ਵਿਧਾਇਕਾਂ ਦੀ ਭੂਮਿਕਾ ਤੇ ਚੋਣਾਂ ਵਿਚ ਰਹੀਆਂ ਕਮੀਆਂ ਬਾਰੇ ਇੱਕ ਰਿਪੋਰਟ ਮੰਗ ਲਈ ਹੈ, ਜੋ ਭਲਕ ਤੱਕ ਮੁੱਖ ਮੰਤਰੀ ਦਫ਼ਤਰ ਪੁੱਜਣ ਦੀ ਸੰਭਾਵਨਾ ਹੈ।
ਸੂਤਰ ਦੱਸਦੇ ਹਨ ਕਿ ਲੋਕ ਸਭਾ ਚੋਣਾਂ ਮਗਰੋਂ ਜੋ ਵੱਡੇ ਪੱਧਰ ’ਤੇ ਰੱਦੋਬਦਲ ਕਰਨ ਅਤੇ ਪੰਜਾਬ ਕੈਬਨਿਟ ਵਿਚ ਫੇਰਬਦਲ ਕੀਤੇ ਜਾਣ ਦੀ ਵਿਉਂਤ ਸੀ, ਉਸ ਨੂੰ ਫ਼ਿਲਹਾਲ ਟਾਲ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਮਿਲੀਆਂ ਘੱਟ ਸੀਟਾਂ ਨੂੰ ਲੈ ਕੇ ਸਮੀਖਿਆ ਕਰਨ ਦੇ ਰੌਂਅ ਵਿਚ ਹੈ। 6 ਜੂਨ ਨੂੰ ਮੁੱਖ ਮੰਤਰੀ ਲੋਕ ਸਭਾ ਚੋਣਾਂ ਵਿੱਚ ਜੇਤੂ ਰਹੇ ਪਾਰਟੀ ਦੇ ਤਿੰਨੇ ਉਮੀਦਵਾਰਾਂ ਗੁਰਮੀਤ ਸਿੰਘ ਮੀਤ ਹੇਅਰ, ਮਲਵਿੰਦਰ ਸਿੰਘ ਕੰਗ ਅਤੇ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮਿਲਣਗੇ।
ਮੁੱਖ ਮੰਤਰੀ 7 ਜੂਨ ਨੂੰ ਲੋਕ ਸਭਾ ਹਲਕਾਵਾਰ ਮੀਟਿੰਗਾਂ ਕਰਨਗੇ ਜਿਨ੍ਹਾਂ ਵਿੱਚ ਪਾਰਟੀ ਦੇ ਕੌਮੀ ਆਗੂ ਸੰਦੀਪ ਪਾਠਕ ਵੀ ਮੌਜੂਦ ਰਹਿਣਗੇ। ਮੀਟਿੰਗਾਂ ਵਿੱਚ ਉਨ੍ਹਾਂ ਕਾਰਨਾਂ ਦੀ ਸਮੀਖਿਆ ਕੀਤੀ ਜਾਣੀ ਹੈ ਜਿਹੜੇ ‘ਆਪ’ ਦੀ ਹਾਰ ਦਾ ਕਾਰਨ ਬਣੇ ਹਨ। ਮੁੱਖ ਮੰਤਰੀ ਦਫ਼ਤਰ ਵੱਲੋਂ ਚੋਣ ਨਤੀਜਿਆਂ ਦੇ ਵਿਸਥਾਰਤ ਵੇਰਵੇ ਤਿਆਰ ਕੀਤੇ ਜਾ ਰਹੇ ਹਨ। ਜਿਨ੍ਹਾਂ ਅਸੈਂਬਲੀ ਹਲਕਿਆਂ ਵਿੱਚ ਨਮੋਸ਼ੀ ਭਰੀ ਹਾਰ ਹੋਈ ਹੈ, ਉਨ੍ਹਾਂ ’ਤੇ ਧਿਆਨ ਦਿੱਤਾ ਜਾਵੇਗਾ।
ਮੌੜ ਹਲਕੇ ਵਿੱਚ ਚੋਣਾਂ ਦੌਰਾਨ ਬਾਜ਼ਾਰ ਬੰਦ ਹੋਣ ਤੋਂ ਮੁੱਖ ਮੰਤਰੀ ਕਾਫ਼ੀ ਨਾਰਾਜ਼ ਦੱਸੇ ਜਾ ਰਹੇ ਹਨ। ਮੌੜ ਮੰਡੀ ਦੇ ਵਾਸੀਆਂ ਨੇ ‘ਆਪ’ ਵਿਧਾਇਕ ਸੁਖਬੀਰ ਸਿੰਘ ਮਾਈਸਰਖਾਨਾ ਦੇ ਵਿਰੋਧ ਵਿੱਚ ਮੰਡੀ ਬੰਦ ਕਰ ਦਿੱਤੀ ਸੀ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੌਰਾਨ ਲੋਕਾਂ ਤੋਂ ਮਿਲੀਆਂ ਸ਼ਿਕਾਇਤਾਂ ਅਤੇ ਮੰਗ ਪੱਤਰਾਂ ’ਤੇ ਆਪਣੇ ਦਫ਼ਤਰ ਨੂੰ ਕੰਮ ਕਰਨ ਲਈ ਆਖ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੀ ਰਿਹਾਇਸ਼ ’ਤੇ ਸਰਕਾਰੀ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਅੱਜ ਉਨ੍ਹਾਂ ਨੇ ਡੀਜੀਪੀ ਗੌਰਵ ਯਾਦਵ ਨਾਲ ਮੀਟਿੰਗ ਕੀਤੀ ਹੈ। ਉਨ੍ਹਾਂ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਪੰਜਾਬ ਕੋਟੇ ਦੀਆਂ ਖ਼ਾਲੀ ਪਈਆਂ ਅਸਾਮੀਆਂ ਭਰਨ ਵਾਰੇ ਵੀ ਰਿਪੋਰਟ ਮੰਗੀ ਹੈ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਿਚ ਪਈਆਂ ਖ਼ਾਲੀ ਅਸਾਮੀਆਂ ਵੀ ਭਰੀਆਂ ਜਾਣੀਆਂ ਹਨ। ਉਨ੍ਹਾਂ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਲਈ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਦੀ ਮੀਟਿੰਗ ਵੀ ਬੁਲਾ ਲਈ ਹੈ। ਮੁੱਖ ਮੰਤਰੀ ਨੇ ਵੱਖ ਵੱਖ ਵਿਭਾਗਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਨ ਵਾਸਤੇ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

Advertisement
Advertisement